ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ
ਸੂਹੀ ਮਹਲਾ 5 ॥
ਤੁਧੁ ਚਿiਤ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥
ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥1॥
ਹੇ ਪ੍ਰਭੂ ਜੇ ਤੂੰ ਚਿੱਤ ਵਿਚ ਆ ਵਸੈਂ, ਤਾਂ ਬੜਾ ਸੁਖ ਮਿਲਦਾ ਹੈ। ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ।
ਹੇ ਕਰਤਾਰ, ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ।1।
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥1॥ ਰਹਾਉ ॥
ਹੇ ਮੇਰੇ ਮਾਲਕ ਪ੍ਰਭੂ, ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ। ਹੇ ਪ੍ਰਭੂ ਮੈਂ ਤੇਰੇ ਅੱਗੇ ਅਰਜ਼ ਕਰਦਾ ਹਾਂ, ਮਿਹਰ ਕਰ, ਤੇਰੀ ਸਿਫਤ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।1।ਰਹਾਉ।
ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥
ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥2॥
ਹੇ ਪ੍ਰਭੂ, ਮੈਂ ਤੇਰੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ, ਮਿਹਰ ਕਰ, ਮੈਂ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ।
ਤੇਰੇ ਸੇਵਕ ਦੇ ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿਚ, ਹਿਰਦੇ ਵਿਚ ਵਸਾਈ ਰੱਖਾਂ, ਤੇਰੀ ਕਿਰਪਾ ਨਾਲ ਮੈਂ ਤੇਰੇ ਸੇਵਕਾਂ ਦੀ ਸੰਗਤ ਪ੍ਰਾਪਤ ਕਰਾਂ।2।
ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥
ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥3॥
ਹੇ ਪ੍ਰਭੂ, ਮੈਂ ਆਪਣੇ ਦਿਲ ਦੀ ਹਾਲਤ ਤੇਰੇ ਸਾਮ੍ਹਣੇ ਖੋਲ੍ਹ ਕੇ ਰੱਖ ਦਿੱਤੀ ਹੈ। ਮੈਨੂੰ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿਸਦਾ। ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿਚ ਜੋੜ ਲੈਦਾ ਹੈਂ, ਉਹ ਤੇਰੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਹੀ ਤੇਰਾ ਅਸਲ ਭਗਤ ਹੈ।3।
ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿiਬ ਤੁਠੈ ਪਾਵਾ ॥
ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥4॥9॥56॥
ਹੇ ਪ੍ਰਭੂ, ਮੈਂ ਆਪਣੇ ਦੋਵੇਂ ਹੱਥ ਜੋੜ ਕੇ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ। ਹੇ ਸਾਹਿਬ, ਤੇਰੇ ਤਰੁੱਠਣ ਨਾਲ ਹੀ ਮੈਂ ਇਹ ਦਾਨ ਲੈ ਸਕਦਾ ਹਾਂ। ਮਿਹਰ ਕਰ, ਨਾਨਕ ਹਰੇਕ ਸਾਹ ਦੇ ਨਾਲ ਤੇਰੀ ਆਰਾਧਨਾ ਕਰਦਾ ਰਹੇ, ਮੈਂ ਅੱਠੇ ਪਹਰ ਤੇਰੀ ਸਿਫਤ- ਸਾਲਾਹ ਦੇ ਗੀਤ ਗਾਂਦਾ ਰਹਾਂ।4।9।56॥
ਸੂਹੀ ਮਹਲਾ 5 ॥
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥1॥
ਹੇ ਮੇਰੇ ਮਾਲਕ ਪ੍ਰਭੂ, ਜਿਸ ਮਨੁੱਖ ਦੇ ਸਿਰ ਉੱਤੇ ਤੂੰ ਹੱਥ ਰੱਖੇਂ, ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਜਾਣਦਾ ਹੀ ਨਹੀਂ, ਮੌਤ ਦਾ ਸਹਮ ਵੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।1।
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥1॥ ਰਹਾਉ ॥
ਹੇ ਮੇਰੇ ਪ੍ਰਭੂ ਪਾਤਸ਼ਾਹ, ਤੂੰ ਆਪਣੇ ਸੰਤਾਂ ਦਾ ਰਾਖਾ ਹੈਂ, ਤੇਰੇ ਸੰਤ-ਜਨ ਤੇਰੇ ਆਸਰੇ ਰਹਿੰਦੇ ਹਨ। ਹੇ ਪ੍ਰਭੂ ਤੇਰੇ ਸੇਵਕਾਂ ਨੁੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਨ੍ਹਾਂ ਦੇ ਨੇੜੇ ਨਹੀਂ ਢੁੱਕਦਾ।1।ਰਹਾਉ।
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ ਕਾ ਜਨਮ ਮਰਣ ਦੁਖੁ ਨਾਸਾ ॥
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥2॥
ਹੇ ਮੇਰੇ ਮਾਲਕ, ਜਿਹੜੇ ਮਨੁੱਖ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਨ੍ਹਾਂ ਦਾ ਜੰਮਣ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ, ਉਨ੍ਹਾਂ ਨੂੰ ਗੁਰੂ ਦਾ ਦਿੱਤਾ ਹੋਇਆ ਇਹ ਭਰੋਸਾ ਚੇਤੇ ਰਹਿੰਦਾ ਹੈ ਕਿ ਉਨ੍ਹਾਂ ਉੱਤੇ ਹੋਈ ਤੇਰੀ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ।2।
ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥
ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥3॥
ਹੇ ਪ੍ਰਭੂ, ਤੇਰੇ ਸੰਤ-ਜਨ ਤੇਰਾ ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਗੁਰੂ ਦੀ ਸਰਨ ਵਿਚ ਆ ਕੇ, ਗੁਰੂ ਆਸਰੇ ਰਹਿ ਕੇ, ਉਹ ਪੰਜੇ ਕਾਮਾਦਿਕ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।3।
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਿਨ ਕਲ ਰਾਖੀ ਮੇਰੀ ॥ 4॥10॥57॥
ਮੈਨੂੰ ਨਾਨਕ ਨੂੰ ਵੀ ਆਤਮਕ ਜੀਵਨ ਦੀ ਸੂਝ ਨਹੀਂ ਸੀ, ਪ੍ਰਭੂ ਦੇ ਚਰਨਾਂ ਵਿਚ ਸੁਰਤ ਟਿਕਾਣੀ ਵੀ ਨਹੀਂ ਜਾਣਦਾ ਸੀ, ਗੁਰੂ ਦੀ ਸਰਨ ਵਿਚ ਰਹਣ ਸਦਕਾ ਮੈਂ ਉਸ ਸਭ ਤੋਂ ਵੱਡੇ ਨੂੰ ਮਿਲ ਪਿਆ ਹਾਂ, ਜਿਸ ਨੇ ਮੇਰੇ ਸਰੀਰ ਦੀ ਅਜਿਹੀ ਬਣਤਰ ਬਣਾਈ ਹੈ, ਜਿਸ ਵਿਚ ਉਸ ਦਾ ਆਪਣਾ ਨਿਵਾਸ ਹੈ, ਅਜਿਹਾ ਮਨ ਰਹਿੰਦਾ ਹੈ, ਜੋ ਕਰਤਾਰ ਵਿਚ ਲੀਨ ਹੋਣ ਦੀ ਸਮਰਥਾ ਰੱਖਦਾ ਹੈ।4।10।57।
ਚੰਦੀ ਅਮਰ ਜੀਤ ਸਿੰਘ