ਗੁਰਬਾਣੀ ਦੀ ਸਰਲ ਵਿਆਖਿਆ ਭਾਗ (393)
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਸੰਤ ਜਨਾ ਮਿiਲ ਪਾਈਐ ਰਸਨਾ ਨਾਮੁ ਭਣਾ ॥
ਜਿiਨ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿiਚ ਵਣਾ ॥
ਸੋ ਪ੍ਰਭੁ ਚਿiਤ ਨ ਆਵਈ ਕਿਤੜਾ ਦੁਖੁ ਗਣਾ ॥
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥2॥
ਚੇਤ ਵਿਚ ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦਿੰਦੀ ਹੈ, ਜੇ ਪਰਮਾਤਮਾ ਨੂੰ ਸਿਮਰੀਏ ਤਾਂ ਸਿਮਰਨ ਦੀ ਬਰਕਤ ਨਾਲ ਬਹੁਤ ਆਤਮਕ ਆਨੰਦ ਹੋ ਸਕਦਾ ਹੈ।
ਪਰ ਮਨੋਂ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ-ਜਨਾਂ ਦੀ ਸੰਗਤ ਵਿਚ ਹੀ ਪ੍ਰਾਪਤ ਹੁੰਦੀ ਹੈ।
ਓਸੇ ਬੰਦੇ ਨੂੰ ਜਗਤ ਵਿਚ ਜੰਮਿਆ ਜਾਣੋ, ਉਸ ਦਾ ਜਨਮ ਸਫਲਾ ਸਮਝੋ, ਜਿਸ ਨੇ ਸਿਮਰਨ ਦੀ ਮਦਦ ਨਾਲ ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ।
ਕਿਉਂਕਿ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਖਿਨ-ਮਾਤ੍ਰ ਸਮਾ ਗੁਜ਼ਾਰਿਆਂ ਵੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ।
ਜਿਹੜਾ ਪ੍ਰਭੂ ਪਾਣੀ ਵਿਚ, ਧਰਤੀ ਤੇ, ਆਕਾਸ਼ ਵਿਚ, ਜੰਗਲਾਂ ਵਿਚ ਹਰ ਥਾਂ ਮੌਜੂਦ ਹੈ, ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿਚ ਨਾ ਵੱਸੇ, ਤਾਂ ਉਸ ਮਨੁੱਖ ਦਾ ਮਾਨਸਕ ਦੁੱਖ ਬਿਆਨ ਨਹੀਂ ਹੋ ਸਕਦਾ।
ਪਰ ਜਿਨ੍ਹਾਂ ਬੰਦਿਆਂ ਨੇ ਉਸ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਉਨ੍ਹਾਂ ਦਾ ਬੜਾ-ਵੱਡਾ ਭਾਗ ਜਾਗ ਪੈਂਦਾ ਹੈ।
ਨਾਨਕ ਦਾ ਮਨ ਵੀ ਹਰੀ ਦੇ ਦਰਸ਼ਨ ਨੂੰ ਤਾਂਘਦਾ ਹੈ, ਨਾਨਕ ਦੇ ਮਨ ਵਿਚ ਵੀ ਹਰੀ ਦਰਸ਼ਨ ਦੀ ਪਿਆਸ ਹੈ।
ਜਿਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ, ਮੈਂ ਉਸ ਦੇ ਚਰਨੀਂ ਲੱਗਾਂਗਾ।2।
ਚੰਦੀ ਅਮਰ ਜੀਤ ਸਿੰਘ (ਚਲਦਾ)