ਗੁਰਬਾਣੀ ਦੀ ਸਰਲ ਵਿਆਖਿਆ ਭਾਗ (420)
ਸਲੋਕੁ ਮ: 1 ॥
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥
ਸਣੁ ਕੀਸਾਰਾ ਚਿਿਥਆ ਕਣੁ ਲਇਆ ਤਨੁ ਝਾੜਿ ॥
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥1॥
ਜਦੋਂ ਕਣਕ ਆਦਿ ਫਸਲ ਦਾ ਬੂਟਾ ਪੱਕ ਜਾਂਦਾ ਹੈ ਤਾਂ ਉਤੋਂ ਉਤੋੰ ਵੱਢ ਲਈਦਾ ਹੈ, ਕਣਕ ਦੀ ਨਾੜ ਤੇ ਪੈਲੀ ਦੀ ਵਾੜ ਪਿੱਛੇ ਰਹਿ ਜਾਂਦੀ ਹੈ। ਫਸਲ ਨੂੰ ਸਿੱਟਿਆਂ ਸਮੇਤ ਗਾਹ ਲਈਦਾ ਹੈ, ਤੇ ਬੋਹਲ ਉਡਾ ਕੇ ਦਾਣੇ ਕੱਢ ਲਈਦੇ ਹਨ। ਚੱਕੀ ਦੇ ਦੋਵੇਂ ਪੁੜ ਰੱਖ ਕੇ, ਇਨ੍ਹਾਂ ਦਾਣਿਆ ਨੂੰ ਪੀਹਣ ਲਈ ਪ੍ਰਾਣੀ ਆ ਬੈਠਦਾ ਹੈ, ਪਰ ਹੇ ਨਾਨਕ, ਇਕ ਅਚਰਜ ਤਮਾਸ਼ਾ ਵੇਖਿਆ ਹੈ, ਜੋ ਦਾਣੇ ਚੱਕੀ ਦੇ ਦਰ ਤੇ, ਕਿੱਲੀ ਦੇ ਨੇੜੇ ਰਹਿੰਦੇ ਹਨ, ਉਹ ਪੀਸਣੋਂ ਬਚ ਜਾਂਦੇ ਹਨ, ਏਸੇ ਤਰ੍ਹਾਂ ਜੋ ਮਨੁੱਖ ਪ੍ਰਭੂ ਦੇ ਦਰ ਤੇ ਰਹਿੰਦੇ ਹਨ, ਉਨ੍ਹਾਂ ਨੂੰ ਜਗਤ ਦੇ ਵਿਕਾਰ ਪੋਹ ਨਹੀਂ ਸਕਦੇ।1।
ਮ: 1 ॥
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥
ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥
ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥
ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥
ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥2॥
ਹੇ ਭਾਈ, ਵੇਖ ਕਿ ਗੰਨਾ ਵੱਢੀਦਾ ਹੈ, ਛਿੱਲ ਛੱਲ ਕੇ ਰੱਸੀ ਪਾ ਕੇ ਬੰਨ੍ਹ ਲਈਦਾ ਹੈ, ਭਰੀਆਂ ਬੱਨ੍ਹ ਲਈਦੀਆਂ ਹਨ। ਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਮੱਲ, ਭਲਵਾਨ, ਜ਼ਿਮੀਦਾਰ ਇਸ ਨੂੰ ਮਾਨੋ ਸਜ਼ਾ ਦੇਂਦੇ ਹਨ, ਪੀੜਦੇ ਹਨ। ਸਾਰੀ ਰਹੁ ਕੜਾਹੇ ਵਿਚ ਪਾ ਲਈਦੀ ਹੈ, ਅੱਗ ਦੇ ਸੇਕ ਨਾਲ ਇਹ ਰਹੁ ਕੜ੍ਹਦੀ ਹੈ ਤੇ ਮਾਨੋ ਵਿਲਕਦੀ ਹੈ। ਗੰਨੇ ਦਾ ਉਹ ਫੋਕ, ਚੂਰਾ ਭੀ ਸਾਂਭ ਲਈਦਾ ਹੈ ਤੇ ਸੁਕਾ ਕੇ ਕੜਾਹੇ ਹੇਠ ਸਾੜ ਲਈਦਾ ਹੈ। ਹੇ ਨਾਨਕ, ਆਖ ਹੇ ਲੋਕੋ, ਗੰਨੇ ਦਾ ਹਾਲ ਵੇਖੋ, ਮਿੱਠੇ ਦੇ ਕਾਰਨ, ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ, ਗੰਨੇ ਵਾਙ ਇਉਂ ਹੀ ਖੁਆਰ ਹੋਈਦਾ ਹੈ।2।
ਪਵੜੀ ॥
ਇਕਨਾ ਮਰਣੁ ਨ ਚਿiਤ ਆਸ ਘਣੇਰਿਆ ॥
ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥
ਆਪਨੜੈ ਮਨਿ ਚਿਿਤ ਕਹਨਿ ਚੰਗੇਰਿਆ ॥
ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥
ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥
ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥
ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥
ਕਰਸਨਿ ਤਖਤਿ ਸਲਾਮੁ ਲਿਿਖਆ ਪਾਵਸੀ ॥11॥
ਕਈ ਬੰਦੇ ਦੁਨੀਆ ਦੀਆਂ ਬੜੀਆਂ ਆਸਾਂ ਮਨ ਵਿਚ ਬਣਾਂਦੇ ਰਹਿੰਦੇ ਹਨ, ਮੌਤ ਦਾ ਖਿਆਲ ਉਨ੍ਹਾਂ ਦੇ ਚਿੱਤ ਵਿਚ ਨਹੀਂ ਆਉਂਦਾ, ਉਹ ਨਿੱਤ ਜੰਮਦੇ ਮਰਦੇ ਹਨ, ਹਰ ਵੇਲੇ ਸਹਸਿਆਂ ਵਿਚ ਦੁਖੀ ਹੁੰਦੇ ਹਨ, ਕਦੇ ਘੜੀ ਸੁਖਾਲੇ ਤੇ ਫਿਰ ਦੁਖੀ ਦੇ ਦੁਖੀ। ਉਹ ਕਿਸੇ ਦੇ ਵੀ, ਕਦੀ ਵੀ ਯਾਰ ਨਹੀਂ ਬਣਦੇ। ਉਹ ਲੋਕ ਆਪਣੇ ਮਨ ਵਿਚ ਚਿੱਤ ਵਿਚ ਆਪਣੇ ਆਪ ਨੂੰ ਚੰਗੇ ਆਖਦੇ ਹਨ, ਪਰ ਉਨ੍ਹਾਂ ਮਨਮੁੱਖਾਂ ਨੂੰ ਜਮਰਾਜ ਸਦਾ ਹੀ ਵੇਖਦਾ ਰਹਿੰਦਾ ਹੈ, ਸਮਝਦੇ ਤਾਂ ਆਪਣੇ ਆਪ ਨੂੰ ਨੇਕ ਹਨ, ਪਰ ਕਰਤੂਤਾਂ ਉਹ ਹਨ, ਜਿਨ੍ਹਾਂ ਕਰ ਕੇ ਜਮਾਂ ਦੇ ਵੱਸ ਪੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਲੂਣ-ਹਰਾਮੀ ਬੰਦੇ, ਪਰਮਾਤਮਾ ਦੇ ਕੀਤੇ ਉਪਕਾਰ ਦੀ ਸਾਰ ਨਹੀਂ ਜਾਣਦੇ। ਬੱਧੇ-ਰੁੱਧੇ ਹੀ ਉਸ ਨੂੰ ਸਲਾਮਾਂ ਕਰਦੇ ਹਨ, ਇਸ ਤਰ੍ਹਾਂ ਉਸ ਖਸਮ ਨੂੰ ਪਿਆਰੇ ਨਹੀਂ ਲੱਗ ਸਕੀਦਾ।
ਜਿਸ ਮਨੁੱਖ ਨੂੰ ਰੱਬ ਮਿਲ ਪਿਆ ਹੈ, ਜਿਸ ਦੇ ਮੂੰਹ ਵਿਚ ਰੱਬ ਦਾ ਨਾਮ ਹੈ, ਉਹ ਖਸਮ-ਰੱਬ ਨੂੰ ਪਿਆਰਾ ਲੱਗਦਾ ਹੈ। ਉਸ ਨੂੰ ਤਖਤ ਉੱਤੇ ਬੈਠੇ ਨੂੰ ਸਾਰੇ ਲੋਕ ਸਲਾਮ ਕਰਦੇ ਹਨ, ਧੁਰੋਂ ਰੱਬ ਵਲੋਂ ਲਿਖੇ ਇਸ ਲੇਖ ਦੇ ਫਲ ਨੂੰ ਉਹ ਪ੍ਰਾਪਤ ਕਰਦਾ ਹੈ।11।
ਚੰਦੀ ਅਮਰ ਜੀਤ ਸਿੰਘ (ਚਲਦਾ)