ਗੁਰਬਾਣੀ ਦੀ ਸਰਲ ਵਿਆਖਿਆ ਭਾਗ (399)
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥
ਜਿੰਨ੍I ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥8॥
ਹੇ ਮਾਂ, ਭਾਦੋਂ ਦੀ ਹੁਮਸ ਤੇ ਤ੍ਰਾਟਕੇ ਲੰਘਣ ਪਿਛੋਂ, ਅੱਸੂ ਦੀ ਮਿੱਠੀ ਮਿੱਠੀ ਰੁੱਤ ਵਿਚ ਮੇਰੇ ਅੰਦਰ ਪ੍ਰਭੂ-ਪਤੀ ਦੇ ਪਿਆਰ ਦਾ ਉਛਾਲਾ ਆ ਰਿਹਾ ਹੈ, ਮਨ ਤੜਫਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ।
ਮੇਰੇ ਮਨ ਵਿਚ, ਮੇਰੇ ਤਨ ਵਿਚ ਪ੍ਰਭੂ ਦੇ ਦਰਸ਼ਨ ਦੀ ਬੜੀ ਪਿਆਸ ਲੱਗੀ ਹੋਈ ਹੈ, ਚਿੱਤ ਕਰਦਾ ਹੈ ਕਿ ਕੋਈ ਉਸ ਪਤੀ ਨੂੰ ਲਿਆ ਕੇ ਮੇਲ ਕਰਾ ਦੇਵੇ।
ਇਹ ਸੁਣ ਕੇ ਕਿ ਸੰਤ-ਜਨ ਪ੍ਰੇਮ ਵਧਾਣ ਵਿਚ ਮਦਦ ਕਰਿਆ ਕਰਦੇ ਹਨ, ਮੈਂ ਉਨ੍ਹਾਂ ਦੀ ਚਰਨੀਂ ਲੱਗੀ ਹਾਂ।
ਹੇ ਮਾਂ, ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ, ਕਿਉਂਕਿ ਸੁਖ ਆਨੰਦ ਦੀ ਹੋਰ ਕੋਈ ਥਾਂ ਹੀ ਨਹੀਂ ਹੈ।
ਜਿਨ੍ਹਾਂ ਵਡ-ਭਾਗੀਆਂ ਨੇ ਪ੍ਰਭੂ-ਪਿਆਰ ਦਾ ਸਵਾਦ ਇਕ ਵਾਰੀ ਚੱਖ ਲਿਆ ਹੈ, ਉਨ੍ਹਾਂ ਨੂੰ ਮਾਇਆ ਦੇ ਸਵਾਦ ਭੁੱਲ ਜਾਂਦੇ ਹਨ, ਉਹ ਮਾਇਆ ਵਲੋਂ ਰੱਜ ਜਾਂਦੇ ਹਨ, ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ, ਹੇ ਪ੍ਰਭੂ, ਸਾਨੂੰ ਸਦਾ ਆਪਣੇ ਲੜ ਲਾਈ ਰੱਖ।
ਜਿਸ ਜੀਵ ਇਸਤ੍ਰੀ ਨੂੰ ਪ੍ਰਭੂ-ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ ਉਸ ਮਿਲਾਪ ਵਿਚੋਂ ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ, ਕਿਉਂਕਿ ਹੇ ਨਾਨਕ ਉਸ ਨੂੰ ਭਰੋਸਾ ਹੋ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ, ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ। ਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ।
ਅੱਸੂ ਦੀ ਮਿੱਠੀ ਮਿੱਠੀ ਰੁਤ ਵਿਚ ਉਹ ਜੀਵ-ਇਸਤ੍ਰੀਆਂ ਸੁਖ ਵਿਚ ਵਸਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ।8।
ਚੰਦੀ ਅਮਰ ਜੀਤ ਸਿੰਘ (ਚਲਦਾ)