ਗੁਰਬਾਣੀ ਦੀ ਸਰਲ ਵਿਆਖਿਆ ਭਾਗ (422)
ਸਲੋਕੁ ਮ: 1 ॥
ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥
ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥
ਏਕ ਤੂਹੀ ਏਕ ਤੁਹੀ ॥1॥
ਪੀਰ, ਸ਼ੇਖ, ਰਾਜੇ ਆਦਿ ਸਾਰੀ ਦੁਨੀਆ ਅੰਤ ਨੂੰ ਧਰਤੀ ਦੇ ਥੱਲੇ ਆ ਜਾਂਦੇ ਹਨ, ਇਸ ਧਰਤੀ ਤੇ ਹੁਕਮ ਕਰਨ ਵਾਲੇ ਬਾਦਸ਼ਾਹ ਵੀ ਨਾਸ ਹੋ ਜਾਂਦੇ ਹਨ। ਸਦਾ ਇਕੋ ਕਾਇਮ ਰਹਣ ਵਾਲਾ, ਹੇ ਪਰਮਾਤਮਾ ਤੂੰ ਹੀ ਹੈਂ, ਇਕ ਤੂੰ ਹੀ ਹੈਂ।1।
ਮ: 1 ॥
ਨ ਦੇਵ ਦਾਨਵਾ ਨਰਾ ॥ ਨ ਸਿਧ ਸਾਧਿਕਾ ਧਰਾ ॥
ਅਸਤਿ ਏਕ ਦਿਗਰਿ ਕੁਈ ॥ ਏਕ ਤੁਈ ਏਕ ਤੁਈ ॥2॥
ਨਾ ਦੇਵਤੇ, ਨਾ ਦੈਂਤ, ਨਾ ਮਨੁੱਖ, ਨਾ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਨਾ ਜੋਗ-ਸਾਧਨਾ ਕਰਨ ਵਾਲੇ, ਕੋਈ ਵੀ ਧਰਤੀ ਤੇ ਨਾ ਰਿਹਾ। ਕੀ ਸਦਾ-ਥਿਰ ਰਹਣ ਵਾਲਾ ਹੋਰ ਕੋਈ ਹੈ ? ਹੇ ਪ੍ਰਭੂ, ਸਦਾ ਕਾਇਮ ਰਹਣ ਵਾਲਾ ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ।2।
ਮ: 1
ਨ ਦਾਦੇ ਦਿਹੰਦ ਆਦਮੀ ॥ ਨ ਸਪਤ ਜੇਰ ਜਿਮੀ ॥
ਅਸਤਿ ਏਕ ਦਿਗਰਿ ਕੁਈ ॥ ਏਕ ਤੁਈ ਏਕ ਤੁਈ ॥3॥
ਨਾ ਹੀ ਇੰਸਾਫ ਕਰਨ ਵਾਲੇ, ਦੁਨੀਆ ਦੇ ਝਗੜੇ ਨਿਬੇੜਨ ਵਾਲੇ ਆਦਮੀ, ਸਦਾ ਏਥੇ ਰਹਣ ਵਾਲੇ ਹਨ, ਨਾ ਹੀ ਧਰਤੀ ਦੇ ਹੇਠਲੇ ਸੱਤ ਪਾਤਾਲ ਹੀ ਸਦਾ ਰਹਿ ਸਕਦੇ ਹਨ। ਸਦਾ ਰਹਣ ਵਾਲਾ ਹੋਰ ਦੂਜਾ ਕੌਣ ਹੈ ? ਹੇ ਪ੍ਰਭੂ, ਸਦਾ ਕਾਇਮ ਰਹਣ ਵਾਲਾ ਇਕ ਤੂੰ ਹੀ ਹੈਂ।3।
ਮ: 1 ॥
ਨ ਸੂਰ ਸਸਿ ਮੰਡਲੋ ॥ ਨ ਸਪਤ ਦੀਪ ਨਹ ਜਲੋ ॥
ਅੰਨ ਪਉਣ ਥਿਰੁ ਨ ਕੁਈ ॥ ਏਕੁ ਤੁਈ ਏਕੁ ਤੁਈ ॥4॥
ਨਾ ਸੂਰਜ, ਨਾ ਚੰਦਰਮਾ, ਨਾ ਇਹ ਦਿਸਦਾ ਆਕਾਸ਼, ਨਾ ਧਰਤੀ ਦੇ ਸੱਤ ਦੀਪ, ਨਾ ਪਾਣੀ, ਨਾ ਅੰਨ, ਨਾ ਹਵਾ, ਕੋਈ ਵੀ ਥਿਰ ਰਹਣ ਵਾਲਾ ਨਹੀਂ। ਸਦਾ ਰਹਣ ਵਾਲਾ ਹੇ ਪ੍ਰਭੂ, ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ।4।
ਮ: 1 ॥
ਨ ਰਿਜਕੁ ਦਸਤ ਆ ਕਸੇ ॥ ਹਮਾ ਰਾ ਏਕੁ ਆਸ ਵਸੇ ॥
ਅਸਤਿ ਏਕੁ ਦਿਗਰ ਕੁਈ ॥ ਏਕ ਤੁਈ ਏਕੁ ਤੁਈ ॥5॥
ਜੀਵਾਂ ਦਾ ਰਿਜ਼ਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇ ਹੱਥ ਵਿਚ ਨਹੀਂ ਹੈ। ਸਭ ਜੀਵਾਂ ਨੂੰ, ਬੱਸ ਇਕ ਪ੍ਰਭੂ ਦੀ ਹੀ ਆਸ ਹੈ, ਕਿਉਂਕਿ ਸਦਾ-ਥਿਰ ਹੋਰ ਕੋਈ ਹੈ ਹੀ ਨਹੀਂ। ਸਦਾ ਰਹਣ ਵਾਲਾ, ਹੇ ਪ੍ਰਭੂ, ਇਕ ਤੂੰ ਹੀ ਹੈਂ।5।
ਮ: 1 ॥
ਪਰੰਦਏ ਨ ਗਿਰਾਹ ਜਰ ॥ ਦਰਖਤ ਆਬ ਆਸ ਕਰ ॥
ਦਿਹੰਦ ਸੁਈ ॥ ਏਕ ਤੁਈ ਏਕ ਤੁਈ ॥6॥
ਪੰਛੀਆਂ ਦੇ ਗੰਢ-ਪੱਲੇ ਧਨ ਨਹੀਂ ਹੈ, ਉਹ ਪਰਮਾਤਮਾ ਦੇ ਬਣਾਏ ਹੋਏ ਰੁੱਖਾਂ ਅਤੇ ਪਾਣੀ ਦਾ ਆਸਰਾ ਹੀ ਲੈਂਦੇ ਹਨ, ਉਨ੍ਹਾਂ ਨੂੰ ਰੋਜ਼ੀ ਦੇਣ ਵਾਲਾ ਉਹੀ ਪ੍ਰਭੂ ਹੈ। ਹੇ ਪ੍ਰਭੂ, ਇਨ੍ਹਾਂ ਦਾ ਰਿਜ਼ਕ-ਦਾਤਾ ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ।6।
ਮ: 1 ॥
ਨਾਨਕ ਲਿਲਾਰਿ ਲਿiਖਆ ਸੋਇ ॥ ਮੇਟਿ ਨ ਸਾਕੈ ਕੋਇ ॥
ਕਲਾ ਧਰੈ ਹਿਰੈ ਸੁਈ ॥ ਏਕੁ ਤੁਈ ਏਕੁ ਤੁਈ ॥7॥
ਹੇ ਨਾਨਕ, ਜੀਵ ਦੇ ਮੱਥੇ ਤੇ, ਜੋ ਕੁਝ ਕਰਤਾਰ ਵਲੋਂ ਲਿiਖਆ ਗਿਆ ਹੈ, ਉਸ ਨੂੰ ਕੋਈ ਮਿਟਾ ਨਹੀਂ ਸਕਦਾ। ਜੀਵ ਦੇ ਅੰਦਰ ਉਹੀ ਪ੍ਰਭੂ ਸੱਤਿਆ ਪਾਂਦਾ ਹੈ, ਉਹੀ ਖੋਹ ਲੈਂਦਾ ਹੈ। ਹੇ ਪ੍ਰਭੂ ਜੀਵਾਂ ਨੂੰ ਸੱਤਿਆ ਦੇਣ ਤੇ ਖੋਹ ਲੈਣ ਵਾਲਾ ਇਕ ਤੂੰ ਹੀ ਹੈਂ,
ਇਕ ਤੂੰ ਹੀ ਹੈਂ।7।
ਪਉੜੀ ॥
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥
ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥
ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥
ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥
ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥
ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥
ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥
ਨਾਨਕ ਪਾਰਖੁ ਆਪਿ ਜਿiਨ ਖੋਟਾ ਖਰਾ ਪਛਾਣਿਆ ॥13॥
ਹੇ ਪ੍ਰਭੂ, ਤੇਰਾ ਹੁਕਮ ਸਦਾ-ਥਿਰ ਰਹਣ ਵਾਲਾ ਹੈ, ਗੁਰੂ ਦੇ ਸਨਮੁੱਖ ਹੋਇਆਂ, ਇਸ ਦੀ ਸਮਝ ਪੈਂਦੀ ਹੈ। ਜਿਸ ਨੇ ਗੁਰੂ ਦੀ ਮੱਤ ਲੈ ਕੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੇ ਤੈਨੂੰ ਸਦਾ ਕਾਇਮ ਰਹਣ ਵਾਲੇ ਨੂੰ ਪਛਾਣ ਲਿਆ ਹੈ। ਹੇ ਪ੍ਰਭੂ, ਤੇਰਾ ਦਰਬਾਰ ਸਦਾ-ਥਿਰ ਹੈ, ਇਸ ਤੱਕ ਅੱਪੜਨ ਲਈ ਗੁਰੂ ਦਾ ਸ਼ਬਦ ਰਾਹਦਾਰੀ ਹੈ। ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ, ਉਹ ਸੱਚ ਵਿਚ ਲੀਨ ਹੋ ਜਾਂਦੇ ਹਨ। ਪਰ ਮਨ ਦੇ ਪਿੱਛੇ ਤੁਰਨ ਵਲੇ ਕੂੜ ਹੀ ਵਿਹਾਝਦੇ ਹਨ, ਭਟਕਣਾ ਵਿਚ ਖੁੰਝੇ ਫਿਰਦੇ ਹਨ। ਉਨ੍ਹਾਂ ਦਾ ਵਸੇਬਾ ਗੰਦ ਵਿਚ ਹੀ ਰਹਿੰਦਾ ਹੈ, ਸ਼ਬਦ ਦਾ ਆਨੰਦ ਉਹ ਨਹੀਂ ਸਮਝ ਸਕੇ, ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾ ਕੇ ਜਨਮ-ਮਰਨ ਦੇ ਚੱਕਰ ਵਿਚ ਪਏ ਰਹਿੰਦੇ ਹਨ। ਹੇ ਨਾਨਕ, ਪਰਖਣ ਵਾਲਾ ਪ੍ਰਭੂ ਆਪ ਹੀ ਹੈ, ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ, ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ, ਤੇ ਖਰਾ ਕੌਣ ਹੈ ? ।13।
ਚੰਦੀ ਅਮਰ ਜੀਤ ਸਿੰਘ (ਚਲਦਾ)