ਗੁਰਬਾਣੀ ਦੀ ਸਰਲ ਵਿਆਖਿਆ ਭਾਗ (415)
ਸਲੋਕ ਮ: 1 ॥
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥
ਨਾਨਕ ਨਾਉ ਖੁਦਾਇ ਕਾ ਦਿਿਲ ਹਛੈ ਮੁਖਿ ਲੇਹੁ ॥
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥1॥
ਜੇ ਜਾਮੇ (ਪੁਸ਼ਾਕ) ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ, ਤੇ ਉਸ ਨਾਲ ਨਮਾਜ਼ ਨਹੀਂ ਹੋ ਸਕਦੀ, ਪਰ ਜੋ ਬੰਦੇ, ਮਨੁੱਖਾਂ ਦਾ ਲਹੂ ਪੀਂਦੇ ਹਨ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ, ਉਨ੍ਹਾਂ ਦਾ ਮਨ ਕਿਵੇਂ ਪਾਕ (ਪਵਿੱਤ੍ਰ) ਰਹਿ ਸਕਦਾ ਹੈ ? ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੋ ਸਕਦੀ ਹੈ ?
ਹੇ ਨਾਨਕ, ਰੱਬ ਦਾ ਨਾਮ ਮੂੰਹੋਂ, ਸਾਫ ਦਿਲ ਨਾਲ ਲੈ, ਇਸ ਤੋਂ ਬਿਨਾ ਹੋਰ ਕੰਮ ਦੁਨੀਆਂ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀਂ ਝੂਠੇ ਕੰਮ ਹੀ ਕਰਦੇ ਹੋ।1।
ਮ: 1 ॥
ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥
ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥
ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥
ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥
ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥2॥
ਜਦੋਂ ਮੈਂ ਹਾਂ ਹੀ ਕੁਝ ਨਹੀਂ, ਮੇਰੀ ਆਤਮਕ ਹਸਤੀ ਹੀ ਕੁਝ ਨਹੀਂ ਬਣੀ, ਤਾਂ ਮੈਂ ਹੋਰਨਾਂ ਨੂੰ ਕੀ ਉਪਦੇਸ਼ ਕਰਾਂ ? ਅੰਦਰ ਕੋਈ ਆਤਮਕ ਗੁਣ ਨਾ ਹੁੰਦਿਆਂ, ਕਿਤਨਾ ਕੁਝ ਬਣ ਬਣ ਕੇ ਵਿਖਾਵਾਂ ? ਮੇਰਾ ਕੰਮ-ਕਾਰ, ਮੇਰਾ ਬੋਲ-ਚਾਲ ਇਨ੍ਹਾਂ ਅਵਗੁਣਾਂ, ਮੰਦੇ ਸੰਸਕਾਰਾਂ ਦੇ ਨਾਲ ਭਰਿਆ ਹੋਇਆ, ਕਦੇ ਮੰਦੇ ਪਾਸੇ ਡਿਗਦਾ ਹਾਂ, ਤੇ ਕਦੇ ਫਿਰ ਮਨ ਨੂੰ ਧੋਣ ਦਾ ਜਤਨ ਕਰਦਾ ਹਾਂ। ਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਤੇ ਲੋਕਾਂ ਨੂੰ ਰਾਹ ਦੱਸਦਾ ਹਾਂ।
ਹੇ ਨਾਨਕ ਜੋ ਮਨੁੱਖ ਆਪ ਅਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ। ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ ਜੁੱਤੀਆਂ ਪੈਂਦੀਆਂ ਹਨ, ਤਦੋਂ ਅਜਿਹਾ ਆਗੂ ਅਸਲ ਰੂਪ ਵਿਚ ਉੱਘੜਦਾ ਹੈ।2।
ਪਉੜੀ ॥
ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥
ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥
ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥
ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥
ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥6॥
ਹੇ ਪ੍ਰਭੂ, ਸਭ ਮਹੀਨਿਆਂ, ਰੁੱਤਾਂ, ਘੜੀਆਂ ਤੇ ਮਹੂਰਤਾਂ ਵਿਚ ਤੈਨੂੰ ਸਿਮਰਿਆ ਜਾ ਸਕਦਾ ਹੈ, ਤੇਰੇ ਸਿਮਰਨ ਲਈ ਕੋਈ ਖਾਸ ਰੁੱਤ ਜਾਂ ਥਿੱਤ ਨਹੀਂ ਹੈ। ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ, ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਵੀ ਤੈਨੂੰ ਨਹੀਂ ਲੱਭਿਆ, ਇਹੋ ਜਿਹੀ ਥਿੱਤਾਂ ਦੀ ਵਿਿਦਆ ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ, ਕਿਉਂਕਿ ਉਸ ਦੇ ਅੰਦਰ ਲੋਭ ਤੇ ਅਹੰਕਾਰ ਹੈ।
ਕਿਸੇ ਥਿੱਤ ਮਹੂਰਤ ਦੇ ਭਰਮ ਦੀ ਲੋੜ ਨਹੀਂ, ਸਿਰਫ ਗੁਰੂ ਦੀ ਦਿੱਤੀ ਮੱਤ ਨੂੰ ਵਿਚਾਰ ਕੇ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਤੇ ਉਸ ਵਿਚ ਸੁਰਤ ਜੋੜਨੀ ਚਾਹੀਦੀ ਹੈ। ਜਿਨ੍ਹਾਂ ਨੇ ਗੁਰੂ ਦੀ ਸਿਿਖਆ ਤੇ ਤੁਰ ਕੇ ਨਾਮ-ਰੂਪ ਧਨ ਕਮਾਇਆ ਹੈ, ਉਨ੍ਹਾਂ ਦੇ ਖਜ਼ਾਨੇ ਭਗਤੀ ਨਾਲ ਭਰ ਗਏ ਹਨ। ਜਿਨ੍ਹਾਂ ਪ੍ਰਭੂ ਦਾ ਪਵਿੱਤ੍ਰ ਨਾਮ ਕਬੂਲ ਕੀਤਾ ਹੇ, ਉਹ ਪ੍ਰਭੂ ਦੇ ਦਰ ਤੇ ਸੁਰਖਰੂ ਹੁੰਦੇ ਹਨ। ਹੇ ਪ੍ਰਭੂ, ਤੂੰ ਸਦਾ ਇਕੋ ਰਹਣ ਵਾਲਾ ਸ਼ਾਹ ਹੈਂ, ਹੋਰ ਸਾਰਾ ਜਗਤ ਵਣਜਾਰਾ ਹੈ, ਹੋਰ ਸਾਰੇ ਜੀਵ ਏਥੇ ਮਾਨੋ ਫੇਰੀ ਲਾ ਕੇ ਸਉਦਾ ਕਰਨ ਆਏ ਹਨ। ਤੇਰੇ ਹੀ ਬਖਸ਼ੇ ਹੋਏ ਜਿੰਦ-ਪ੍ਰਾਣ ਹਰੇਕ ਜੀਵ ਨੂੰ ਮਿਲੇ ਹਨ, ਤੇਰੀ ਹੀ ਅਪਾਰ ਜੋਤ ਹਰੇਕ ਜੀਵ ਦੇ ਅੰਦਰ ਹੈ।6।
ਚੰਦੀ ਅਮਰ ਜੀਤ ਸਿੰਘ (ਚਲਦਾ)