ਗੁਰਬਾਣੀ ਦੀ ਸਰਲ ਵਿਆਖਿਆ ਭਾਗ (413)
ਸਲੋਕੁ ਮ: 1 ॥
ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥
ਕੈ ਵਿiਚ ਧਰਤੀ ਕੈ ਆਕਾਸੀ ਉਰਧਿ ਰਹਾ ਸਿਿਰ ਭਾਰਿ ॥
ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥
ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥
ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥
ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥1॥
ਮੈਂ ਚਾਹੇ ਸੋਨੇ ਦੇ ਸੁਮੇਰ ਪਰਬਤ ਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ ਜਾ ਰਹਾਂ। ਚਾਹੇ ਥਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ, ਭਾਵੇਂ ਸਰੀਰ ਨੂੰ ਪੂਰੇ ਤੌਰ ਤੇ ਕਪੜਾ ਪਹਿਨਾ ਲਵਾਂ, ਕਾਪੜੀਆਂ ਵਾਙ ਸਰੀਰ ਨੂੰ
ਪੂਰਨ ਤੌਰ ਤੇ ਕਪੜਿਆਂ ਨਾਲ ਢੱਕ ਲਵਾਂ। ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ, ਭਾਵੇਂ ਮੈਂ ਚਿੱਟੇ, ਲਾਲ, ਪੀਲੇ ਜਾਂ ਕਾਲੇ ਕਪੜੇ ਪਾ ਕੇ ਚਾਰ ਵੇਦਾਂ ਦਾ ਉਚਾਰਨ ਕਰਾਂ, ਚਾਹੇ ਸਰੇਵੜਿਆਂ ਵਾਙ ਗੰਦਾ ਤੇ ਮੈਲਾ ਰਹਾਂ, ਇਹ ਸਾਰੇ ਭੈੜੀ ਮੱਤ ਦੇ ਮੰਦੇ ਕਰਮ ਹੀ ਹਨ। ਹੇ ਨਾਨਕ, ਮੈਂ ਤਾਂ ਇਹ ਚਾਹੁੰਦਾ ਹਾਂ ਕਿ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੇਰੀ ਹਉਮੈ ਨਾ ਰਹੇ।1।
ਮ: 1 ॥
ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥
ਅੰਧਾ ਭੂਲਿ ਪਇਆ ਜਮ ਜਾਲੇ ॥
ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਿਚ ਦੁਖੁ ਘਾਲੇ ॥
ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥
ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥2॥
ਜੋ ਮਨੁੱਖ ਨਿੱਤ ਕਪੜੇ ਧੋ ਕੇ ਸਰੀਰ ਧੋਂਦਾ ਹੈ, ਤੇ ਸਿਰਫ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ, ਆਪਣੇ ਵਲੋਂ ਤਪੱਸਵੀ ਬਣ ਬੈਠਦਾ ਹੈ, ਪਰ ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖਬਰ ਨਹੀਂ, ਸਦਾ ਸਰੀਰ ਨੂੰ ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ,
ਉਹ ਅੰਨ੍ਹਾ ਮਨੁੱਖ ਸਿੱਧੇ ਰਾਹ ਤੋਂ ਖੁੰਝ ਕੇ, ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਰਹਿੰਦਾ ਹੈ, ਹਉਮੈ ਵਿਚ ਦੁੱਖ ਸਹਾਰਦਾ ਹੈ, ਕਿਉਂਕਿ ਪਰਾਈ ਵਸਤ ਸਰੀਰ ਤੇ ਹੋਰ ਪਦਾਰਥ ਆਦਿ ਨੂੰ ਆਪਣੀ ਸਮਝ ਬੈਠਾ ਹੈ।
ਹੇ ਨਾਨਕ, ਜਦੋਂ ਗੁਰੂ ਦੇ ਸਨਮੁੱਖ ਹੋ ਕੇ ਮਨੁੱਖ ਦੀ ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਬਰਕਤ ਨਾਲ ਹੀ ਸੁਖ ਵਿਚ ਟਿਿਕਆ ਰਹਿੰਦਾ ਹੈ।2।
ਪਵੜੀ ॥
ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥
ਤਿਨ ਹੀ ਕੀਆ ਵਿਜੋਗੁ ਜਿiਨ ਉਪਾਇਆ ॥
ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥
ਸੁਖਹੁ ਉਠੇ ਰੋਗ ਪਾਪ ਕਮਾਇਆ ॥
ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥
ਮੂਰਖ ਗਣਤ ਗਣਾਇ ਝਗੜਾ ਪਾਇਆ ॥
ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥
ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥4॥
ਸਰੀਰ ਤੇ ਜੀਵ (ਆਤਮਾ) ਦਾ ਸੰਜੋਗ ਮਿਥ ਕੇ ਪਰਮਾਤਮਾ ਨੇ ਇਨ੍ਹਾਂ ਨੂੰ ਮਨੁੱਖਾ ਜਨਮ ਵਿਚ ਇਕੱਠਾ ਕਰ ਦਿੱਤਾ ਹੈ। ਜਿਸ ਪ੍ਰਭੂ ਨੇ ਸਰੀਰ ਤੇ ਜੀਵ ਨੂੰ ਪੈਦਾ ਕੀਤਾ ਹੈ, ਉਸ ਨੇ ਹੀ ਉਨ੍ਹਾਂ ਲਈ ਵਿਛੋੜਾ ਵੀ ਬਣਾ ਰੱਖਿਆ ਹੈ। ਪਰ ਇਸ ਵਿਛੋੜੇ ਨੂੰ ਭੁੱਲਾ ਕੇ ਮੂਰਖ ਜੀਵ ਭੋਗ ਭੋਗਦਾ ਰਹਿੰਦਾ ਹੈ, ਜੋ ਸਾਰੇ ਦੁੱਖਾਂ ਦਾ ਮੂਲ ਬਣਦਾ ਹੈ। ਪਾਪ ਕਮਾਣ ਦੇ ਕਾਰਨ ਭੋਗਾਂ ਦੇ ਸੁਖ ਤੋਂ ਰੋਗ ਪੈਦਾ ਹੁੰਦੇ ਹਨ। ਭੋਗਾਂ ਦੀ ਖੁਸ਼ੀ ਤੋਂ ਚਿੰਤਾ, ਤੇ ਅੰਤ ਨੂੰ ਵਿਛੋੜਾ ਪੈਦਾ ਕਰ ਕੇ ਜਨਮ-ਮਰਨ ਦਾ ਲੰਮਾ ਝਮੇਲਾ ਸਹੇੜ ਲੈਂਦਾ ਹੈ।
ਜਨਮ-ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸੱਚੇ ਗੁਰੂ(ਸ਼ਬਦ ਗੁਰੂ) ਦੇ ਹੱਥ ਵਿਚ ਹੈ, ਜਿਸ ਨੂੰ ਗੁਰੂ ਮਿਲਦਾ ਹੈ, ਉਸ ਦਾ ਇਹ ਝਮੇਲਾ ਮੁੱਕ ਜਾਂਦਾ ਹੈ। ਜੀਵਾਂ ਦੀ ਕੋਈ ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਰੱਬ ਕਰਦਾ ਹੈ,ਉਹੀ ਹੁੰਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)