ਗੁਰਬਾਣੀ ਦੀ ਸਰਲ ਵਿਆਖਿਆ ਭਾਗ (404)
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥
ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥
ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥
ਮਿiਲ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥
ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥
ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥13॥
ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਮੌਸਮ ਬਦਲਣ ਤੇ ਫੱਗਣ ਦੇ ਮਹੀਨੇ ਲੋਕ ਰੰਗ-ਤਮਾਸ਼ਿਆਂ ਨਾਲ ਖੁਸ਼ੀਆਂ ਮਨਾਂਦੇ ਹਨ, ਪਰ ਫੱਗਣ ਵਿਚ ਉਨ੍ਹਾਂ ਜੀਵ-ਇਸਤ੍ਰੀਆਂ ਦੇ ਅੰਦਰ ਆਤਮਕ ਅਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ
ਪ੍ਰਤੱਖ ਆ ਵੱਸਦਾ ਹੈ, ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ-ਜਨ ਸਤ-ਸੰਗੀ ਮਿਹਰ ਕਰ ਕੇ ਉਨ੍ਹਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ, ਉਨ੍ਹਾਂ ਦੀ ਹਿਰਦਾ ਸੇਜ ਸੁੰਦਰ ਬਣ ਜਾਂਦੀ ਹੈ, ਉਨ੍ਹਾਂ ਨੂੰ ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ, ਫਿਰ ਦੁੱਖਾਂ ਲਈ ਉਨ੍ਹਾਂ ਦੇ ਹਿਰਦੇ ਵਿਚ ਕਿਤੇ ਰਤਾ ਥਾਂ ਵੀ ਨਹੀਂ ਰਹਿ ਜਾਂਦੀ। ਉਨ੍ਹਾਂ ਵਡਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਨ੍ਹਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ, ਉਹ ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਬਿੰਦ ਦੀ ਸਿਫਤ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਂਦੀਆਂ ਹਨ। ਪਰਮਾਤਮਾ ਜਿਹਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ, ਕੋਈ ਦੂਜਾ ਉਨ੍ਹਾਂ ਨੂੰ ਕਿਤੇ ਦਿਸਦਾ ਹੀ ਨਹੀਂ।
ਉਸ ਪਰਮਾਤਮਾ ਨੇ, ਉਨ੍ਹਾਂ ਸਤ-ਸੰਗੀਆਂ ਦਾ ਲੋਕ-ਪਰਲੋਕ ਸਵਾਰ ਦਿੱਤਾ ਹੈ, ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਲਿਵ-ਲੀਨਤਾ ਵਾਲੀ ਐਸੀ ਥਾਂ ਬਖਸ਼ੀ ਹੈ, ਜੋ ਕਦੇ ਡੋਲਦੀ ਨਹੀਂ।
ਪ੍ਰਭੂ ਨੇ ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਹੱਥ ਦੇ ਕੇ ਰੱਖ ਲਿਆ ਹੈ, ਜਨਮਾਂ ਦੇ ਗੇੜ ਵਿਚ ਉਨ੍ਹਾਂ ਦੀ ਮੁੜ ਦੌੜ-ਭੱਜ ਨਹੀਂ ਹੁੰਦੀ।
ਹੇ ਨਾਨਕ ਆਖ, ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕਾਂ ਗੁਣ ਹਨ, ਅਸੀਂ ਉਨ੍ਹਾਂ ਗੁਣਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ ਜਿਹੜੇ ਜੀਵ ਉਸ ਦੀ ਚਰਨੀਂ ਪੈਂਦੇ ਹਨ, ਉਸ ਦਾ ਆਸਰਾ ਤੱਕਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਜਾਂਦੇ ਹਨ।
ਫੱਗਣ ਦੇ ਮਹੀਨੇ ਵਿਚ, ਹੋਲੀਆਂ ਆਦਿ ਵਿਚੋਂ ਆਨੰਦ ਲੱਭਣ ਦੀ ਥਾਂ, ਉਸ ਪਰਮਾਤਮਾ ਦੀ ਸਦਾ ਸਿਫਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ ਆਪਣੀ ਵਡਿਆਈ ਕਰਾਣ ਦਾ ਰਤਾ ਭਰ ਵੀ ਲੋਭ ਨਹੀਂ ਹੈ, ਇਸ ਵਿਚ ਸਾਡਾ ਹੀ ਭਲਾ ਹੈ।13।
ਚੰਦੀ ਅਮਰ ਜੀਤ ਸਿੰਘ (ਚਲਦਾ)