ਗੁਰਬਾਣੀ ਦੀ ਸਰਲ ਵਿਆਖਿਆ ਭਾਗ (397)
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥
ਬਿiਖਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿiਲ ਸਾਧੂ ਪੀਵਣਹਾਰੁ ॥
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥6॥
ਜਿਵੇਂ ਸਾਵਣ ਵਿਚ ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ ਜੀਵ-ਇਸਤ੍ਰੀ, ਹਰਿਆਵਲੀ ਹੋ ਜਾਂਦੀ ਹੈ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ, ਜਿਸ ਦਾ ਪਿਆਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ।
ਉਸ ਜੀਵ ਦਾ ਮਨ, ਉਸ ਦਾ ਤਨ, ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, ਮਾਇਆ ਦੇ ਨਾਸਵਾਨ ਕੌਤਕ ਉਸ ਨੂੰ ਸਾਰੇ ਸੁਆਹ, ਨਿਕੱਮੇ ਦਿਸਦੇ ਹਨ।
ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲਗਦੀ ਹੈ, ਤਿਵੇਂ ਪ੍ਰਭੂ ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ, ਉਸ ਬੂੰਦ ਨੂੰ ਪੀਣ ਜੋਗਾ ਹੋ ਜਾਂਦਾ ਹੈ, ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਉਸ ਨੂੰ ਮਿੱਠੀਆਂ ਲਗਦੀਆਂ ਹਨ, ਉਹ ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਉਨ੍ਹਾਂ ਗੱਲਾਂ ਨੂੰ ਸੁਣਦਾ ਹੈ।
ਜਿਸ ਪ੍ਰਭੂ ਦੇ ਮੇਲ ਨਾਲ, ਸਾਰਾ ਜਗਤ, ਬਨਸਪਤੀ ਆਦਿ ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ-ਕੁਝ ਕਰਨ ਜੋਗਾ ਹੈ, ਵਿਆਪਕ ਹੈ ਤੇ ਬੇਅੰਤ ਹੈ, ਉਸ ਨੂੰ ਮਿਲਣ ਵਾਸਤੇ, ਮੇਰਾ ਮਨ ਵੀ ਤਾਂਘਦਾ ਹੈ, ਪਰ ਉਹ ਪ੍ਰਭੂ, ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ।
ਮੈਂ ਉਨ੍ਹਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ, ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।
ਹੇ ਨਾਨਕ, ਬੇਨਤੀ ਕਰ ਤੇ ਆਖ, ਹੇ ਪ੍ਰਭੂ, ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ, ਮੇਰੀ ਜਿੰਦ ਨੂੰ ਸਵਾਰਨ ਜੋਗਾ ਹੈਂ।
ਸਾਵਣ ਦਾ ਮਹੀਨਾ ਉਨ੍ਹਾਂ ਭਾਗਾਂ-ਵਾਲੀਆਂ ਜੀਵ-ਇਸਤ੍ਰੀਆਂ ਵਾਸਤੇ, ਖੇੜਾ ਤੇ ਠੰਢ ਲਿਆਣ ਵਾਲਾ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਗਲ ਵਿਚ ਪਰਮਾਤਮਾ ਦਾ ਨਾਮ ਰੂਪੀ ਹਾਰ ਪਾਇਆ ਹੋਇਆ ਹੈ।6।
ਚੰਦੀ ਅਮਰ ਜੀਤ ਸਿੰਘ (ਚਲਦਾ)