ਗੁਰਬਾਣੀ ਦੀ ਸਰਲ ਵਆਿਖਆਿ ਭਾਗ (387)
ਮਾਝ ਮਹਲਾ 5 ਘਰੁ 1 ॥
ਅੰਤਰਿ ਅਲਖੁ ਨ ਜਾਈ ਲਖਿਆ ॥ ਨਾਮੁ ਰਤਨੁ ਲੈ ਗੁਝਾ ਰਖਿਆ ॥
ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥1॥
ਅਦ੍ਰਿਸ਼ਟ ਪਰਮਾਤਮਾ, ਹਰੇਕ ਜੀਵ ਦੇ ਅੰਦਰ ਵਸਦਾ ਹੈ, ਪਰ ਹਰੇਕ ਜੀਵ, ਉਸ ਪ੍ਰਭੂ ਦੀ ਹੋਂਦ ਨੂੰ ਆਪਣੇ ਅੰਦਰ ਸਮਝ ਨਹੀਂ ਸਕਦਾ। ਹਰੇਕ ਜੀਵ ਦੇ ਅੰਦਰ ਪਰਮਾਤਮਾ ਦਾ ਸ੍ਰੇਸ਼ਟ, ਅਮੋਲਕ ਨਾਮ ਮੌਜੂਦ ਹੈ, ਪਰਮਾਤਮਾ ਨੇ ਹਰੇਕ ਦੇ ਅੰਦਰ ਲੁਕਾ ਕੇ ਰੱਖ ਦਿੱਤਾ ਹੈ, ਹਰੇਕ ਜੀਵ ਨੂੰ ਉਸ ਦੀ ਕਦਰ ਨਹੀਂ। ਸਭ ਜੀਵਾਂ ਦੇ ਅੰਦਰ ਵਸਦਾ ਹੋਇਆ ਵੀ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਜੀਵਾਂ ਦੇ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੀ ਆਤਮਕ ਉਡਾਰੀ ਤੋਂ ਉੱਚਾ ਹੈ। ਹਾਂ ਗੁਰੂ ਦੇ ਸ਼ਬਦ ਵਿਚ ਜੁੜਿਆਂ ਜੀਵ ਨੂੰ ਆਪਣੇ ਅੰਦਰ ਉਸ ਦੀ ਹੋਂਦ ਦੀ ਸਮਝ ਆ ਸਕਦੀ ਹੈ।1।
ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ ॥
ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥1॥ ਰਹਾਉ ॥
ਮੈਂ ਉਨ੍ਹਾਂ ਮਨੁੱਖਾਂ ਤੋਂ ਸਦਾ ਸਦਕੇ, ਕੁਰਬਾਨ ਹਾਂ, ਜਿਹੜੇ ਮਨੁੱਖਾ ਜਨਮ ਵਿਚ ਆ ਕੇ ਆਪ ਪ੍ਰਭੂ ਦਾ ਨਾਮ ਸੁਣਦੇ ਹਨ ਤੇ ਹੋਰਨਾਂ ਨੂੰ ਵੀ ਸੁਣਾਂਦੇ ਹਨ। ਸਦਾ-ਥਿਰ ਪ੍ਰਭੂ ਨੇ ਜਿਨ੍ਹਾਂ ਨੂੰ ਆਪਣੇ ਨਾਮ ਦਾ ਸਹਾਰਾ ਦਿੱਤਾ ਹੈ, ਉਹ ਸੰਤ-ਜਨ ਬਣ ਗਏ, ਉਹ ਉਸ ਦੇ ਪਿਆਰੇ ਹੋ ਗਏ, ਉਨ੍ਹਾਂ ਵਡ-ਭਾਗੀਆਂ ਨੇ ਪ੍ਰਭੂ ਦਾ ਦਰਸ਼ਨ ਪਾ ਲਿਆ, ਉਸ ਦਾ ਸਿਧਾਂਤ ਸਮਝ ਲਿਆ।1।ਰਹਾਉ।
ਸਾਧਿਕ ਸਿਧ ਜਿਸੈ ਕਉ ਫਿਰਦੇ ॥ ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥
ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿiਲ ਹਿਰਦੈ ਗਾਵਣਿਆ ॥2॥
ਜੋਗ-ਸਾਧਨ ਕਰਨ ਵਾਲੇ ਜੋਗੀ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜਿਸ ਪ੍ਰਭੂ ਦੀ ਪ੍ਰਾਪਤੀ ਲਈ, ਜੰਗਲਾਂ-ਪਹਾੜਾਂ ਵਿਚ ਭਟਕਦੇ ਫਿਰਦੇ ਹਨ, ਬ੍ਰ੍ਹਹਮਾ ਇੰਦ੍ਰ ਆਦਿ ਦੇਵਤੇ ਜਿਸ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ, ਤੇਤੀ ਕ੍ਰੋੜ ਦੇਵਤੇ ਵੀ ਉਸ ਦੀ ਭਾਲ ਕਰਦੇ ਹਨ, ਪਰ ਦੀਦਾਰ ਨਹੀਂ ਹੁੰਦੇ। ਵਡਭਾਗੀ ਮਨੁੱਖ, ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿਚ ਉਸ ਦੇ ਗੁਣ ਗਾਂਦੇ ਹਨ।2।
ਆਠ ਪਹਰ ਤੁਧੁ ਜਾਪੇ ਪਵਨਾ ॥ ਧਰਤੀ ਸੇਵਕ ਪਾਇਕ ਚਰਨਾ ॥
ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥3॥
ਹੇ ਪ੍ਰਭੂ ਤੇਰੀ ਬਣਾਈ ਹੋਈ ਹਵਾ ਅੱਠੇ ਪਹਰ ਤੇਰੇ ਹੁਕਮ ਵਿਚ ਤੁਰਦੀ ਹੈ, ਤੇਰੀ ਪੈਦਾ ਕੀਤੀ ਹੋਈ ਧਰਤੀ, ਤੇਰੇ ਚਰਨਾਂ ਦੀ ਦਾਸੀ ਹੈ। ਚੌਹਾਂ ਖਾਣੀਆਂ ਵਿਚ ਜੰਮੇ ਹੋਏ ਤੇ ਭਾਂਤ ਭਾਂਤ ਦੀਆਂ ਬੋਲੀਆਂ ਬੋਲਣ ਵਾਲੇ ਸਭ ਜੀਵਾਂ ਦੇ ਅੰਦਰ ਤੂੰ ਵੱਸ ਰਿਹਾ ਹੈਂ, ਤੂੰ ਸਭ ਜੀਵਾਂ ਦੇ ਮਨ ਵਿਚ ਪਿਆਰਾ ਲਗਦਾ ਹੈਂ।3।
ਸਾਚਾ ਸਾਹਿਬੁ ਗੁਰਮੁਖਿ ਜਾਪੈ ॥ ਪੂਰੇ ਗੁਰ ਕੇ ਸਬਦਿ ਸਿਞਾਪੈ ॥
ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥4॥
ਹੇ ਭਾਈ, ਮਾਲਕ ਪ੍ਰਭੂ ਸਦਾ ਕਾਇਮ ਰਹਣ ਵਾਲਾ ਹੈ, ਗੁਰੂ ਦੀ ਸਰਨ ਪਿਆਂ ਉਸ ਦੀ ਸੂਝ ਆਉਂਦੀ ਹੈ, ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉਸ ਨਾਲ ਜਾਣ-ਪਛਾਣ ਬਣਦੀ ਹੈ। ਜਿਨ੍ਹਾਂ ਮਨੁੱਖਾਂ ਨੇ ਉਸ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹੀ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜੇ ਹਨ।4।
ਤਿਸੁ ਘਰਿ ਸਹਜਾ ਸੋਈ ਸੁਹੇਲਾ ॥ ਅਨਦ ਬਿਨੋਦ ਕਰੇ ਸਦ ਕੇਲਾ ॥
ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥ 5॥
ਜਿਹੜਾ ਮਨੁੱਖ ਗੁਰੂ ਦੇ ਚਰਨਾਂ ਨਾਲ ਆਪਣਾ ਮਨ ਜੋੜਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਹ ਮਨੁੱਖ, ਸੁਖੀ ਜੀਵਨ ਬਤੀਤ ਕਰਦਾ ਹੈ, ਉਹ ਸਦਾ ਆਤਮਕ ਖੁਸ਼ੀਆਂ, ਆਤਮਕ ਆਨੰਦ ਮਾਣਦਾ ਹੈ। ਉਹ ਮਨੁੱਖ ਅਸਲ-ਧਨ ਦਾ ਮਾਲਕ ਹੋ ਗਿਆ ਹੈ, ਉਹ ਮਨੁੱਖ, ਵਡਾ ਸ਼ਾਹ ਬਣ ਗਿਆ ਹੈ।5।
ਪਹਿਲੋ ਦੇ ਤੈਂ ਰਿਜਕੁ ਸਮਾਹਾ ॥ ਪਿਛੋ ਦੇ ਤੈਂ ਜੰਤੁ ਉਪਾਹਾ ॥
ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥6॥
ਹੇ ਪ੍ਰਭੂ, ਜੀਵ ਨੂੰ ਪੈਦਾ ਕਰਨ ਤੋਂ ਪਹਿਲਾਂ ਤੂੰ ਉਸ ਦੇ ਰਿਜਕ ਦਾ ਪ੍ਰਬੰਧ ਕਰਦਾ ਹੈਂ, ਉਸ ਦੀ ਮਾਂ ਦੇ ਥਣਾਂ ਵਿਚ, ਦੁੱਧ ਪੈਦਾ ਕਰਦਾ ਹੈਂ, ਫਿਰ ਤੂੰ ਜੀਵ ਨੂੰ ਪੈਦਾ ਕਰਦਾ ਹੈਂ। ਹੇ ਸਵਾਮੀ, ਤੇਰੇ ਜੇਡਾ ਵੱਡਾ, ਹੋਰ ਕੋਈ ਦਾਤਾ ਨਹੀਂ ਹੈ, ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ।6।
ਜਿਸੁ ਤੂੰ ਤੁਠਾ ਸੋ ਤੁਧੁ ਧਿਆਏ ॥ ਸਾਧ ਜਨਾ ਕਾ ਮੰਤ੍ਰ ਕਮਾਏ ॥
ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ ॥7॥
ਹੇ ਪ੍ਰਭੂ, ਜਿਸ ਮਨੁੱਖ ਉੱਤੇ ਤੂੰ ਖੁਸ਼ ਹੁੰਦਾ ਹੈਂ, ਉਹ ਤੇਰਾ ਧਿਆਨ ਰੱਖਦਾ ਹੈ, ਉਹ ਉਨ੍ਹਾਂ ਗੁਰਮੁਖਾਂ ਦਾ ਉਪਦੇਸ਼ ਕਮਾਂਦਾ ਹੈ, ਜਿਨ੍ਹਾਂ ਆਪਣੇ ਮਨ ਨੂੰ ਸਾਧਿਆ ਹੋਇਆ ਹੈ। ਉਹ ਮਨੁੱਖ ਸੰਸਾਰ-ਸਮੁੰਦਰ ਵਿਚੋਂ ਆਪ ਪਾਰ ਲੰਘ ਜਾਂਦਾ ਹੈ ਤੇ ਆਪਣੇ ਸਾਰੇ ਸਤ-ਸੰਗੀਆਂ ਨੂੰ ਵੀ ਪਾਰ ਲੰਘਾ ਲੈਂਦਾ ਹੈ, ਤੇਰੀ ਹਜ਼ੂਰੀ ਵਿਚ ਪਹੁੰਚਣ ਦੇ ਰਾਹ ਵਿਚ ਉਸ ਨੂੰ ਕੋਈ ਰੋਕ ਨਹੀਂ ਪਾ ਸਕਦਾ।7।
ਤੂੰ ਵਡਾ ਤੂੰ ਊਚੋ ਊਚਾ ॥ ਤੂੰ ਬੇਅੰਤੁ ਅਤਿ ਮੂਚੋ ਮੂਚਾ ॥
ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ॥8॥1॥35॥
ਹੇ ਪ੍ਰਭੂ, ਤਾਕਤ ਤੇ ਸਮਰਥਾ ਵਿਚ ਤੂੰ ਸਭ ਤੋਂ ਵੱਡਾ ਹੈਂ, ਆਤਮਕ ਉੱਚਤਾ ਵਿਚ ਤੂੰ ਸਭ ਤੋਂ ਉੱਚਾ ਹੈਂ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੂੰ ਬੇਅੰਤ ਵਡੀ ਹਸਤੀ ਵਾਲਾ ਹੈਂ। ਹੇ ਨਾਨਕ ਆਖ, ਹੇ ਪ੍ਰਭੂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਦਾਸਾਂ ਦਾ ਦਾਸ ਹਾਂ। 8।1।35।
( ਵਿਚਾਰਨ ਵਾਲੀ ਗਲ ਹੈ ਕਿ ਨਾਨਕ ਜੀ, ਪਰਮਾਤਮਾ ਨੂੰ ਸੰਬੋਧਤ ਹੋ ਕੇ ਕੀ ਆਖ ਰਹੇ ਹਨ ਅਤੇ ਅਸੀਂ ਉਨ੍ਹਾਂ ਤੋਂ ਕੀ ਸੇਧ ਲੈ ਰਹੇ ਹਾਂ ?)
ਚੰਦੀ ਅਮਰ ਜੀਤ ਸਿੰਘ (ਚਲਦਾ)