ਗੁਰਬਾਣੀ ਦੀ ਸਰਲ ਵਿਆiਖਆ ਭਾਗ(417)
ਸਲੋਕੁ ਮ: 1 ॥
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥1॥
ਅਸਲ ਮੁਸਲਮਾਨ ਅਖਵਾਣਾ ਬੜਾ ਔਖਾ ਹੈ, ਜੇ ਉਹੋ ਜਿਹਾ ਬਣੇ ਤਾਂ ਮਨੁੱਖ ਆਪਣੇ-ਆਪ ਨੂੰ ਮੁਸਲਮਾਨ ਅਖਵਾਏ।ਸਹੀ ਮੁਸਲਮਾਨ ਬਣਨ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਧਰਮ ਪਿਆਰਾ ਲੱਗੇ, ਫਿਰ ਜਿਵੇਂ ਮਸਕਲੇ(ਰੇਗਮਾਲ) ਨਾਲ ਜੰਗਾਲ ਲਾਹੀਦਾ ਹੈ, ਤਿਵੇਂ ਆਪਣੀ ਕਮਾਈ ਦਾ ਧਨ ਲੋੜਵੰਦਾਂ ਨਾਲ ਵੰਡ ਕੇ ਵਰਤੇ, ਇਸ ਤਰ੍ਹਾਂ ਮਾਇਆ ਦਾ ਹੰਕਾਰ ਦੂਰ ਕਰੇ। ਧਰਮ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ, ਸਾਰੀ ਉਮਰ ਕਦੇ ਧਰਮ ਦੇ ਦੱਸੇ ਰਾਹ ਤੋਂ ਲਾਂਭੇ ਨਾ ਜਾਵੇ। ਰੱਬ ਦੇ ਕੀਤੇ ਨੂੰ ਸਿਰ-ਮੱਥੇ ਤੇ ਮੰਨੇ, ਕਾਦਰ ਨੂੰ ਹੀ ਸਭ-ਕੁਝ ਕਰਨ ਵਾਲਾ ਮੰਨੇ ਤੇ ਖੁਦੀ ਮਿਟਾ ਦੇਵੇ। ਹੇ ਨਾਨਕ, ਇਸ ਤਰ੍ਹਾਂ ਰੱਬ ਦੇ ਪੈਦਾ ਕੀਤੇ ਸਾਰੇ ਬੰਦਿਆਂ ਨਾਲ ਪਿਆਰ ਕਰੇ। ਇਹੋ-ਜਿਹਾ ਬਣੇ ਤਾਂ ਮੁਸਲਮਾਨ ਅਖਵਾਏ।1।
ਮਹਲਾ 4 ॥ (141)
ਪਰਹਰਿ ਕਾਮ ਕRoਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ ॥
ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥
ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ ॥
ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ ॥2॥
ਜੇ ਮਨੁਖ, ਕਾਮ, ਗੁੱਸਾ, ਝੂਠ, ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਹੰਕਾਰ ਵੀ ਦੂਰ ਕਰ ਲਵੇ, ਜੇ ਵਿਸ਼ੇ ਦੀ ਵਾਸਨਾ ਛੱਡ ਕੇ ਇਸਤ੍ਰੀ ਦਾ ਮੋਹ ਤਿਆਗ ਦੇਵੇ, ਤਾਂ ਮਨੁੱਖ ਮਾਇਆ ਦੀ ਕਾਲਖ ਵਿਚ ਰਹਿੰਦਾ ਹੋਇਆ ਹੀ, ਮਾਇਆ ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ। ਜੇ ਮਨੁੱਖ ਹੰਕਾਰ ਦੂਰ ਕਰ ਕੇ ਪੁਤ੍ਰ, ਵਹੁਟੀ ਦਾ ਮੋਹ ਛੱਡ ਦੇਵੇ, ਜੇ ਦੁਨੀਆ ਦੇ ਪਦਾਰਥਾਂ ਦੀਆਂ ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤ ਜੋੜ ਲਵੇ, ਤਾਂ, ਹੇ ਨਾਨਕ, ਸਦਾ-ਥਿਰ ਰਹਣ ਵਾਲਾ ਪਰਮਾਤਮਾ ਉਸ ਦੇ ਮਨ ਵਿਚ ਵੱਸ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ।2।
ਪਉੜੀ ॥
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥
ਹਟ ਪਟਣ ਬਾਜਾਰ ਹੁਕਮੀ ਢਹਸੀਓ ॥
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥
ਤਾਜੀ ਰਥ ਤੁਖਾਰ ਹਾਥੀ ਪਾਖਰੇ ॥
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥8॥
ਰਾਜੇ, ਪਰਜਾ, ਚੌਧਰੀ, ਕੋਈ ਵੀ ਸਦਾ ਨਹੀਂ ਰਹੇਗਾ। ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ ਅੰਤ ਢਹਿ ਜਾਣਗੇ।
ਸੋਹਣੇ ਪੱਕੇ ਘਰਾਂ ਦੇ ਦਰਵਾਜਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ, ਪਰ ਇਹ ਨਹੀਂ ਜਾਣਦਾ ਕਿ ਧਨ ਨਾਲ ਭਰੇ ਹੋਏ ਖਜਾਨੇ ਇਕ ਪਲ ਵਿਚ ਖਾਲੀ ਹੋ ਜਾਂਦੇ ਹਨ। ਵਧੀਆ ਘੋੜੇ, ਰੱਥ, ਊਠ, ਹਾਥੀ, ਪਲਾਣੇ, ਬਾਗ, ਜ਼ਮੀਨਾਂ, ਘਰ-ਘਾਟ, ਤੰਬੂ, ਨਿਵਾਰੀ ਪਲੰਘ ਤੇ ਮਖਮਲੀ ਕਨਾਤਾਂ, ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ, ਕਿਤੇ ਜਾਂਦੇ ਨਹੀਂ ਲੱਭਦੇ।
ਹੇ ਨਾਨਕ, ਸਦਾ ਰਹਣ ਵਾਲਾ ਸਿਰਫ ਉਹੀ ਕਰਤਾਰ ਹੀ ਹੈ, ਜੋ ਇਨ੍ਹਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ, ਉਸ ਦੀ ਰਚੀ ਕੁਦਰਤ ਵਿਚੋਂ ਹੁੰਦੀ ਹੈ।8।
ਚੰਦੀ ਅਮਰ ਜੀਤ ਸਿੰਘ (ਚਲਦਾ)