ਗੁਰਬਾਣੀ ਦੀ ਸਰਲ ਵਿਆਖਿਆ ਭਾਗ (401)
ਮੰਘਿiਰ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿiਬ ਮੇਲੜੀਆਹ ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥
ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥
ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥
ਮੰਘਿiਰ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥10॥
ਮੱਘਰ ਦੇ ਠੰਡੇ-ਮਿੱਠੇ ਮਹੀਨੇ ਵਿਚ ਉਹ ਜੀਵ ਇਸਤ੍ਰੀਆਂ ਸੋਹਣੀਆਂ ਲਗਦੀਆਂ ਹਨ, ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਨ੍ਹਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ।
ਸਤ-ਸੰਗੀ ਸਹੇਲੀਆਂ ਦੀ ਸੰਗਤ ਵਿਚ ਪ੍ਰਭੂ ਨਾਲ ਮਨ ਜੋੜ ਕੇ ਉਨ੍ਹਾਂ ਦਾ ਸਰੀਰ, ਉਨ੍ਹਾਂ ਦਾ ਮਨ ਸਦਾ ਖਿਿੜਆ ਰਹਿੰਦਾ ਹੈ।
ਪਰ, ਜਿਹੜੀਆਂ ਜੀਵ ਇਸਤ੍ਰੀਆਂ ਸਤ-ਸੰਗੀਆਂ ਦੀ ਸੰਗਤ ਤੋਂ ਵਾਂਝੀਆਂ ਰਹਿੰਦੀਆਂ ਹਨ, ਉਹ ਇਕੱਲੀਆਂ, ਛੁੱਟੜ ਹੀ ਰਹਿੰਦੀਆਂ ਹਨ, ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਖੇਤ ਵਿਚ ਨਿਖਸਮਾ ਹੀ ਰਹਿੰਦਾ ਹੈ। ਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ ਤੇ ਉਨ੍ਹਾਂ ਦਾ ਵਿਕਾਰਾਂ ਤੋਂ ਉਪਜਿਆ ਦੁੱਖ ਕਦੀ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ।
ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ ਵਿਕਾਰਾਂ ਦੇ ਹੱਲੇ ਵਲੋਂ ਸਦਾ ਸੁਚੇਤ ਦਿਸਦੀਆਂ ਹਨ, ਵਿਕਾਰ ਉਨ੍ਹਾਂ ਤੇ ਚੋਟ ਨਹੀਂ ਕਰ ਸਕਦੇ, ਕਿਉਂਕਿ ਪਰਮਾਤਮਾ ਦੇ ਗੁਣਾਂ ਦੇ ਹੀਰੇ ਜਵਾਹਰ ਤੇ ਲਾਲਾਂ ਵਾਲਾ ਹਾਰ ਉਨ੍ਹਾਂ ਦੇ ਗਲ ਵਿਚ ਪਾਇਆ ਹੁੰਦਾ ਹੈ।
ਨਾਨਕ ਉਨ੍ਹਾਂ ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ, ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ। ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ, ਮੁੜ ਜਨਮ-ਮਰਨ ਦਾ ਗੇੜ ਨਹੀਂ ਬਣਦਾ।10।
ਚੰਦੀ ਅਮਰ ਜੀਤ ਸਿੰਘ (ਚਲਦਾ)