ਗੁਰਬਾਣੀ ਦੀ ਸਰਲ ਵਿਆਖਿਆ ਭਾਗ (421)
ਮ: 1 ਸਲੋਕੁ ॥
ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥
ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥
ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥
ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿiਤ ਪਾਠ ॥
ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥
ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥
ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥1॥
ਤਾਰੂ ਪਾਣੀ, ਮੱਛੀ ਨੂੰ ਕੀ ਕਰ ਸਕਦਾ ਹੈ ? ਭਾਵੇਂ ਕਿੰਨਾਂ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ। ਆਕਾਸ਼ ਪੰਛੀ ਨੂੰ ਕੀ ਕਰ ਸਕਦਾ ਹੈ ? ਆਕਾਸ਼ ਕਿੰਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ। ਪਾਣੀ ਆਪਣੀ ਡੂੰਘਾਈ ਦਾ ਅਤੇ ਆਕਾਸ਼ ਆਪਣੇ ਖੁਲ੍ਹ-ਪੁਣੇ ਦਾ ਅਸਰ ਨਹੀਂ ਪਾ ਸਕਦਾ। ਪਾਲਾ, ਕੱਕਰ ਪੱਥਰ ਉੱਤੇ ਅਸਰ ਨਹੀਂ ਪਾ ਸਕਦਾ, ਘਰ ਦੇ ਵਸੇਬੇ ਦਾ ਅਸਰ, ਖੁਸਰੇ ਤੇ ਨਹੀਂ ਪੈਂਦਾ। ਜੇ ਕੁੱਤੇ ਨੂੰ ਚੰਦਨ ਵੀ ਲਾ ਦੇਈਏ ਤਾਂ ਵੀ ਉਸ ਦਾ ਅਸਲਾ ਕੁੱਤਿਆਂ ਵਾਲਾ ਹੀ ਰਹਿੰਦਾ ਹੈ। ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਸਿੰਮ੍ਰਿਤੀਆਂ ਦੇ ਪਾਠ ਉਸ ਦੇ ਕੋਲ ਕਰੀਏ, ਉਹ ਤਾਂ ਸੁਣ ਹੀ ਨਹੀਂ ਸਕਦਾ।
ਅੰਨ੍ਹੇ ਮਨੁੱਖ ਨੂੰ ਚਾਨਣ ਵਿਚ ਰੱਖਿਆ ਜਾਵੇ, ਉਸ ਦੇ ਕੋਲ ਭਾਵੇਂ ਪੰਜਾਹ ਦੀਵੇ ਪਏ ਬਲਣ, ਉਸ ਨੂੰ ਕੁਝ ਨਹੀਂ ਦਿਸਣਾ। ਚੁਗਣ ਗਏ ਪਸ਼ੂਆਂ ਦੇ ਵੱਗ ਅੱਗੇ ਜੇ ਸੋਨਾ ਖਿਲਾਰ ਦੇਈਏ, ਤਾਂ ਵੀ ਉਹ ਚੁਗ ਚੁਗ ਕੇ ਘਾਹ ਹੀ ਖਾਵੇਗਾ, ਸੋਨੇ ਦੀ ਉਸ ਨੂੰ ਕਦਰ ਨਹੀਂ ਪੈ ਸਕਦੀ। ਲੋਹੇ ਦਾ ਕੁਸ਼ੜਾ ਕਰ ਦੇਈਏ, ਤਾਂ ਵੀ ਢੱਲ ਕੇ ਉਹ ਕਪਾਹ ਵਰਗਾ ਨਰਮ ਨਹੀਂ ਹੋ ਸਕਦਾ।
ਹੇ ਨਾਨਕ, ਇਹੀ ਗੁਣ ਮੂਰਖ ਦੇ ਹਨ, ਕਿਤਨੀ ਮੱਤ ਦਿਓ, ਉਹ ਜਦੋਂ ਵੀ ਬੋਲਦਾ ਹੈ, ਸਦਾ ਉਹੀ ਬੋਲਦਾ ਹੈ ਜਿਸ ਨਾਲ ਕਿਸੇ ਦਾ ਨੁਕਸਾਨ ਹੀ ਹੋਵੇ।1।
ਮ: 1 ॥
ਕੈਹਾ ਕੰਚਨੁ ਤੁਟੈ ਸਾਰੁ ॥ ਅਗਨੀ ਗੰਢੁ ਪਾਏ ਲੋਹਾਰੁ ॥
ਗੋਰੀ ਸੇਤੀ ਤੁਟੈ ਭਤਾਰੁ ॥ ਪੁਤਂI ਗੰਢੁ ਪਵੈ ਸੰਸਾਰਿ ॥
ਰਾਜਾ ਮੰਗੈ ਦਿਤੈ ਗੰਢੁ ਪਾਇ ॥ ਭੁਖਿਆ ਗੰਢੁ ਪਵੈ ਜਾ ਖਾਇ ॥
ਕਾਲਾ ਗੰਢੁ ਨਦੀਆ ਮੀਹ ਝੋਲ ॥ ਗੰਢੁ ਪਰੀਤੀ ਮਿਠੇ ਬੋਲ ॥
ਬੇਦਾ ਗੰਢੁ ਬੋਲੇ ਸਚੁ ਕੋਇ ॥ ਮੁਇਆ ਗੰਢੁ ਨੇਕੀ ਸਤੁ ਹੋਇ ॥
ਏਤੁ ਗੰਢਿ ਵਰਤੈ ਸੰਸਾਰੁ ॥ ਮੂਰਖ ਗੰਢੁ ਪਵੈ ਮੁਹਿ ਮਾਰ ॥
ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰਢੁ ਪਵੈ ਦਰਬਾਰਿ ॥2॥
ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਵੇ ਤਾਂ ਲੁਹਾਰ ਜਾਂ ਸੁਨਾਰ ਅੱਗ ਨਾਲ ਗਾਂਢਾ ਲਾ ਦੇਂਦਾ ਹੈ। ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਵੇ ਤਾਂ ਜਗਤ ਵਿਚ ਇਨ੍ਹਾਂ ਦਾ ਜੋੜ ਪੁੱਤਰਾਂ ਦੀ ਰਾਹੀਂ ਬਣਦਾ ਹੈ। ਰਾਜਾ, ਪਰਜਾ ਪਾਸੋਂ ਮਾਮਲਾ, ਲਗਾਨ ਮੰਗਦਾ ਹੈ, ਨਾ ਦਿੱਤਾ ਜਾਵੇ ਤਾਂ ਰਾਜਾ, ਪਰਜਾ ਦੀ ਵਿਗੜਦੀ ਹੈ, ਮਾਮਲਾ ਦਿੱਤਿਆਂ ਰਾਜਾ ਅਤੇ ਪਰਜਾ ਦੀ ਬਣ ਆਉਂਦੀ ਹੈ। ਭੁੱਖ ਨਾਲ ਬੇਹਾਲ ਬੰਦੈ ਦੀ ਆਪਣੇ ਸਰੀਰ ਨਾਲ ਤਾਂ ਹੀ ਬਣੀ ਰਹਿੰਦੀ ਹੈ, ਜੇ ਉਹ ਰੋਟੀ ਖਾਵੇ। ਕਾਲ ਨੂੰ ਗੰਢ ਪੈਂਦੀ ਹੇ, ਕਾਲ ਮੁੱਕ ਜਾਂਦਾ ਹੈ ਜੇ ਬਹੁਤੇ ਮੀਂਹ ਪੈ ਕੇ, ਨਦੀਆਂ ਚੱਲਣ। ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ, ਪਿਆਰ ਪੈਦਾ ਹੁੰਦਾ ਹੈ। ਵੇਦ ਆਦਿ ਧਰਮ-ਪੁਸਤਕਾਂ ਨਾਲ ਮਨੁੱਖ ਦਾ ਤਦ ਹੀ ਜੋੜ ਮਿਲਦਾ ਹੈ ਜੇ ਬੰਦਾ ਸੱਚ ਤੇ ਚੱਲੇ। ਮੁਏ ਬੰਦਿਆਂ ਦਾ ਜਗਤ ਨਾਲ ਸੰਬੰਧ ਬਣਿਆ ਰਹਿੰਦਾ ਹੈ, ਪਿੱਛੋਂ ਲੋਕ ਯਾਦ ਕਰਦੇ ਹਨ, ਜੇ ਬੰਦਾ ਭਲਾਈ ਤੇ ਦੂਸਰਿਆ ਦੀ ਮਦਦ ਕਰਦਾ ਰਹੇ। ਇਸ ਤਰ੍ਹਾਂ ਦੇ ਸੰਬੰਧ ਨਾਲ ਸੰਸਾਰ ਦਾ ਵਿਹਾਰ ਚਲਦਾ ਹੈ। ਮੂੰਹ ਤੇ ਪਈ ਮਾਰ, ਮੂਰਖ ਦੇ ਮੂਰਖ-ਪੁਣੇ ਨੂੰ ਰੋਕ ਪਾਂਦੀ ਹੈ
ਨਾਨਕ, ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ, ਪਰਮਾਤਮਾ ਦੀ ਸਿਫਤ-ਸਾਲਾਹ ਦੀ ਰਾਹੀਂ ਪ੍ਰਭੂ ਦੇ ਦਰਬਾਰ ਵਿਚ ਆਦਰ- ਪਿਆਰ ਦਾ ਜੋੜ ਜੁੜਦਾ ਹੈ।2।
ਪਉੜੀ ॥
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
ਸਤਿਗੁਰ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥12॥
ਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਉਸ ਦਾ ਧਿਆਨ ਰੱਖਣ ਦੀ ਵਿਚਾਰ ਕਰਦਾ ਹੈ, ਪਰ ਏਥੇ ਕਈ ਜੀਵ ਖੋਟੇ ਹਨ, ਮਨੁੱਖਤਾ ਦੇ ਮਾਪ ਤੋਂ ਹੌਲੇ ਹਨ, ਤੇ ਕਈ ਸ਼ਾਹੀ ਸਿੱਕੇ ਵਾਙ ਖਰੇ ਹਨ, ਇਨ੍ਹਾਂ ਸਭਨਾਂ ਦੀ ਪਰਖ ਕਰਨ ਵਾਲਾ ਵੀ ਆਪ ਹੀ ਹੈ। ਰੁਪਏ ਆਦਿਕ ਵਾਙ ਖਰੇ-ਖੋਟੇ ਪ੍ਰਭੂ ਦੇ ਖਜ਼ਾਨੇ ਵਿਚ ਪਾਏ ਜਾਂਦੇ ਹਨ, ਉਨ੍ਹਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ, ਤੇ ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ, ਇਹ ਜੀਵ ਭਲਿਆਂ ਵਿਚ ਰਲ ਨਹੀਂ ਸਕਦੇ, ਸੱਚੀ ਦਰਗਾਹ ਵਿਚੋਂ ਇਨ੍ਹਾਂ ਨੂੰ ਧੱਕਾ ਮਿਲਦਾ ਹੈ। ਕੋਈ ਹੋਰ ਥਾਂ ਐਸੀ ਨਹੀਂ ਜਿੱਥੇ ਇਹ ਸਹੈਤਾ ਲਈ ਫਰਿਆਦ ਕਰ ਸਕਣ।
ਇਨ੍ਹਾਂ ਹੌਲੇ ਜੀਵਨ ਵਾਲੇ ਜੀਵਾਂ ਲਈ, ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਇਹ ਸੱਚੇ ਗੁਰੂ(ਸ਼ਬਦ ਗੁਰੂ) ਦੀ ਸਰਨੀਂ ਜਾ ਪੈਣ। ਗੁਰੂ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ ਕਿਉਂਕਿ ਗੁਰੂ ਆਪਣੇ ਸ਼ਬਦ ਦੀ ਰਾਹੀਂ ਖਰੇ ਬਨਾਣ ਦੇ ਸਮਰੱਥ ਹੈ, ਫਿਰ ਉਹ ਗੁਰੂ ਦੇ ਬਖਸ਼ੇ ਪ੍ਰੇਮ ਪਿਆਰ ਦੇ ਕਾਰਨ, ਪਰਮਾਤਮਾ ਦੀ ਦਰਗਾਹ ਵਿਚ ਆਦਰ ਪਾਂਦੇ ਹਨ ਤੇ ijਨ੍ਹਾਂ ਨੂੰ ਕਰਤਾਰ ਨੇ ਆਪ ਬਖਸ਼ ਲਿਆ, ਉਨ੍ਹਾਂ ਦੀ ਐਬ-ਜੋਈ ਕਿਸੇ ਕੀ ਕਰਨੀ ਹੋਈ ? ।12।
ਚੰਦੀ ਅਮਰ ਜੀਤ ਸਿੰਘ (ਚਲਦਾ)
ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (421)
Page Visitors: 96