ਗੁਰਬਾਣੀ ਦੀ ਸਰਲ ਵਿਆਖਿਆ ਭਾਗ (426)
ਸਲੋਕੁ ਮ: 1 ॥
ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥
ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥
ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥
ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥
ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥
ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥
ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥
ਭੀ ਉਠਿ ਰਚਿਓਨੁ ਵਾਦੁ ਸੈ ਵਰਿ੍ਆ ਕੀ ਪਿੜ ਬਧੀ ॥
ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥
ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥1॥
ਜੋ ਮਨੁੱਖ ਸਵੇਰੇ ਹੀ ਪ੍ਰਭੂ ਦੀ ਸਿਫਤ-ਸਾਲਾਹ ਕਰਦੇ ਹਨ, ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ, ਵੇਲੇ-ਸਿਰ, ਸੁਬਹਾ-ਸਵੇਰੇ ਮਨ ਨਾਲ ਜੰਗ ਕਰਦੇ ਹਨ, ਆਲਸ ਵਿਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਹਨ, ਉਹੀ ਪੂਰੇ ਸ਼ਾਹ ਹਨ। ਦਿਨ-ਚੜ੍ਹੇ ਮਨ ਦੀਆਂ ਵਾਸਨਾਂ ਖਿਲਰ ਜਾਂਦੀਆਂ ਹਨ, ਮਨ ਕਈ ਰਾਹੀਂ ਦੌੜਦਾ ਹੈ, ਮਨੁੱਖ ਦੁਨੀਆਂ ਦੇ ਧੰਦਿਆਂ ਦੇ ਡੂੰਘੇ ਸਮੁੰਦਰ ਵਿਚ ਪੈ ਜਾਂਦੇ ਹਨ, ਵਿਚੇ ਹੀ ਅਜਿਹੇ ਗੋਤੇ ਖਾਂਦੇ ਹਨ, ਫਸਦੇ ਹਨ ਕਿ ਨਿੱਕਲ ਨਹੀਂ ਸਕਦੇ।
ਤੀਜੇ ਪਹਰ ਭੁੱਖ ਤੇ ਤ੍ਰਿਹ ਦੋਵੇਂ ਚਮਕ ਪੈਂਦੀਆਂ ਹਨ, ਜੀਵ ਰੋਟੀ ਖਾਣ ਦੇ ਆਹਰੇ ਲੱਗ ਜਾਂਦੇ ਹਨ, ਜਦੋਂ ਜੋ ਕੁਝ ਖਾਧਾ ਹੁੰਦਾ ਹੈ, ਹਜ਼ਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ।
ਚੌਥੇ ਪਹਰ ਨੀਂਦ ਆ ਦਬਾਂਦੀ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਵਿਚ ਸੌਂ ਜਾਂਦਾ ਹੈ, ਨੀਂਦਰੋਂ ਉੱਠ ਕੇ ਮੁੜ ਜਗਤ ਦੇ ਧੰਦਿਆਂ ਦਾ ਉਹੀ ਝਮੇਲਾ, ਮਾਨੋ ਮਨੁੱਖ ਨੇ ਏਥੇ ਸੈਂਕੜੇ ਵਰ੍ਹਿਆਂ ਦੇ ਜੀਣ ਦਾ ਘੋਲ ਮਚਾਇਆ ਹੋਇਆ ਹੈ। ਸੋ ਸੁਭਹਾ ਸਵੇਰੇ ਦਾ ਵੇਲਾ ਹੀ
ਸਿਮਰਨ ਲਈ ਜ਼ਰੂਰੀ ਹੈ, ਪਰ ਜਦੋਂ ਸੁਬਹਾ-ਸਵੇਰੇ ਦੇ ਅਭਿਆਸ ਨਾਲ, ਅੱਠੋਂ ਪਹਰ ਪਰਮਾਤਮਾ ਦਾ ਡਰ-ਅਦਬ ਮਨ ਵਿਚ ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ, ਮਨ ਪ੍ਰਭੂ ਦੇ ਚਰਨਾਂ ਵਿਚ ਜੁੜ ਸਕਦਾ ਹੈ। ਇਸ ਤਰ੍ਹਾਂ ਹੇ ਨਾਨਕ, ਅੱਠੇ ਪਹਰ ਜੇ ਮਾਲਕ ਮਨ ਵਿਚ ਵਸਿਆ ਰਹੇ, ਤਾਂ ਸਦਾ ਟਿਿਕਆ ਰਹਣ ਵਾਲਾ ਆਤਮਕ ਇਸ਼ਨਾਨ ਪ੍ਰਾਪਤ ਹੁੰਦਾ ਹੈ।1।
ਮ: 2 ॥
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥2॥
ਜਿਨ੍ਹਾਂ ਮਨੁੱਖਾਂ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ ਉਹੀ ਪੂਰੇ ਸ਼ਾਹ ਹਨ, ਉਹ ਇਕ ਪਰਮਾਤਮਾ ਦੇ ਰੰਗ, ਪਿਆਰ ਵਿਚ ਅੱਠੇ ਪਹਰ ਦੁਨੀਆ ਵਲੋਂ ਬੇ-ਪਰਵਾਹ ਰਹਿੰਦੇ ਹਨ, ਕਿਸੇ ਦੇ ਮੁਥਾਜ ਨਹੀਂ ਹੁੰਦੇ। ਪਰ ਅਜਿਹੇ ਬੰਦੇ ਬੜੇ ਘੱਟ ਮਿਲਦੇ ਹਨ, ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਸਰੂਪ ਵਿਚ ਹਰ ਵੇਲੇ ਜੁੜੇ ਰਹਣ।
ਹੇ ਨਾਨਕ, ਪੂਰੇ ਬੋਲ ਵਾਲਾ ਪੂਰਨ ਗੁਰੂ, ਪੂਰੇ ਭਾਗਾਂ ਨਾਲ, ਜਿਸ ਮਨੁੱਖ ਨੂੰ ਪੂਰਨ ਬਣਾ ਦੇਂਦਾ ਹੈ, ਉਸ ਦਾ ਤੋਲ ਘਟਦਾ ਨਹੀਂ, ਰੱਬ ਨਾਲ ਉਸ ਦਾ ਅੱਠੇ ਪਹਰ ਦਾ ਸੰਬੰਧ ਘਟਦਾ ਨਹੀਂ।2।
ਪਉੜੀ ॥
ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥
ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥
ਏਨੈ ਚਿiਤ ਕਠੋਰਿ ਸੇਵ ਗਵਾਈਐ ॥
ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥
ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥
ਕੋਇ ਨ ਆਖੈ ਘਟਿ ਹਉਮੈ ਜਾਈਐ ॥
ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥
ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥17॥
ਹੇ ਪ੍ਰਭੂ, ਮੈਂ ਸੱਚ ਕਹਿਂਦਾ ਹਾਂ ਕਿ ਜਦੋਂ ਤੂੰ ਮੇਰਾ ਰਾਖਾ ਹੈਂ ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ। ਪਰ ਜਿਸ ਜੀਵ-ਇਸਤ੍ਰੀ ਨੂੰ ਜਗਤ ਦੇ ਧੰਦੇ-ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ, ਮਹਲ ਲੱਭਦਾ ਨਹੀਂ, ਉਸ ਨੇ ਕਠੋਰ ਚਿੱਤ ਦੇ ਕਾਰਨ ਆਪਣੀ ਸਾਰੀ ਮਿਹਨਤ ਗਵਾ ਲਈ ਹੈ। ਜਿਸ ਹਿਰਦੇ ਵਿਚ ਸੱਚ ਨਹੀਂ ਵੱਸਿਆ, ਉਹ ਹਿਰਦਾ ਸਦਾ ਭੱਜਦਾ-ਘੜੀਂਦਾ ਰਹਿੰਦਾ ਹੈ, ਉਸ ਦਾ ਜਨਮ-ਮਰਨ ਦਾ ਗੇੜ ਬਣਿਆ ਰਹਿੰਦਾ ਹੈ, ਜਦੋਂ ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ, ਉਹ ਪੂਰੇ ਵੱਟੇ ਨਾਲ ਤੋਲ ਵਿਚ ਕਿਵੇਂ ਪੂਰਾ ਉੱਤਰੇ ? ਹਾਂ ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ ਤੋਲੋਂ ਘੱਟ ਨਹੀਂ ਆਖਦਾ। ਖਰੇ ਜੀਵ, ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ, ਇਹ ਸੌਦਾ, ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ, ਇਕੋ ਹੀ ਹੱਟੀ ਤੋਂ, ਪੂਰੇ ਗੁਰੂ ਤੋਂ ਹੀ ਮਿਲਦਾ ਹੈ।17।
ਚੰਦੀ ਅਮਰ ਜੀਤ ਸਿੰਘ (ਚਲਦਾ)