ਗੁਰਬਾਣੀ ਦੀ ਸਰਲ ਵਿਆਖਿਆ ਭਾਗ (412)
ਸਲੋਕ ਮ: 2 ॥
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥1॥
ਜੇ ਅੱਖਾਂ ਤੋਂ ਬਿਨਾ ਵੇਖੀਏ, ਜੇ ਪਰਾਇਆ ਰੂਪ ਤੱਕਣ ਦੀ ਆਦਤ ਵਲੋਂ ਇਨ੍ਹਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ, ਕੰਨਾਂ ਤੋਂ ਬਿਨਾ ਸੁਣੀਏ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ, ਜੇ ਮੰਦੇ ਪਾਸੇ ਵੱਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ, ਜੇ ਹੱਥਾਂ ਤੋਂ ਬਿਨਾ ਕੰਮ ਕਰੀਏ, ਜੇ ਪਰਾਇਆ ਨੁਕਸਾਨ ਕਰਨ ਤੋਂ ਹੱਥਾਂ ਨੂੰ ਵਰਜੀਏ, ਜੇ ਜੀਭ ਤੋਂ ਬਿਨਾ ਬੋਲੀਏ, ਜੇ ਨਿੰਦਾ ਕਰਨ ਦੀ ਵਾਦੀ ਤੋਂ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ, ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ। ਹੇ ਨਾਨਕ, ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ। ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ।1।
ਮ: 2 ॥
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥
ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥
ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥2॥
ਪਰਮਾਤਮਾ ਕੁਦਰਤ ਵਿਚ ਵੱਸਦਾ ਦਿਸ ਰਿਹਾ ਹੈ, ਉਸ ਦੀ ਜੀਵਨ ਰੌਂ ਸਾਰੀ ਰਚਨਾ ਵਿਚ ਸੁਣੀ ਜਾ ਰਹੀ ਹੈ, ਉਸ ਦੇ ਕੰਮਾਂ ਤੋਂ ਜਾਪ ਰਿਹਾ ਹੈ ਕਿ ਉਹ ਕੁਦਰਤ ਵਿਚ ਮੌਜੂਦ ਹੈ, ਫਿਰ ਵੀ ਉਸ ਦੇ ਮਿਲਾਪ ਦਾ ਸੁਆਦ ਜੀਵ ਨੂੰ ਹਾਸਲ ਨਹੀਂ ਹੁੰਦਾ।
ਇਹ ਕਿਉਂ ? ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ, ਨਾ ਜੀਵ ਦੇ ਪੈਰ ਹਨ, ਨਾ ਹੱਥ ਹਨ, ਤੇ ਨਾ ਅੱਖਾਂ ਹਨ, ਫਿਰ ਇਹ ਕਿਵੇਂ ਭੱਜ ਕੇ ਪ੍ਰਭੂ ਦੇ ਗੱਲ ਜਾ ਲੱਗੇ ? ਜੇ ਜੀਵ ਪ੍ਰਭੂ ਦੇ ਡਰ ਵਿਚ ਤੁਰਨ ਨੂੰ ਆਪਣੇ ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ ਪ੍ਰਭੂ ਦੀ ਯਾਦ ਵਿਚ ਜੁੜਨ ਨੂੰ ਅੱਖਾਂ ਬਣਾਏ, ਤਾਂ ਨਾਨਕ ਆਖਦਾ ਹੈ ਹੇ ਸਿਆਣੀ ਜੀਵ ਇਸਤ੍ਰੀਏ, ਇਸ ਤਰ੍ਹਾਂ ਖਸਮ ਪਰਭੂ ਨਾਲ ਮੇਲ ਹੁੰਦਾ ਹੈ।2।
ਪਉੜੀ ॥
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥
ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥
ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥
ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥
ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥
ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥
ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥3॥
ਹੇ ਪ੍ਰਭੂ ਤੂੰ ਸਦਾ ਹੀ ਇਕ ਆਪ ਹੀ ਆਪ ਹੈਂ, ਇਹ ਤੈਥੋਂ ਵੱਖਰਾ ਦਿਸਦਾ ਤਮਾਸ਼ਾਂ, ਤੂੰ ਆਪ ਹੀ ਰਚਿਆ ਹੈ। ਤੂੰ ਹੀ ਜੀਵਾਂ ਦੇ ਅੰਦਰ ਹਉਮੈ ਅਹੰਕਾਰ ਪੈਦਾ ਕਰ ਕੇ, ਜੀਵ ਦੇ ਅੰਦਰ ਲੋਭ ਵੀ ਪਾ ਦਿੱਤਾ ਹੈ। ਸਾਰੇ ਜੀਵ ਤੇਰੇ ਹੀ ਪਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਇਨ੍ਹਾਂ ਦੀ ਰੱਖਆ ਕਰ।
ਕਈ ਜੀਵਾਂ ਨੂੰ ਤੂੰ ਬਖਸ਼ਦਾ ਹੈਂ ਤੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ, ਗੁਰੂ ਦੀ ਸਿਿਖਆ ਵਿਚ ਤੂੰ ਆਪ ਹੀ ਉਨ੍ਹਾਂ ਨੂੰ ਲਾਇਆ ਹੈ। ਐਸੇ ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ।
ਤੇਰੇ ਨਾਮ ਦੀ ਯਾਦ ਤੋਂ ਬਿਨਾ ਕੋਈ ਹੋਰ ਕੰਮ ਉਨ੍ਹਾਂ ਨੂੰ ਭਾਉਂਦਾ ਨਹੀਂ, ਕਿਸੇ ਹੋਰ ਕੰਮ ਦੀ ਖਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ। ਜਿਨ੍ਹਾਂ ਐਸੇ ਬੰਦਿਆਂ ਨੂੰ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਨ੍ਹਾਂ ਨੂੰ ਤੇਰਾ ਨਾਮ ਵਿਸਾਰ ਕੇ ਕੋਈ ਹੋਰ ਕੰਮ ਕਰਨਾ ਮੰਦਾ ਲਗਦਾ ਹੈ। ਇਹ ਜੋ ਪੁੱਤ੍ਰ ਇਸਤ੍ਰੀ ਪਰਿਵਾਰ ਹੈ, ਹੇ ਪ੍ਰਭੂ ਜੋ ਬੰਦੇ ਤੈਨੂੰ ਪਿਆਰੇ ਲਗਦੇ ਹਨ, ਉਹ ਇਨ੍ਹਾਂ ਤੋਂ ਨਿਰਮੋਹ ਰਹਿੰਦੇ ਹਨ, ਤੇਰੇ ਸਦਾ ਕਾਇਮ ਰਹਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ।3।
ਚੰਦੀ ਅਮਰ ਜੀਤ ਸਿੰਘ (ਚਲਦਾ)