ਗੁਰਬਾਣੀ ਦੀ ਸਰਲ ਵਿਆਖਿਆ ਭਾਗ (409)
ਵਾਰ ਮਾਝ ਕੀ ਤਥਾ ਸਲੋਕ ਮਹਲਾ 1
ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥
ੴਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਪਰਮਾਤਮਾ ਨਿਰਗੁਣ ਰੂਪ ਵਿਚ ਇਕ ਹੀ ਹੈ, ਦੁਨੀਆ ਵਿਚ ਉਸ ਦੇ ਹਜ਼ਾਰਾਂ ਨਾਮ ਹੋਣ ਤੇ ਵੀ ਉਹ ਇਕ ਹੀ ਹੈ।
ਸਰਗੁਣ ਰੂਪ ਵਿਚ ਉਸ ਨੂੰ ਕੁਦਰਤ ਕਿਹਾ ਜਾਂਦਾ ਹੈ, ਜਿਸ ਵਿਚ ਉਸ ਦੇ ਅਨੇਕਾਂ ਰੂਪ ਹਨ, ਉਨ੍ਹਾਂ ਰੂਪਾਂ ਵਿਚ ਉਸ ਇਕ ਨੂੰ ਪਛਾਣਿਆ ਜਾ ਸਕਦਾ ਹੈ, ਮਹਿਸੂਸ ਕੀਤਾ ਜਾ ਸਕਦਾ ਹੈ।
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥8॥
ਹੇ ਨਾਨਕ ਆਖ, ਸਦਾ ਰਹਿਣ ਵਾਲਾ ਸਿਰਫ ਉਹੀ ਇਕ ਹੀ ਹੈ, ਜੋ ਇਨ੍ਹਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ, ਉਸ ਦੀ ਰਚੀ ਹੋਈ ਕੁਦਰਤ ਵਿਚੋਂ ਹੀ ਕੀਤੀ ਜਾ ਸਕਦੀ ਹੈ। ਉਸ ਦੀ ਆਪਣੀ ਕੋਈ ਪਛਾਣ ਨਹੀਂ ਹੈ। ਉਹ ਆਪ ਸਦਾ ਰਹਿਣ ਵਾਲਾਂ ਹੈ, ਉਸਦਾ ਨਾਮ, ਉਸ ਦਾ ਹੁਕਮ ਵੀ ਸਦੀਵੀ ਸੱਚ ਹੈ।
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥5॥
ਕਿਹੋ ਜਿਹੇ ਇਕੱਠ ਨੂੰ ਸਤ-ਸੰਗਤ, ਸੱਚੀ ਸੰਗਤ ਸਮਝਣਾ ਚਾਹੀਦਾ ਹੈ ? ਜਿਸ ਸੰਗਤ ਵਿਚ ਪਰਮਾਤਮਾ ਦੇ ਨਾਮ ਬਾਰੇ ਵਿਚਾਰ ਕੀਤੀ ਜਾਂਦੀ ਹੋਵੇ, ਉਹੀ ਸਤ-ਸੰਗਤ ਹੈ। ਹੇ ਨਾਨਕ ਆਖ, ਪਰਮਾਤਮਾ ਦਾ ਹੁਕਮ, ਪਰਮਾਤਮਾ ਦੀ ਰਜ਼ਾ ਹੀ ਉਸ ਦਾ ਇਕੋ ਇਕ ਨਾਮ ਹੈ, ਇਹ ਗੱਲ ਮੈਨੂੰ ਸ਼ਬਦ ਗੁਰੂ ਨੇ ਦੱਸ ਦਿੱਤੀ ਹੈ।5।
ਉਹ ਸਭ ਕੁਝ ਕਰਨ ਵਾਲਾ ਹੈ, ਅਤੇ ਸੰਸਾਰ ਵਿਚ ਇਕੋ-ਇਕ ਪੁਰਖ ਹੈ ਅਤੇ ਬਾਕੀ ਸਾਰੇ ਜੀਵ ਉਸ ਦੀਆਂ ਇਸਤ੍ਰੀਆਂ ਹਨ। ਇਸ ਬਾਰੇ ਜਾਨਕਾਰੀ ਸ਼ਬਦ-ਗੁਰੂ ਤੋਂ ਹੁੰਦੀ ਹੈ।
ਸਲੋਕੁ ਮ: 1 ॥
ਗੁਰ ਦਾਤਾ ਗੁਰ ਹਿਵੈ ਘਰੁ ਗੁਰ ਦੀਪਕੁ ਤਿਹ ਲੋਇ ॥
ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥1॥
ਸ਼ਬਦ-ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ, ਗੁਰੂ ਹੀ ਠੰਡ ਦਾ ਸੋਮਾ ਹੈ, ਗੁਰੂ ਹੀ ਤ੍ਰਿਲੋਕੀ ਵਿਚ ਚਾਨਣ ਕਰਨ ਵਾਲਾ ਹੈ।
ਹੇ ਨਾਨਕ, ਕਦੇ ਨਾ ਮੁੱਕਣ ਵਾਲਾ ਨਾਮ-ਪਦਾਰਥ ਗੁਰੂ ਤੋਂ ਹੀ ਮਿਲਦਾ ਹੈ। ਜਿਸ ਦਾ ਮਨ ਗੁਰੂ ਵਿਚ ਪਤੀਜ ਜਾਵੇ, ਉਸ ਨੂੰ ਸੁਖ ਹੀ ਸੁਖ ਹੋ ਜਾਂਦਾ ਹੈ।1।
ਮ: 1 ॥
ਪਹਿਲੈ ਪਿਆਰਿ ਲਗਾ ਥਣ ਦੁਧਿ ॥ ਦੂਜੈ ਮਾਇ ਬਾਪ ਕੀ ਸੁਧਿ ॥
ਤੀਜੈ ਭਯਾ ਭਾਭੀ ਬੇਬ ॥ ਚਉਥੈ ਪਿਆਰਿ ਉਪੰਨੀ ਖੇਡ ॥
ਪੰਜਵੈ ਖਾਣ ਪੀਅਣ ਕੀ ਧਾਤੁ ॥ ਛਿਵੈ ਕਾਮੁ ਨ ਪੁਛੈ ਜਾਤਿ ॥
ਸਤਵੈ ਸੰਜਿ ਕੀਆ ਘਰ ਵਾਸੁ ॥ ਅਠਵੈ ਕ੍ਰੋਧੁ ਹੋਆ ਤਨ ਨਾਸੁ ॥
ਨਾਵੈ ਧਉਲੇ ਉਭੇ ਸਾਹ ॥ ਦਸਵੈ ਦਧਾ ਹੋਆ ਸੁਆਹ ॥
ਗਏ ਸਿਗੀਤ ਪੁਕਾਰੀ ਧਾਹ ॥ ਉਡਿਆ ਹੰਸੁ ਦਸਾਏ ਰਾਹ ॥
ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥
ਨਾਨਕ ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ ਡੁਬਾ ਸੰਸਾਰੁ ॥2॥
(ਜੇ ਮਨੁੱਖ ਦੀ ਸਾਰੀ ਉਮਰ ਨੂੰ ਦੱਸ ਹਿੱਸਿਆਂ ਵਿਚ ਵੰਡੀਏ ਤਾਂ ਇਸ ਦੀ ਸਾਰੀ ਉਮਰ ਦੇ ਕੀਤੇ ਕੰਮ ਉੱਦਮਾਂ ਦੀ ਤਸਵੀਰ ਇਉਂ ਬਣਦੀ ਹੈ)
ਪਹਿਲੀ ਅਵਸਥਾ ਵਿਚ ਜੀਵ ਪਿਆਰ ਨਾਲ, ਮਾਂ ਦੇ ਥਣਾਂ ਦੇ ਦੁੱਧ ਵਿਚ ਰੁੱਝਦਾ ਹੈ।
ਦੂਜੀ ਅਵਸਥਾ ਵਿਚ, ਜਦੋਂ ਜੀਵ ਥੋੜਾ ਕੁ ਸਿਆਣਾ ਹੁੰਦਾ ਹੈ, ਤਾਂ ਇਸ ਨੂੰ ਮਾਂ ਤੇ ਪਿਉ ਦੀ ਸੋਝੀ ਹੋ ਜਾਂਦੀ ਹੈ।
ਤੀਜੀ ਅਵਸਥਾ ਵਿਚ ਪੁਜਿਆਂ ਜੀਵ ਨੂੰ ਭਰਾ, ਭਰਜਾਈ ਅਤੇ ਭੈਣ ਦੀ ਪਛਾਣ ਹੁੰਦੀ ਹੈ।
ਚੌਥੀ ਅਵਸਥਾ ਵੇਲੇ ਖੇਡਾਂ ਨਾਲ ਪਿਆਰ ਦੇ ਕਾਰਨ, ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ ਉਪਜਦੀ ਹੈ।
ਪੰਜਵੀ ਅਵਸਥਾ ਵਿਚ ਖਾਣ-ਪੀਣ ਦੀ ਲਾਲਸਾ ਬਣਦੀ ਹੈ।
ਛੇਵੀਂ ਅਵਸਥਾ ਵਿਚ ਅੱਪੜ ਕੇ ਜੀਵ ਦੇ ਅੰਦਰ ਕਾਮ ਜਾਗਦਾ ਹੈ ਜੋ ਜਾਤ-ਕੁਜਾਤ ਵੀ ਨਹੀਂ ਵੇਖਦਾ।
ਸਤਵੀਂ ਅਵਸਥਾ ਵੇਲੇ ਜੀਵ, ਪਦਾਰਥ ਇਕੱਠੇ ਕਰ ਕੇ ਆਪਣਾ ਘਰ ਬਣਾਂਦਾ ਹੈ, ਵਸੇਬਾ ਬਣਾਂਦਾ ਹੈ।
ਅੱਠਵੀਂ ਅਵਸਥਾ ਵੇਲੇ ਜੀਵ ਦੇ ਅੰਦਰ ਗੁੱਸਾ ਪੈਦਾ ਹੁੰਦਾ ਹੈ, ਸਰੀਰ ਦਾ ਨਾਸ ਕਰਦਾ ਹੈ।
ਨੌਵੀਂ ਅਵਸਥਾ ਵੇਲੇ ਕੇਸ ਚਿੱਟੇ ਹੋ ਜਾਂਦੇ ਹਨ, ਤੇ ਸਾਹ ਖਿੱਚ ਕੇ ਆਉਂਦੇ ਹਨ, ਸਾਹ ਚੜ੍ਹਨ ਲੱਗ ਜਾਂਦਾ ਹੈ।
ਉਮਰ ਦੇ ਦਸਵੇਂ ਹਿੱਸੇ ਵਿਚ ਅੱਪੜ ਕੇ ਉਹ ਸੜ ਕੇ ਸੁਆਹ ਹੋ ਜਾਂਦਾ ਹੈ। ਜੋ ਸਾਥੀ, ਮਸਾਣਾਂ ਤਕ ਨਾਲ ਜਾਂਦੇ ਹਨ, ਉਹ ਧਾਹਾਂ ਮਾਰਦੇ ਹਨ, ਜੀਵਾਤਮਾ ਸਰੀਰ ਵਿਚੋਂ ਨਿਕਲ ਕੇ ਅਗਾਂਹ ਦਾ ਰਾਹ ਪੁੱਛਦਾ ਹੈ।
ਜੀਵ ਜਗਤ ਵਿਚ ਆਇਆ ਤੇ ਤੁਰ ਗਿਆ, ਜਗਤ ਵਿਚ ਉਸ ਦਾ ਨਾਮ ਵੀ ਭੁੱਲ ਗਿਆ। ਉਸ ਦੇ ਮਰਨ ਪਿੱਛੋਂ ਪੁੱਤਰਾਂ ਤੋਂ ਪਿੰਡ ਭਰਾ ਕੇ ਕਾਵਾਂ ਨੂੰ ਹੀ ਸਦੀਦਾ ਹੈ, ਉਸ ਜੀਵ ਨੂੰ ਕੁਝ ਨਹੀਂ ਅਪੜਦਾ।
ਹੇ ਨਾਨਕ, ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜਗਤ ਨਾਲ ਪਿਆਰ, ਅੰਨ੍ਹਿਆਂ ਵਾਲਾ ਪਿਆਰ ਹੈ, ਗੁਰੂ ਦੀ ਸਰਨ ਆਉਣ ਤੋਂ ਬਿਨਾ ਜਗਤ, ਇਸ ਅੰਧ ਪਿਆਰ ਵਿਚ ਡੁੱਬ ਰਿਹਾ ਹੈ।2।
ਚੰਦੀ ਅਮਰ ਜੀਤ ਸਿੰਘ (ਚਲਦਾ)