ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (411)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (411)
Page Visitors: 100

 

   ਗੁਰਬਾਣੀ ਦੀ ਸਰਲ ਵਿਆਖਿਆ ਭਾਗ (411)       
    ਸਲੋਕ ਮ: 1
     ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥
 
    ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥
     ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥
     ਜਿiਨ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥
     ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥
     ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥1
    ਪ੍ਰਭੂ ਨੇ ਜਿੰਦ ਪਾ ਕੇ ਮਨੁੱਖ ਦਾ ਸਰੀਰ ਬਣਾਇਆ ਹੈ, ਕਿਆ ਸੋਹਣੀ ਘਾੜਤ ਘੜ ਕੇ ਰੱਖੀ ਹੈ। ਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, ਇਸ ਦੇ ਕੰਨਾਂ ਵਿਚ ਸੁਣਨ ਦੀ ਤਾਕਤ ਮੌਜੂਦ ਹੈ, ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ ਕੰਮ ਕਰਦਾ ਹੈ, ਤੇ ਪ੍ਰਭੂ ਦਾ ਦਿੱਤਾ ਖਾਂਦਾ ਤੇ ਪਹਿਨਦਾ ਹੈ। ਪਰ ਜਿਸ ਪ੍ਰਭੂ ਨੇ ਇਸ ਦੇ ਸਰੀਰ ਨੂੰ ਬਣਾਇਆ ਸਵਾਰਿਆ ਹੈ, ਉਸ ਨੂੰ ਇਹ ਪਛਾਣਦਾ ਵੀ ਨਹੀਂ, ਅੰਨ੍ਹਾ ਮਨੁੱਖ, ਆਤਮਕ ਜੀਵਨ ਵਲੋਂ ਬੇ-ਸਮਝ, ਅੰਨਿਆਂ ਵਾਲਾ ਕੰਮ ਕਰਦਾ ਹੈ, ਔਝੜੇ ਪਿਆ ਭਟਕਦਾ ਹੈ।
    ਜਦੋਂ ਇਹ ਸਰੀਰ ਰੂਪ ਭਾਂਡਾ ਟੁੱਟ ਜਾਂਦਾ ਹੈ, ਫਿਰ ਤਾਂ ਇਹ ਠੀਕਰਾ ਹੋ ਜਾਂਦਾ ਹੈ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ, ਮੁੜ ਇਹ ਸਰੀਰਕ ਬਣਤਰ ਬਣ ਵੀ ਨਹੀਂ ਸਕਦੀ। ਹੇ ਨਾਨਕ, ਅੰਨ੍ਹਾ ਮਨੁੱਖ ਗੁਰੂ ਦੀ ਸਰਨ ਤੋਂ ਬਿਨਾ, ਬਖਸ਼ਿਸ਼ ਤੋਂ ਵਾਂਝਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ ਇਸ ਔਕੜ ਵਿਚੋਂ ਪਾਰ ਨਹੀਂ ਲੰਘ ਸਕਦਾ।1
     ਮ: 2
     ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥
     ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥
     ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥
     ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
     ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ
     ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਿਚ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥
     ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥2
    ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਇਹੋ ਜਿਹਾ ਸਮਝ ਲਵੋ ਕਿ ਉਸ ਨੂੰ ਦੇਣ ਵਾਲੇ ਪਰਮਾਤਮਾ ਨਾਲੋਂ ਉਸ ਦਾ ਦਿੱਤਾ ਹੋਇਆ ਪਦਾਰਥ ਚੰਗਾ ਲਗਦਾ ਹੈ। ਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ ਅਜਿਹੀ ਹੁੰਦੀ ਹੈ ਕਿ ਲਫਜ਼ਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਆਪਣੀ ਵਲੋਂ ਲੁਕ ਕੇ ਮੰਦੇ ਕੰਮ ਕਰਦਾ ਹੈ, ਪਰ ਜੋ ਕੁਝ ਉਹ ਕਰਦਾ ਹੈ ਉਹ ਹਰ ਥਾਂ ਨਸ਼ਰ ਹੋ ਜਾਂਦਾ ਹੈ।
  ਕੁਦਰਤ ਦਾ ਨੇਮ ਹੀ ਐਸਾ ਹੈ ਕਿ ਜੋ ਮਨੁੱਖ ਭਲਾ ਕੰਮ ਕਰਦਾ ਹੈ, ਉਸ ਦਾ ਨਾਮ ਧਰਮੀ ਪੈ ਜਾਂਦਾ ਹੈ, ਮੰਦੇ ਕੰਮ ਕੀਤਿਆਂ ਮਨੁੱਖ ਮੰਦਾ ਹੀ ਸਮਝਿਆ ਜਾਂਦਾ ਹੈ।
    ਪਰ ਮੰਦਾ ਕਿਸ ਨੂੰ ਆਖੀਏ ? ਹੇ ਪ੍ਰਭੂ, ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ। ਤੈਥੋਂ ਵੱਖਰਾ ਹੋਰ ਕਿਹੜਾ ਦੱਸੀਏ ?  
 
ਜੀਵਾਂ ਦੇ ਅੰਦਰ, ਜਿਤਨਾ ਚਿਰ ਤੇਰੀ ਜੋਤ ਮੌਜੂਦ ਹੈ, ਉਤਨਾ ਚਿਰ ਉਸ ਜੋਤ ਵਿਚ ਤੂੰ ਆਪ ਹੀ ਬੋਲਦਾ ਹੈਂ। ਜਦੋਂ ਤੇਰੀ ਜੋਤ ਨਿਕਲ ਜਾਵੇ, ਤਾਂ ਭਲਾ ਕੋਈ, ਕੁਝ ਕਰੇ ਤਾਂ ਸਹੀ, ਅਸੀਂ ਪਰਖ ਕੇ ਵੇਖੀਏ, ਤੇਰੀ ਜੋਤ ਤੋਂ ਬਗੈਰ ਕੋਈ ਕੁਝ ਨਹੀਂ ਕਰ ਸਕਦਾ, ਸੋ ਮਨਮੁੱਖ ਵਿਚ ਵੀ ਤੇਰੀ ਹੀ ਜੋਤ ਹੈ।  ਹੇ ਨਾਨਕ, ਗੁਰੂ ਦੀ ਸਰਨ ਆਏ ਮਨੁੱਖ ਨੂੰ ਹਰ ਥਾਂ ਇਕੋ ਸਿਆਣਾ ਤੇ ਸੁਜਾਨ ਕਰਤਾਰ ਹੀ ਦਿਸਦਾ ਹੈ।2   
     ਪਉੜੀ ॥
     ਤੁਧੁ ਆਪੈ ਜਗਤੁ ਉਪਾਇ ਕੈ ਤੁਧੁ ਆਪੈ ਧੰਧੈ ਲਾਇਆ ॥
     ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥
     ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥
     ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥
     ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥
     ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥
     ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥
     ਸੋਭਾ ਸੁਰਤਿ ਸੁਹਾਵਣੀ ਜਿਿਨ ਹਰਿ ਸੇਤੀ ਚਿਤੁ ਲਾਇਆ ॥2
    ਹੇ ਪ੍ਰਭੂ ਤੂੰ ਆਪ ਹੀ ਜਗਤ ਪੈਦਾ ਕਰ ਕੇ, ਤੂੰ ਆਪ ਹੀ ਇਸ ਨੂੰ ਜੰਜਾਲ ਵਿਚ ਪਾ ਦਿੱਤਾ ਹੈ। ਮਾਇਆ ਦੇ ਮੋਹ ਦੀ ਠੱਗ-ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ-ਆਪ ਤੋਂ, ਆਪਣੀ ਯਾਦ ਤੋਂ ਖੁੰਝਾ ਦਿੱਤਾ ਹੈ।  ਜਗਤ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਇਸ ਵਾਸਤੇ ਇਹ ਮਾਇਆ ਦੀ ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਹੀ ਨਹੀਂ। ਇਹ ਜਗਤ ਹੈ ਹੀ ਤੌਖਲਾ ਰੂਪ, ਇਸ ਦੁਵਿਧਾ ਵਿਚ ਪਿਆ ਜੀਵ ਜੰਮਦਾ-ਮਰਦਾ ਤੇ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਮਾਇਆ ਦਾ ਇਹ ਮੋਹ ਗੁਰੂ ਦੀ ਸਰਨ ਤੋਂ ਬਿਨਾ ਟੁੱਟਦਾ ਨਹੀਂ, ਬਥੇਰੇ ਜੀਵ ਹੋਰ ਹੋਰ ਧਾਰਮਿਕ ਕੰਮ ਕਰ ਕੇ ਹਾਰ ਚੁੱਕੇ ਹਨ।
  ਪ੍ਰਭੂ ਦਾ ਨਾਮ ਗੁਰੂ ਦੀ ਸਿiਖਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। ਹੇ ਪ੍ਰਭੂ, ਜਦੋਂ ਤੈਨੂੰ ਭਾਵੇ ਤਾਂ ਜੀਵ ਤੇਰੇ ਨਾਮ ਦੇ ਸੁਖ ਵਿਚ ਟਿਕ ਕੇ ਤ੍ਰਿਪਤ ਹੁੰਦਾ ਹੈ। ਧੱਨ ਹੈ ਉਸ ਜੀਵ ਦੇ ਜੰਮਣ ਵਾਲੀ ਮਾਂ, ਨਾਮ ਦੀ ਬਰਕਤ ਨਾਲ ਉਹ ਆਪਣਾ ਖਾਨਦਾਨ ਹੀ ਵਿਕਾਰਾਂ ਤੋਂ ਬਚਾ ਲੈਂਦੀ ਹੈ। ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, ਜਗਤ ਵਿਚ ਉਸ ਦੀ ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ।2
   ਚੰਦੀ ਅਮਰ ਜੀਤ ਸਿੰਘ    (ਚਲਦਾ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.