ਗੁਰਬਾਣੀ ਦੀ ਸਰਲ ਵਿਆਖਿਆ ਭਾਗ (396)
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਿਖਆਸੁ ॥
ਰੈਣ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥5॥
ਹਾੜ ਦਾ ਮਹੀਨਾ, ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ, ਉਹ ਬੰਦੇ ਹਾੜ ਦੇ ਮਹਨਿੇ ਵਾਙ ਤਪਦੇ-ਕਲਪਦੇ ਰਹਿੰਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ, ਜਿਹੜੇ ਜਗਤ ਦੇ ਸਹਾਰੇ ਪਰਮਾਤਮਾ ਦਾ ਆਸਰਾ ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।
ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਆਸਰੇ ਰਿਹਾਂ ਖੁਆਰ ਹੀ ਹੋਈਦਾ ਹੈ, ਜੋ ਵੀ ਕੋਈ ਹੋਰ ਆਸਰਾ ਤੱਕਦਾ ਹੈ, ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ, ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ।
ਕੁਦਰਤ ਦਾ ਨਿਯਮ ਹੀ ਐਸਾ ਹੈ ਕਿ ਮਨੁੱਖ ਜਿਹਾ ਬੀਜ ਬੀਜਦਾ ਹੈ, ਕੀਤੇ ਕਰਮ ਅਨੁਸਾਰ, ਜਿਹੜਾ ਲੇਖ ਉਸ ਦੇ ਮੱਥੇ ਤੇ ਲਿਿਖਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ।
ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਬੀਤਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ।
ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖਰੂ ਹੁੰਦੇ ਹਨ, ਆਦਰ-ਮਾਣ ਪਾਂਦੇ ਹਨ।
ਹੇ ਪ੍ਰਭੂ, ਤੇਰੇ ਅੱਗੇ ਨਾਨਕ ਦੀ ਬੇਨਤੀ ਹੈ, ਆਪਣੀ ਮਿਹਰ ਕਰ, ਮੇਰੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਬਣੀ ਰਹੇ, ਕਿਉਂਕਿ ਹੇ ਪ੍ਰਭੂ, ਤੈਥੋਂ ਬਗੈਰ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ।
ਜਿਸ ਮਨੁੱਖ ਦੇ ਮਨ ਵਿਚ, ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ ਤਪਦਾ ਹਾੜ ਵੀ ਸੁਹਾਵਣਾ ਜਾਪਦਾ ਹੈ, ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਵੀ ਦੁਖੀ ਨਹੀਂ ਕਰ ਸਕਦੇ।5।
ਚੰਦੀ ਅਮਰ ਜੀਤ ਸਿੰਘ (ਚਲਦਾ)