ਗੁਰਬਾਣੀ ਦੀ ਸਰਲ ਵਿਆਖਿਆ ਭਾਗ (418)
ਸਲੋਕੁ ਮ: 1 ॥
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥
ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥
ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥1॥
ਜੇ ਸਾਰੀਆਂ ਨਦੀਆਂ ਮੇਰੇ ਲਈ ਗਾਈਆਂ ਬਣ ਜਾਣ, ਪਾਣੀ ਦੇ ਚਸ਼ਮੇ ਦੁੱਧ ਤੇ ਘਿਉ ਬਣ ਜਾਣ, ਸਾਰੀ ਜ਼ਮੀਨ ਸ਼ੱਕਰ ਬਣ ਜਾਏ, ਇਨ੍ਹਾਂ ਪਦਾਰਥਾਂ ਨੂੰ ਵੇਖ ਕੇ ਮੇਰੀ ਜਿੰਦ ਨਿੱਤ ਖੁਸ਼ ਹੋਵੇ। ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ, ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਵੇ, ਤਾਂ ਵੀ ਹੇ ਪ੍ਰਭੂ ਮੈਂ ਇਨ੍ਹਾਂ ਪਦਾਰਥਾਂ ਵਿਚ ਨਾ ਫਸਾਂ, ਤੇ ਤੇਰੀ ਹੀ ਸਿਫਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾ ਜਾਵੇ।1।
ਮ: 1 ॥
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥2॥
ਜੇ ਸਾਰੀ ਬਨਾਸਪਤੀ ਮੇਵਾ ਬਣ ਜਾਵੇ, ਜਿਸ ਦਾ ਸੁਆਦ ਬਹੁਤ ਰਸੀਲਾ ਹੋਵੇ, ਜੇ ਮੇਰੀ ਰਹਣ ਦੀ ਥਾਂ ਅਟੱਲ ਹੋ ਜਾਵ ਤੇ ਚੰਦ ਅਤੇ ਸੂਰਜ ਦੋਵੇਂ ਮੇਰੀ ਰਹਾਇਸ਼ ਦੀ ਸੇਵਾ ਕਰਨ ਲਈ, ਸੇਵਾ ਤੇ ਲਾਏ ਜਾਣ, ਤਾਂ ਵੀ ਹੇ ਪ੍ਰਭੂ ਮੈਂ ਇਨ੍ਹਾਂ ਵਿਚ ਨਾ ਫਸਾਂ ਤੇ ਤੇਰੀ ਹੀ ਸਿਫਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾ ਜਾਵੇ।2।
ਮ: 1 ॥
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥3॥
ਜੇ ਮੇਰੇ ਸਰੀਰ ਨੂੰ ਦੁੱਖ ਲੱਗ ਜਾਵੇ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ ਮੇਰੇ ਦੁਸ਼ਮਣ ਹੋ ਜਾਣ, ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਕਿਸੇ ਤਰ੍ਹਾਂ ਇਨ੍ਹਾਂ ਦੁੱਖਾਂ ਦੀ ਸ਼ਕਲ ਵਿਚ ਹੀ ਮੇਰੇ ਉੱਤੇ ਪ੍ਰਗਟ ਹੋਵੇ, ਤਾਂ ਵੀ ਹੇ ਪ੍ਰਭੂ, ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ, ਤੇਰੀ ਹੀ ਸਿਫਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾ ਜਾਏ।3।
ਮ: 1 ॥
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥
ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥
ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥4॥
ਜੇ ਗਰਮੀਆਂ ਦੀ ਧੁੱਪ ਤੇ ਸਿਆਲਾਂ ਦਾ ਪਾਲਾ ਮੇਰੇ ਪਹਿਨਣ ਦਾ ਕਪੜਾ ਹੋਵੇ, ਜੇ ਮੈਂ ਨੰਗਾ ਰਹਿ ਕੇ ਧੁੱਪ ਤੇ ਪਾਲਾ ਵੀ ਸਹਾਰਾਂ, ਜੇ ਹਵਾ ਮੇਰੀ ਖੁਰਾਕ ਹੋਵੇ, ਜੇ ਮੈਂ ਪਉਣ-ਆਹਾਰੀ ਹੋ ਜਾਵਾਂ, ਤਾਂ ਵੀ ਹੇ ਪ੍ਰਭੂ ਤੇਰੀ ਸਿਫਤ-ਸਾਲਾਹ ਦੇ ਸਾਮ੍ਹਣੇ ਇਹ ਤੁੱਛ ਹਨ। ਜੇ ਸਵਰਗ ਦੀਆਂ ਹੂਰਾਂ ਵੀ ਮੇਰੇ ਘਰ ਦੇ ਵਿਚ ਹੋਣ, ਤਾਂ ਵੀ ਹੇ ਨਾਨਕ, ਇਹ ਸਭ ਨਾਸਵੰਦ ਹਨ, ਇਨ੍ਹਾਂ ਦੇ ਮੋਹ ਵਿਚ ਫਸ ਕੇ ਮੈਂ ਤੈਨੂੰ ਨਾ ਵਿਸਾਰਾਂ, ਤੇਰੀ ਹੀ ਸਿਫਤ-ਸਾਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾ ਮੁੱਕੇ।4।
ਪਵੜੀ ॥
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥
ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥
ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥9॥
ਜੇ ਮਨੁੱਖ ਲੁਕ ਕੇ ਪਾਪ ਕਮਾਂਦਾ ਹੈ ਤੇ ਮਾਲਕ ਨੂੰ ਹਰ ਥਾਂ ਹਾਜ਼ਰ-ਨਾਜ਼ਰ ਨਹੀਂ ਸਮਝਦਾ, ਉਸ ਨੂੰ ਪਾਗਲ ਕਹਿਣਾ ਚਾਹੀਦਾ ਹੈ, ਉਹ ਆਪਣੇ ਅਸਲੇ ਨੂੰ ਨਹੀਂ ਪਛਾਣਦਾ। ਜਗਤ ਵਿਚ ਵਿਕਾਰਾਂ ਦੀ ਕਲਹਿ ਐਸੀ ਚੰਦਰੀ ਹੈ, ਵਿਕਾਰਾਂ ਵਿਚ ਪਿਆ ਮਨੁੱਖ ਵਿਕਾਰਾਂ ਦੇ ਝੰਬੇਲੇ ਵਿਚ ਹੀ ਖਪਦਾ ਰਹਿੰਦਾ ਹੈ, ਪ੍ਰਭੂ ਦਾ ਨਾਮ ਛੱਡ ਕੇ ਮੰਦ-ਕਰਮ ਤੇ ਭਟਕਣਾ ਵਿਚ ਖੁਆਰ ਹੁੰਦਾ ਹੈ। ਮਨੁੱਖਾ ਜੀਵਨ ਦੇ ਦੋ ਰਸਤੇ ਹਨ, ਮਾਇਆ ਤੇ ਨਾਮ, ਇਸ ਜੀਵਨ ਵਿਚ ਉਹੀ ਕਾਮਯਾਬ ਹੁੰਦਾ ਹੈ, ਜੋ ਦੋਹਾਂ ਰਸਤਿਆਂ ਵਿਚੋਂ ਇਕ ਪਰਮਾਤਮਾ ਨੂੰ ਚੇਤੇ ਰੱਖਦਾ ਹੈ, ਨਹੀਂ ਤਾਂ ਝੂਠ ਵਿਚ ਗਲਤਾਨ ਹੋਇਆ ਹੋਇਆ ਹੀ ਸੜਦਾ ਹੈ।
ਜੋ ਮਨੁੱਖ ਸਦਾ ਕਾਇਮ ਰਹਣ ਵਾਲੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਸ ਲਈ ਸਾਰਾ ਜਗਤ ਸੋਹਣਾ ਹੈ, ਉਹ ਖੁਦੀ ਮਿਟਾ ਕੇ ਪ੍ਰਭੂ ਦੇ ਦਰ ਤੇ, ਪ੍ਰਭੂ ਦੇ ਦਰਬਾਰ ਵਿਚ ਸੁਰਖਰੂ ਹੁੰਦਾ ਹੈ।9।
ਚੰਦੀ ਅਮਰ ਜੀਤ ਸਿੰਘ (ਚਲਦਾ)