ਗੁਰਬਾਣੀ ਦੀ ਸਰਲ ਵਆਿਖਆਿ ਭਾਗ (389)
ਮਾਝ ਮਹਲਾ 5 ॥
ਪ੍ਰਭੁ ਅਬਿਨਾਸੀ ਤਾ ਕਿਆ ਕਾੜਾ ॥ ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ ॥
ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥1॥
ਜਿਸ ਮਨੁੱਖ ਨੂੰ ਇਹ ਯਕੀਨ ਹੋਵੇ ਕਿ ਮੇਰੇ ਸਿਰ ਉੱਪਰ ਅਬਿਨਾਸੀ ਪ੍ਰਭੂ ਰਾਖਾ ਹੈ, ਉਸ ਨੂੰ ਕੋਈ ਚਿੰਤਾ-ਫਿਕਰ ਨਹੀਂ ਹੁੰਦਾ। ਜਦੋਂ ਮਨੁੱਖ ਨੂੰ ਇਹ ਨਿਸਚਾ ਹੋਵੇ ਕਿ ਸਭ ਸੁਖਾਂ ਦਾ ਮਾਲਕ ਹਰੀ, ਮੇਰਾ ਰਾਖਾ ਹੈ, ਤਾਂ ਉਹ ਬਹੁਤ ਸੌਖਾ ਜੀਵਨ ਬਤੀਤ ਕਰਦਾ ਹੈ। ਹੇ ਪ੍ਰਭੂ, ਜਿਸ ਨੂੰ ਇਹ ਨਿਸਚਾ ਹੈ ਕਿ ਤੂੰ ਜਿੰਦ ਦਾ, ਪ੍ਰਾਣਾਂ ਦਾ, ਮਨ ਦਾ ਸੁਖ ਦਾਤਾ ਹੈਂ, ਤੇ ਤੂੰ ਜੋ ਕੁਝ ਕਰਦਾ ਹੈਂ, ਉਹੀ ਹੁੰਦਾ
ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ।1।
ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥
ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥1॥ ਰਹਾਉ ॥
ਹੇ ਪ੍ਰਭੂ, ਮੈਂ ਤੈਥੌਂ ਸਦਕੇ ਹਾਂ ਕੁਰਬਾਨ ਹਾਂ, ਗੁਰੂ ਦੀ ਸਰਨ ਪਿਆਂ ਤੂੰ ਮਨ ਵਿਚ, ਹਿਰਦੇ ਵਿਚ ਪਿਆਰਾ ਲੱਗਣ ਲਗ ਪੈਂਦਾ ਹੈਂ। ਹੇ ਪ੍ਰਭੂ, ਤੂੰ ਮੇਰੇ ਲਈ, ਪਰਬਤ ਸਮਾਨ ਸਹਾਰਾ ਹੈਂ, ਤੂੰ ਮੇਰਾ ਆਸਰਾ ਹੈਂ। ਮੈਂ ਤੇਰੇ ਨਾਲ ਕਿਸੇ ਹੋਰ ਨੁੰ ਬਰਾਬਰੀ ਨਹੀਂ ਦੇ
ਸਕਦਾ।1।ਰਹਾਉ।
ਤੇਰਾ ਕੀਤਾ ਜਿਸੁ ਲਾਗੈ ਮੀਠਾ ॥ ਘਟਿ ਘਟਿ ਪਾਰਬ੍ਰਹਮੁ ਤਿਿਨ ਜਨਿ ਡੀਠਾ ॥
ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥2॥
ਹੇ ਪ੍ਰਭੂ, ਤੂੰ ਪਾਰਬ੍ਰਹਮ, ਹਰੇਕ ਹਿਰਦੇ ਵਿਚ ਵੱਸ ਰਿਹਾ ਹੈਂ। ਜਿਸ ਮਨੁੱਖ ਤੇਰਾ ਭਾਣਾ ਮਿੱਠਾ ਲੱਗਣ ਲਗ ਪੈਂਦਾ ਹੈ, ਉਸ ਮਨੁੱਖ ਨੇ ਤੈਨੂੰ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ। ਹਰੇਕ ਥਾਂ ਵਿਚ ਤੂੰ ਹੀ ਸਿਰਫ ਇਕ ਤੂੰ ਹੀ ਵੱਸ ਰਿਹਾ ਹੈਂ।2।
ਸਗਲ ਮਨੋਰਥ ਤੂੰ ਦੇਵਣਹਾਰਾ ॥ ਭਗਤੀ ਭਾਇ ਭਰੇ ਭੰਡਾਰਾ ॥
ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥3॥
ਹੇ ਪ੍ਰਭੂ, ਸਭ ਜੀਵਾਂ ਦੀਆਂ ਮਨ ਭਾਉਂਦੀਆਂ ਲੋੜਾਂ ਤੂੰ ਹੀ ਪੂਰੀਆਂ ਕਰਨ ਵਾਲਾ ਹੈਂ। ਤੇਰੇ ਘਰ ਵਿਚ ਭਗਤੀ ਦੇ ਧਨ ਨਾਲ, ਪ੍ਰੇਮ-ਧਨ ਨਾਲ ਖਜਾਨੇ ਭਰੇ ਪਏ ਹਨ। ਜਿਹੜੇ ਬੰਦੇ ਤੇਰੀ ਪੂਰੀ ਮਿਹਰ ਨਾਲ, ਤੇਰੇ ਚਰਨਾਂ ਵਿਚ ਲੀਨ ਰਹਿੰਦੇ ਹਨ, ਦਇਆ ਕਰ ਕੇ ਉਨ੍ਹਾਂ ਨੂੰ ਤੂੰ ਮਾਇਆ ਦੇ ਹੱਲਿਆਂ ਤੋਂ ਬਚਾ ਲੈਂਦਾ ਹੈਂ।3।
ਅੰਧ ਕੂਪ ਤੇ ਕੰਢੈ ਚਾੜੇ ॥ ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥
ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਨ ਆਵਣਿਆ ॥4॥
ਹੇ ਭਾਈ, ਪਰਮਾਤਮਾ ਆਪਣੇ ਸੇਵਕਾਂ ਉੱਤੇ ਮਿਹਰ ਕਰਦਾ ਹੈ, ਉਨ੍ਹਾਂ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ, ਉਨ੍ਹਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚੋਂ ਬਾਹਰ ਕੰਢੇ ਤੇ ਚੜ੍ਹਾ ਦੇਂਦਾ ਹੈਂ। ਉਹ ਸੇਵਕ ਅਬਿਨਾਸੀ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। ਹੇ ਭਾਈ, ਪ੍ਰਭੂ ਦੇ ਗੁਣ ਬੇਅੰਤ ਹਨ, ਆਖਣ ਨਾਲ, ਸੁਣਨ ਨਾਲ ਉਸ ਦੇ ਗੁਣਾਂ ਦਾ ਖਾਤਮਾ ਨਹੀਂ ਹੋ ਸਕਦਾ ਹੈ।4।
ਐਥੈ ਓਥੈ ਤੂੰਹੈ ਰਖਵਾਲਾ ॥ ਮਾਤ ਗਰਭ ਮਹਿ ਤੁਮ ਹੀ ਪਾਲਾ ॥
ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥5॥
ਹੇ ਪ੍ਰਭੂ, ਇਸ ਲੋਕ ਵਿਚ, ਪਰਲੋਕ ਵਿਚ ਤੂੰ ਹੀ ਸਭ ਜੀਵਾਂ ਦਾ ਰਾਖਾ ਹੈਂ। ਮਾਂ ਦੇ ਪੇਟ ਵਿਚ ਤੂੰ ਹੀ ਜੀਵਾਂ ਦੀ ਪਾਲਣਾ ਕਰਦਾ ਹੈਂ। ਉਨ੍ਹਾਂ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਪੋਹ ਨਹੀਂ ਸਕਦੀ, ਜਿਹੜੇ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੇ ਗੁਣ ਗਾਂਦੇ ਰਹਿੰਦੇ ਹਨ।5।
ਕਿਆ ਗੁਣ ਤੇਰੇ ਆਖਿ ਸਮਾਲੀ ॥ ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥
ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥6॥
ਹੇ ਪ੍ਰਭੂ, ਮੈਂ ਤੇਰੇ ਕਿਹੜੇ ਕਿਹੜੇ ਗੁਣ ਆਖ ਕੇ ਤੈਨੂੰ ਚੇਤੇ ਕਰਾਂ ? ਮੈਂ ਆਪਣੇ ਮਨ ਵਿਚ ਤੇ ਤਨ ਵਿਚ ਤੈਨੂੰ ਹੀ ਵੱਸਦਾ ਵੇਖ ਰਿਹਾ ਹਾਂ। ਹੇ ਪ੍ਰਭੂ, ਤੂੰ ਹੀ ਮੇਰਾ ਮਾਲਕ ਹੈਂ। ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਤੇਰੇ ਵਰਗਾ ਮਿੱਤ੍ਰ ਨਹੀਂ ਸਮਝਦਾ।6।
ਜਿਸ ਕਉ ਤੂੰ ਪ੍ਰਭ ਭਇਆ ਸਹਾਈ ॥ ਤਿਸੁ ਤਤੀ ਵਾਉ ਨ ਲਗੈ ਕਾਈ ॥
ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥7॥
ਹੇ ਪ੍ਰਭੂ, ਜਿਸ ਮਨੁੱਖ ਵਾਸਤੇ ਤੂੰ ਰਾਖਾ ਬਣ ਜਾਂਦਾ ਹੈਂ, ਉਸ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ। ਤੂੰ ਹੀ ਉਸ ਦਾ ਮਾਲਕ ਹੈਂ, ਤੂੰ ਹੀ ਉਸ ਦਾ ਰਾਖਾ ਹੈਂ, ਤੂੰ ਹੀ ਉਸ ਨੂੰ ਸੁਖ ਦੇਣ ਵਾਲਾ ਹੈਂ। ਸਾਧ-ਸੰਗਤ ਵਿਚ ਤੇਰਾ ਨਾਮ ਜਪ ਕੇ ਉਹ ਤੈਨੂੰ ਆਪਣੇ ਹਿਰਦੇ ਵਿਚ ਪਰਤੱਖ ਵੇਖਦਾ ਹੈ।7।
ਤੂੰ ਊਚ ਅਥਾਹੁ ਅਪਾਰੁ ਅਮੋਲਾ ॥ ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥
ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥8॥3॥37॥
ਹੇ ਪ੍ਰਭੂ ਆਤਮਕ ਜੀਵਨ ਵਿਚ ਤੂੰ ਸਭ ਜੀਵਾਂ ਤੋਂ ਉੱਚਾ ਹੈਂ, ਮਾਨੋ ਤੂੰ ਗੁਣਾਂ ਦਾ ਸਮੁੰਦਰ ਹੈਂ, ਜਿਸ ਦੀ ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੇਰਾ ਮੁੱਲ ਨਹੀਂ ਪੈ ਸਕਦਾ, ਕਿਸੇ ਵੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ। ਤੂੰ ਸਦਾ ਕਾਇਮ ਰਹਣ ਵਾਲਾ ਮਾਲਕ ਹੈਂ। ਮੈ ਤੇਰਾ ਦਾਸ ਹਾਂ, ਗੁਲਾਮ ਹਾਂ। ਹੇ ਨਾਨਕ ਆਖ, ਹੇ ਪ੍ਰਭੂ ਤੂੰ ਮੇਰਾ ਮਾਲਕ ਹੈਂ, ਤੇਰੀ ਮਾਲਕੀ ਸਦਾ ਕਾਇਮ ਰਹਣ ਵਾਲੀ ਹੈ, ਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ।8।3।37।
ਚੰਦੀ ਅਮਰ ਜੀਤ ਸਿੰਘ (ਚਲਦਾ)