ਗੁਰਬਾਣੀ ਦੀ ਸਰਲ ਵਆਿਖਆਿ ਭਾਗ (388)
ਮਾਝ ਮਹਲਾ 5 ॥
ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥ ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥
ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥1॥
ਉਹ ਕਿਹੜਾ ਮਨੁੱਖ ਹੈ ਜੋ, ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ? ਤੇ ਪ੍ਰਭੂ ਚਰਨਾਂ ਵਿਚ ਜੁੜਿਆ ਰਹਿੰਦਾ ਹੈ ?
ਉਹ ਕਿਹੜਾ ਮਨੁੱਖ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ? ਤੇ ਉਸ ਦੀ ਸਿਫਤ-ਸਾਲਾਹ ਕਰਦਾ ਰਹਿੰਦਾ ਹੈ ?
ਸੁਚੱਜਾ ਗ੍ਰਿਹਸਤੀ ਕੌਣ ਹੋ ਸਕਦਾ ਹੈ ? ਮਾਇਆ ਤੋਂ ਨਿਰਲੇਪ ਕੌਣ ਹੈ ? ਉਹ ਕਿਹੜਾ ਮਨੁੱਖ ਹੈ ਜੋ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ ?।1।
ਕਿiਨ ਬਿiਧ ਬਾਧਾ ਕਿiਨ ਬਿiਧ ਛੂਟਾ ॥ ਕਿiਨ ਬਿiਧ ਆਵਣੁ ਜਾਵਣੁ ਤੂਟਾ ॥
ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥2॥
ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਕਿਵੇਂ ਬੱਝ ਜਾਂਦਾ ਹੈ ? ਤੇ ਕਿਵੇਂ ਉਨ੍ਹਾਂ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ ? ਕਿਸ ਤਰੀਕੇ ਨਾਲ ਜਨਮ-ਮਰਨ ਦਾ ਗੇੜ ਮੁੱਕਦਾ ਹੈ ? ਸੁਚੱਜੇ ਕੰਮ ਕਿਹੜੇ ਹਨ ? ਉਹ ਕਿਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਵੀ ਵਾਸਨਾ-ਰਹਿਤ ਹੈ ? ਉਹ ਕਿਹੜਾ ਮਨੁੱਖ ਹੈ ਜੋ ਆਪ ਸਿਫਤ-ਸਾਲਾਹ ਕਰਦਾ ਹੈ ਤੇ ਹੋਰਨਾਂ ਪਾਸੋਂ ਵੀ ਕਰਾਂਦਾ ਹੈ ?।2।
ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥ ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ ॥
ਕਿiਨ ਬਿiਧ ਮਿਲੀਐ ਕਿiਨ ਬਿiਧ ਬਿਛੁਰੈ ਇਹ ਬਿiਧ ਕਉਣੁ ਪ੍ਰਗਟਾਏ ਜੀਉ ॥3॥
ਸੁਖੀ ਜੀਵਨ ਵਾਲਾ ਕੌਣ ਹੈ ? ਕੌਣ ਦੁੱਖਾਂ ਵਿਚ ਘਿਿਰਆ ਹੋਇਆ ਹੈ ? ਮਨਮੁਖ ਕਿਸ ਨੂੰ ਕਿਹਾ ਜਾਂਦਾ ਹੈ ? ਬੇਮੁਖ ਕਿਸ ਨੂੰ ਆਖੀਦਾ ਹੈ ? ਪ੍ਰਭੂ ਚਰਨਾਂ ਵਿਚ ਕਿਸ ਤਰ੍ਹਾਂ ਮਿਲ ਸਕੀਦਾ ਹੈ ? ਮਨੁੱਖ, ਪ੍ਰਭੂ ਤੋਂ ਕਿਵੇਂ ਵਿਛੁੜ ਜਾਂਦਾ ਹੈ ? ਇਹ ਜਾਚ ਕੌਣ ਸਿਖਾਂਦਾ ਹੈ ?।3।
ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥ ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥
ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿiਨ ਬਿiਧ ਕੀਰਤਨੁ ਗਾਏ ਜੀਉ ॥4॥
ਉਹ ਕਿਹੜਾ ਸ਼ਬਦ ਹੈ, ਜਿਸ ਦੀ ਰਾਹੀਂ ਵਿਕਾਰਾਂ ਵੱਲ ਦੌੜਦਾ ਮਨ ਟਿਕ ਜਾਂਦਾ ਹੈ ? ਉਹ ਕਿਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ-ਸੁਖ ਇਕੋ ਜਿਹਾ ਸਹਾਰ ਸਕਦਾ ਹੈ ? ਉਹ ਕਿਹੜਾ ਜੀਵਨ-ਢੰਗ ਹੈ ਜਿਸ ਨਾਲ ਮਨੁੱਖ, ਪਰਮਾਤਮਾ ਨੂੰ ਸਿਮਰ ਸਕੇ ? ਕਿਸ ਤਰ੍ਹਾਂ ਪਰਮਾਤਮਾ ਦੀ ਸਿਫਤ-ਸਾਲਾਹ ਕਰਦਾ ਰਹੇ ?।4।
ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥ ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥
ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥5॥
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ, ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ। ਗੁਰੂ ਦੀ ਸਰਨ ਵਿਚ ਰਹਣ ਵਾਲਾ ਮਨੁੱਖ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਪ੍ਰਭੂ ਦੀ ਸਿਫਤ- ਸਾਲਾਹ ਕਰਦਾ ਹੈ। ਗੁਰੂ ਦੇ ਸਨਮੁਖ ਰਹਣ ਵਾਲਾ ਮਨੁੱਖ ਹੀ ਸੁਚੱਜਾ ਭਾਗਾਂ ਵਾਲਾ ਗ੍ਰਿਹਸਤੀ ਹੈ। ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਉਹੀ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ।5।
ਹਉਮੈ ਬਾਧਾ ਗੁਰਮੁਖਿ ਛੂਟਾ ॥ ਗੁਰਮੁਖਿ ਆਵਣੁ ਜਾਵਣੁ ਤੂਟਾ ॥
ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥6॥
ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ, ਆਪਣੀ ਹੀ ਹਉਮੈ ਦੇ ਕਾਰਨ ਮਾਇਆ ਦੇ ਬੰਧਨਾਂ ਵਿਚ ਬੱਝ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ, ਇਨ੍ਹਾਂ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਿਆਂ, ਮਨੁੱਖ ਦਾ ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ। ਗੁਰੂ ਦੇ ਸਨਮੁਖ ਰਹਿ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ। ਗੁਰੂ ਦੇ ਸਨਮੁੱਖ ਰਹਣ ਵਾਲਾ ਮਨੁੱਖ ਦੁਨੀਆ ਦੀ ਕਿਰਤ- ਕਾਰ ਕਰਦਾ ਹੋਇਆ ਹੀ ਵਾਸਨਾ ਰਹਤ ਰਹਿੰਦਾ ਹੈ। ਅਜਿਹਾ ਮਨੁੱਖ ਜੋ ਕੁਝ ਵੀ ਕਰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਕਰਦਾ ਹੈ।6।
ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿiਧ ਪ੍ਰਗਟਾਏ ਜੀਉ ॥7॥
ਗੁਰੂ ਦੇ ਸਨਮੁਖ ਰਹਣ ਵਾਲਾ ਮਨੁੱਖ, ਸੁਖੀ ਜੀਵਨ ਵਾਲਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਦੁਖੀ ਰਹਿੰਦਾ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ, ਪਰਮਾਤਮਾ ਵੱਲ ਮੂੰਹ ਰੱਖਣ ਵਾਲਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਰੱਬ ਵਲੋਂ ਮੂੰਹ ਮੋੜੀ ਰੱਖਦਾ ਹੈ। ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਨੂੰ ਮਿਲ ਸਕੀਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਵਿੱਛੜ ਜਾਂਦਾ ਹੈ। ਗੁਰੂ ਦੇ ਸਨਮੁਖ ਰਹਣ ਵਾਲਾ ਮਨੁੱਖ ਹੀ ਸਹੀ ਜੀਵਨ ਦੀ ਜਾਂਚ ਸਿਖਾਂਦਾ ਹੈ।7।
ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥ ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥
ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥8॥
ਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਉਹ ਬੋਲ ਹੈ, ਜਿਸ ਦੀ ਬਰਕਤ ਨਾਲ ਵਿਕਾਰਾਂ ਵੱਲ ਦੌੜਦਾ ਮਨ ਖਲੋ ਜਾਂਦਾ ਹੈ, ਗੁਰੂ ਤੋਂ ਮਿiਲਆ ਉਪਦੇਸ਼ ਹੀ ਇਹ ਸਮਰਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ ਦੁੱਖ-ਸੁਖ ਨੂੰ ਇਕੋ ਜਿਹਾ ਕਰ ਕੇ ਸਹਾਰਦਾ ਹੈ। ਗੁਰੂ ਦੇ ਰਾਹ ਤੇ ਤੁਰਨਾ ਹੀ ਅਜਿਹੀ ਜੀਵਨ ਚਾਲ ਹੈ, ਜਿਸ ਦੀ ਰਾਹੀਂ ਮਨੁੱਖ, ਪਰਮਾਤਮਾ ਦਾ ਧਿਆਨ ਧਰ ਸਕਦਾ ਹੈ ਤੇ ਪਰਮਾਤਮਾ ਦੀ ਸਿਫਤ-ਸਾਲਾਹ ਕਰਦਾ ਹੈ।8।
ਸਗਲੀ ਬਣਤ ਬਣਾਈ ਆਪੇ ॥ ਆਪੇ ਕਰੇ ਕਰਾਏ ਥwpy ॥
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥ 9॥2॥36॥
ਪਰ ਗੁਰਮੁੱਖ ਤੇ ਮਨਮੁਖ, ਇਹ ਸਾਰੀ ਬਣਤਰ ਪਰਮਾਤਮਾ ਨੇ ਆਪ ਹੀ ਬਣਾਈ ਹੈ, ਸਭ ਜੀਵਾਂ ਵਿਚ ਵਿਆਪਕ ਹੋ ਕੇ, ਉਹ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਪਾਸੋਂ ਕਰਾਂਦਾ ਹੈ, ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ। ਹੇ ਨਾਨਕ, ਉਹ ਆਪ ਹੀ ਆਪਣੇ ਇਕ ਸਰੂਪ ਤੋਂ ਬੇਅੰਤ ਰੂਪਾਂ-ਰੰਗਾਂ ਵਾਲਾ ਬਣਿਆ ਹੋਇਆ ਹੈ। ਇਹ ਸਾਰਾ ਬਹੁ-ਰੰਗੀ ਜਗਤ ਉਸ ਇਕ ਵਿਚ ਹੀ ਲੀਨ ਹੋ ਜਾਂਦਾ ਹੈ।9।2।36।
ਚੰਦੀ ਅਮਰ ਜੀਤ ਸਿੰਘ (ਚਲਦਾ)