ਗੁਰਬਾਣੀ ਦੀ ਸਰਲ ਵਿਆਖਿਆ ਭਾਗ (406)
ਮਾਝ ਮਹਲਾ 5 ਦਿਨ ਰੈਣਿ
ੴਸਤਿ ਨਾਮੁ ਗੁਰ ਪ੍ਰਸਾਦਿ ॥
ਪਰਮਾਤਮਾ ਇਕ ਤੇ ਸਿਰਫ ਇਕ ਹੀ ਹੈ। ਉਸ ਦੀ ਕੁਦਰਤ, ਜੋ ਉਸ ਦਾ ਆਪਣਾ ਹੀ ਰੂਪ ਹੈ, ਜਿਸ ਵਿਚੋਂ ਉਸ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਤੇ ਉਸ ਪ੍ਰਭੂ ਦਾ ਹੁਕਮ, ਉਸ ਦੀ ਰਜ਼ਾ, ਉਸ ਦਾ ਨਾਮ, ਇਹ ਸਭ ਸਦੀਵੀ ਸੱਚ ਹੈ। ਇਹ ਸੋਝੀ ਸ਼ਬਦ ਗੁਰੂ ਦੀ ਕਿਰਪਾ, ਮਿਹਰ ਸਦਕਾ ਹੀ ਹੋ ਸਕਦੀ ਹੈ।
ਸੇਵੀ ਸਤਿਗੁਰ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥
ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥
ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥
ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਣ ॥
ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ ॥
ਆਪ ਕਮਾਣੈ ਵਿਛੁੜੀ ਦੋਸੁ ਕਾਹੂ ਦੇਣ ॥
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ ॥
ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥
ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥1॥
ਹੇ ਭੈਣ, ਪ੍ਰਭੂ ਮਿਹਰ ਕਰੇ, ਮੈਂ ਆਪਣੇ ਗੁਰੂ ਦੀ ਸਰਨ ਪਵਾਂ ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ, ਪਰਮਾਤਮਾ ਦਾ ਸਿਮਰਨ ਕਰਦੀ ਰਹਾਂ।
ਆਪਾ ਭਾਵ ਛੱਡ ਕੇ, ਹਉਮੈ ਅਹੰਕਾਰ ਤਿਆਗ ਕੇ, ਮੈਂ ਗੁਰੂ ਦੀ ਸਰਨ ਪਵਾਂ, ਤੇ ਮੂੰਹੋਂ ਉਸ ਅੱਗੇ ਇਹ ਮਿੱਠੇ ਬੋਲ ਬੋਲਾਂ ਕਿ ਹੇ ਸੱਚੇ ਗੁਰੂ ਜੀ ਮੈਨੂੰ ਸੱਜਣ-ਪ੍ਰਭੂ ਮਿਲਾ ਦੇਹ, ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿੱਛੁੜਿਆ ਹੋਇਆ ਹੈ।
ਹੇ ਭੈਣ, ਜਿਹੜੇ ਜੀਵ ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ, ਉਹ ਸੁਖ ਨਾਲ ਨਹੀਂ ਵੱਸ ਸਕਦੇ।
ਮੈਂ ਸਾਰੇ ਧਰਤੀ-ਆਕਾਸ਼ ਖੌਜ ਕੇ ਵੇਖ ਲਿਆ ਹੈ ਕਿ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ।
ਹੇ ਭੈਣ, ਮੈਂ ਆਪਣੇ ਕੀਤੇ ਕਰਮਾਂ ਅਨੁਸਾਰ, ਪ੍ਰਭੂ-ਪਤੀ ਤੋਂ ਵਿੱਛੁੜੀ ਹੋਈ ਹਾਂ, ਮੈਂ ਇਸ ਬਾਰੇ ਕਿਸੇ ਹੋਰ ਨੂੰ ਦoS ਨਹੀਂ ਦੇ ਸਕਦੀ।
ਹੇ ਪ੍ਰਭੂ, ਮਿਹਰ ਕਰ, ਮੇਰੀ ਰੱਖਿਆ ਕਰ, ਤੈਥੋਂ ਬਿਨਾ ਹੋਰ ਕੋਈ ਕੁਝ ਕਰਨ-ਕਰਾਵਣ ਦੀ ਸਮਰੱਥਾ ਨਹੀਂ ਰੱਖਦਾ।
ਹੇ ਹਰੀ, ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿਚ ਰੁਲ ਜਾਈਦਾ ਹੈ, ਇਸ ਦੁੱਖ ਦੇ ਕੀਰਨੇ ਹੋਰ ਕਿਸ ਨੂੰ ਦੱਸੀਏ ?
ਹੇ ਭੈਣ, ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀਂ ਉਸ ਉੱਤਮ-ਪੁਰਖ ਕਰਤਾਰ ਦਾ ਦਰਸ਼ਨ ਕਰਾਂ।1।
ਚੰਦੀ ਅਮਰ ਜੀਤ ਸਿੰਘ (ਚਲਦਾ)