ਗੁਰਬਾਣੀ ਦੀ ਸਰਲ ਵਿਆਖਿਆ ਭਾਗ (394)
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥ 3॥
ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ-ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਵੈਸਾਖ ਵਿਚ ਉਨ੍ਹਾਂ ਇਸਤ੍ਰੀਆਂ ਦਾ ਮਨ ਕਿਵੇਂ ਖਲੋਵੇ ? ਜੋ ਪਤੀ ਤੋਂ ਵਿਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ, ਪਿਆਰ ਦੇ ਪ੍ਰਗਟਾਵੇ ਦੀ ਅਣਹੋਂਦ ਹੈ, ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ? ਜਿਸ ਨੂੰ ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ।
ਨਾ ਪੁੱਤ੍ਰ, ਨਾ ਇਸਤ੍ਰੀ, ਨਾ ਧਨ, ਕੋਈ ਵੀ, ਮਨੁੱਖ ਦੇ ਨਾਲ ਨਹੀਂ ਨਿਭਦਾ, ਇਕ ਅਬਿਨਾਸ਼ੀ ਪ੍ਰਭੂ ਹੀ ਅਸਲ ਸਾਥੀ ਹੈ।
ਨਾਸਵੰਤ ਧੰਦੇ ਦਾ ਮੋਹ, ਸਾਰੀ ਲੁਕਾਈ ਨੂੰ ਹੀ ਵਿਆਪ ਰਿਹਾ ਹੈ, ਮਾਇਆ ਦੇ ਮੋਹ ਵਿਚ ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ ਆਤਮਕ ਮੌਤ ਮਰ ਰਹੀ ਹੈ।
ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਵੀ ਕਰਮ ਏਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ, ਉਹ ਉੱਚ ਜੀਵਨ ਦਾ ਅੰਗ ਨਹੀਂ ਬਣ ਸਕਦੇ।
ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਨਹੀਂ ਹੁੰਦਾ।
ਜਿਹੜੇ ਬੰਦੇ, ਪ੍ਰਭੂ-ਪ੍ਰੀਤਮ ਦੀ ਚਰਨੀਂ ਲਗਦੇ ਹਨ, ਉਨ੍ਹਾਂ ਦੀ ਲੋਕ-ਪਰਲੋਕ ਵਿਚ ਚੰਗੀ ਸੋਭਾ ਹੁੰਦੀ ਹੈ।
ਹੇ ਪ੍ਰਭੂ, ਤੇਰੇ ਦਰ ਤੇ ਮੇਰੀ (ਨਾਨਕ ਦੀ) ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਭਰਵਾਂ ਮਿਲਾਪ ਨਸੀਬ ਹੋਵੇ।
ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਵੇ, ਪਰ ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ-ਸੰਤੁ, ਪ੍ਰਭੂ ਮਿਲ ਪਵੇ।3।
ਚੰਦੀ ਅਮਰ ਜੀਤ ਸਿੰਘ (ਚਲਦਾਂ)