ਗੁਰਬਾਣੀ ਦੀ ਸਰਲ ਵਿਆਖਿਆ ਭਾਗ (414)
ਸਲੋਕ ਮ: 1 ॥
ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥
ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥1॥
ਜੋ ਮਨੁੱਖ ਝੂਠ ਬੋਲ ਕੇ ਆਪ ਤਾਂ ਦੂਸਰਿਆਂ ਦਾ ਹੱਕ ਖਾਂਦਾ ਹੈ ਤੇ ਦੂਸਰਿਆਂ ਨੂੰ ਸਿਿਖਆ ਦੇਣ ਜਾਂਦਾ ਹੈ ਕਿ ਝੂਠ ਨਾ ਬੋਲੋ, ਹੇ ਨਾਨਕ, ਅਜਿਹਾ ਆਗੂ, ਅੰਤ ਵੇਲੇ ਇਉਂ ਉੱਘੜਦਾ ਹੈ ਕਿ ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਵੀ ਲੁਟਾਂਦਾ ਹੈ।1।
ਮਹਲਾ 4 ॥
ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥
ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥
ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥
ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥
ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥2॥
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਣ ਵਾਲਾ ਪ੍ਰਭੂ ਵੱਸਦਾ ਹੈ, ਮੂੰਹੋਂ ਵੀ ਸਦਾ ਥਿਰ ਰਹਣ ਵਾਲਾ ਸੱਚਾ ਨਾਮ ਹੀ ਬੋਲਦਾ ਹੈ, ਉਹ ਆਪ ਪਰਮਾਤਮਾ ਦੇ ਰਾਹ ਤੇ ਤੁਰਦਾ ਹੈ ਤੇ ਹੋਰਨਾਂ ਨੂੰ ਵੀ ਪ੍ਰਭੂ ਦੇ ਰਾਹ ਤੇ ਤੋਰਦਾ ਹੈ।
ਜਿੱਥੇ ਨਹਾਉਣ ਜਾਈਏ, ਜੇ ਓਥੇ ਖੁਲ੍ਹੇ ਸਾਫ ਪਾਣੀ ਦਾ ਸੋਮਾ ਹੋਵੇ ਤਾਂ ਨਹਾਉਣ ਵਾਲੇ ਦੀ ਮੈਲ ਲਹਿ ਜਾਂਦੀ ਹੈ, ਪਰ ਛੱਪੜ ਵਿਚ ਨਹਾਤਿਆਂ, ਸਗੋਂ ਹੋਰ ਮੈਲ ਵਧਦੀ ਹੈ। ਇਹੀ ਨੇਮ ਸਮਝੋ ਮਨ ਦੀ ਮੈਲ ਧੋਣ ਲਈ, ਪੂਰਾ ਗੁਰੂ ਜੋ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਮਾਨੋ ਖੁਲ੍ਹੇ ਸਾਫ ਪਾਣੀ ਦਾ ਸੋਮਾ ਹੈ, ਉਹ ਆਪ, ਆਪਣੇ ਪਰਿਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ, ਪਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸ੍ਰਿਸ਼ਟੀ ਨੂੰ ਵੀ ਬਚਾਂਦਾ ਹੈ। ਹੇ ਦਾਸ ਨਾਨਕ ਆਖ, ਮੈਂ ਉਸ ਤੋਂ ਸਦਕੇ ਹਾਂ, ਜੋ ਆਪ ਪ੍ਰਭੂ ਦਾ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਵੀ ਜਪਾਂਦਾ ਹੈ।2।
ਪਉੜੀ ॥
ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥
ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥
ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥
ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥
ਜਮਕਾਲੁ ਸਿਰਹੁ ਨ ਉਤਰੈ ਤ੍ਰਿਿਬਧਿ ਮਨਸਾ ॥
ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥
ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥
ਨਾਨਕ ਸਤਿਗੁਰ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥5॥
ਕਈ ਬੰਦੇ ਮੂਲੀ-ਗਾਜਰਾਂ ਆਦਿ ਖੁਸ਼ ਹੋ ਕੇ ਖਾਂਦੇ ਹਨ, ਮੂਲੀ-ਗਾਜਰਾਂ ਆਦਿ ਖਾ ਕੇ ਗੁਜ਼ਾਰਾ ਕਰਦੇ ਹਨ ਤੇ ਜੰਗਲ ਦੇ ਕੋਨੇ ਵਿਚ ਜਾ ਰਹਿੰਦੇ ਹਨ। ਕਈ ਲੋਕ ਭਗਵੇ ਕਪੜੇ ਪਾ ਕੇ, ਜੋਗੀ ਤੇ ਸਨਿਆਸੀ ਬਣ ਕੇ ਫਿਰਦੇ ਹਨ, ਪਰ ਉਨ੍ਹਾਂ ਦੇ ਮਨ ਵਿਚ ਬਹੁਤ ਲਾਲਚ ਹੁੰਦਾ ਹੈ, ਕਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ, ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਗਵਾ ਕੇ ਨਾ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾ ਹੀ ਫਕੀਰ। ਉਨ੍ਹਾਂ ਦੇ ਅੰਦਰ ਤ੍ਰਿਗੁਣੀ ਮਾਇਆ ਦੀ ਲਾਲਸਾ ਹੋਣ ਦੇ ਕਾਰਨ, ਆਤਮਕ ਮੌਤ ਉਨ੍ਹਾਂ ਦੇ ਸਿਰ ਤੋਂ ਟਲਦੀ ਨਹੀਂ ਹੈ।
ਜਦੋਂ ਮਨੁੱਖ, ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਗੁਰੂ ਦੀ ਸਿਿਖਆ ਤੇ ਤੁਰ ਕੇ ਆਤਮਕ ਮੌਤ ਉਸ ਦੇ ਨੇੜੇ ਨਹੀਂ ਆਉਂਦੀ। ਗੁਰੂ ਦਾ ਸੱਚਾ ਸ਼ਬਦ ਤੇ ਪ੍ਰਭੂ ਉਸ ਦੇ ਮਨ ਵਿਚ ਹੋਣ ਕਾਰਨ, ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਵੀ ਤਿਆਗੀ ਹੈ। ਹੇ ਨਾਨਕ, ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ ਦੁਨੀਆ ਦੀਆਂ ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ।5।
ਚੰਦੀ ਅਮਰ ਜੀਤ ਸਿੰਘ (ਚਲਦਾ)