ਗੁਰਬਾਣੀ ਦੀ ਸਰਲ ਵਿਆਖਿਆ ਭਾਗ (427)
ਸਲੋਕ ਮ: 2 ॥
ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥
ਤਿਸੁ ਵਿiਚ ਨਉ ਨਿiਧ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥
ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥
ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥
ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥
ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥
ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥1॥
ਜੇ ਧਰਤੀ ਦੇ 9 ਖੰਡਾਂ ਵਿਚੋਂ, ਨੌਵਾਂ ਖੰਡ, ਮਨੁੱਖ ਸਰੀਰ ਨੂੰ ਮੰਨ ਲਿਆ ਜਾਵੇ, ਤਾਂ ਅੱਠੇ ਪਹਰ ਮਨੁੱਖ ਦਾ ਮਨ ਧਰਤੀ ਦੇ ਸਾਰੇ ਅੱਠ ਖੰਡੀ ਪਦਾਰਥਾਂ ਵਿਚ ਲੱਗਾ ਰਹਿੰਦਾ ਹੈ। ਹੇ ਨਾਨਕ, ਕੋਈ ਵਿਰਲੇ ਭਾਗਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ ਇਸ ਨਾਂਵੇਂ ਖੰਡ ਸਰੀਰ ਵਿਚ ਨਾਉਂ-ਨਿਿਧ ਨਾਮ ਲੱਭਦੇ ਹਨ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਭਾਲਦੇ ਹਨ।
ਸਵੇਰ ਦੇ ਚਉਥੇ ਪਹਰ, ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿਚ ਇਸ ਨਾਉਂ ਨਿਿਧ ਨਾਮ ਲਈ ਚਾਉ ਪੈਦਾ ਹੁੰਦਾ ਹੈ, ਉਸ ਵੇਲੇ ਉਨ੍ਹਾਂ ਦੀ ਸਾਂਝ ਉਨ੍ਹਾਂ ਗੁਰਮੁਖਾਂ ਨਾਲ ਬਣਦੀ ਹੈ, ਜਿਨ੍ਹਾਂ ਦੇ ਅੰਦਰ ਨਾਮ ਦਾ ਪਰਵਾਹ ਚੱਲ ਰਿਹਾ ਹੈ, ਅਤੇ ਉਨ੍ਹਾਂ ਦੇ ਮਨ ਵਿਚ ਤੇ ਮੂੰਹ ਵਿਚ ਸੱਚਾ ਨਾਮ ਵੱਸਦਾ ਹੈ। ਓਥੇ ਸਤ-ਸੰਗ ਵਿਚ ਨਾਮ-ਅੰਮ੍ਰਿਤ ਵੰਡਿਆ ਜਾਂਦਾ ਹੈ, ਪ੍ਰਭੂ ਦੀ ਮਿਹਰ ਨਾਲ ਉਨ੍ਹਾਂ ਨੂੰ ਨਾਮ ਦੀ ਦਾਤ ਮਿਲਦੀ ਹੈ। ਜਿਵੇਂ ਤਾਉ ਦੇ ਦੇ ਕੇ ਸੋਨੇ ਨੂੰ ਕੱਸ ਲਾਈਦੀ ਹੈ, ਤਿਵੇਂ ਪ੍ਰਭੂ ਨੂੰ ਮਿਲਣ ਦੇ ਵੇਲੇ ਦੀ ਘਾਲ-ਕਮਾਈ ਦੀ ਉਨ੍ਹਾਂ ਦੇ ਸਰੀਰ ਨੂੰ ਕੱਸ ਲਾਈਦੀ ਹੈ, ਤੇ ਭਗਤੀ ਦਾ ਸੋਹਣਾ ਰੰਗ ਚੜ੍ਹਦਾ ਹੈ। ਜਦੋਂ ਸਰਾਫ-ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ, ਫੇਰ ਤਪਾਣ ਦੀ, ਹੋਰ ਘਾਲਾਂ ਦੀ ਲੋੜ ਨਹੀਂ ਰਹਿੰਦੀ।
ਅਠਵਾਂ ਪਹਰ, ਪ੍ਰਭੂ ਚਰਨਾਂ ਵਿਚ ਵਰਤ ਕੇ ਬਾਕੀਦੇ ਸੱਤ ਪਹਰ ਵੀ, ਭਲਾ ਆਚਰਨ ਬਨਾਣ ਦੀ ਲੋੜ ਹੈ, ਗੁਰਮੁੱਖਾਂ ਪਾਸ ਬੈਠਣ ਦੀ ਲੋੜ ਹੈ, ਉਨ੍ਹਾਂ ਦੀ ਸੰਗਤ ਵਿਚ ਬੈਠਿਆਂ, ਚੰਗੇ-ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਝੂਠ ਦੀ ਪੂੰਜੀ ਘਟਦੀ ਹੈ, ਕਿਉਂਕਿ ਉਸ ਸੰਗਤ ਵਿਚ ਖੋਟੇ ਕੰਮਾਂ ਨੂੰ ਸੁੱਟ ਦਈਦਾ ਹੈ ਤੇ ਖਰੇ ਕੰਮਾਂ ਦੀ ਵਡਿਆਈ ਕੀਤੀ ਜਾਂਦੀ ਹੈ। ਅਤੇ ਹੇ ਨਾਨਕ, ਓਥੇ ਇਹ ਵੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲ੍ਹਾ ਕਰਨਾ ਵਿਅਰਥ ਹੈ, ਦੁਖ-ਸੁਖ ਉਹ ਖਸਮ ਪ੍ਰਭੂ ਆਪ ਹੀ ਦੇਂਦਾ ਹੈ।1।
ਮ: 2 ॥
ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥2॥
ਹਵਾ, ਮਾਨੋ ਜੀਵਾਂ ਦਾ ਗੁਰੂ ਹੈ, ਹਵਾ ਸਰੀਰਾਂ ਲਈ ਇਉਂ ਹੈ ਜਿਵੇਂ ਜੀਵਾਂ ਦੀ ਆਤਮਾ ਲਈ ਗੁਰੂ ਹੈ। ਪਾਣੀ ਸਭ ਜੀਵਾਂ ਦਾ ਪਿਉ ਹੈ, ਅਤੇ ਧਰਤੀ, ਸਭ ਦੀ ਵੱਡੀ-ਮਾਂ ਹੈ। ਦਿਨ ਅਤੇ ਰਾਤ ਜੀਵਾਂ ਦਾ ਖਿਡਾਵਾ ਅਤੇ ਖਿਡਾਵੀ ਹਨ, ਇਨ੍ਹਾਂ ਨਾਲ ਸਾਰਾ ਸੰਸਾਰ ਖੇਡ ਰਿਹਾ ਹੈ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ। ਧਰਮ-ਰਾਜ ਬੜੇ ਗਹੁ ਨਾਲ ਇਨ੍ਹਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕੰਮ ਨਿੱਤ ਵਿਚਾਰਦਾ ਹੈ। ਤੇ ਆਪੋ-ਆਪਣੇ, ਇਨ੍ਹਾਂ ਕੀਤੇ ਹਇੇ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ-ਪੁਰਖ ਦੇ ਨੇੜੇ ਹੁੰਦੇ ਜਾ ਰਹੇ ਹਨ, ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, ਪ੍ਰਭੂ ਦੇ ਦਰ ਤੇ ਉਹ ਸੁਰਖਰੂ ਹਨ, ਹੋਰ ਬਥੇਰੀ ਲੁਕਾਈ ਵੀ ਉਨ੍ਹਾਂ ਦੀ ਸੰਗਤ ਵਿਚ ਰਹਿ ਕੇ ਮੁਕਤ ਹੋ ਜਾਂਦੀ ਹੈ।2।
ਪਉੜੀ ॥
ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥
ਸਚੇ ਹੀ ਪਤੀਆਇ ਸਚਿ ਵਿਗਸਿਆ ॥
ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥
ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥
ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥
ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥
ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥
ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥18॥
ਜਿਸ ਭਾਗਾਂ ਵਾਲੇ ਨੂੰ ਸੱਚੇ ਗੁਰੂ ਨੇ ਆਤਮਾ ਲਈ ਪ੍ਰਭੂ-ਪ੍ਰੇਮ-ਰੂਪ ਸੱਚਾ ਭੋਜਨ ਦੱਸਿਆ ਹੈ, ਉਹ ਮਨੁੱਖ ਸੱਚੇ ਪ੍ਰਭੂ ਵਿਚ ਹੀ ਪਰਚ ਜਾਂਦਾ ਹੈ, ਸੱਚੇ ਪ੍ਰਭੂ ਵਿਚ ਟਿਕ ਕੇ ਪ੍ਰਸੰਨ ਰਹਿੰਦਾ ਹੈ, ਉਹ ਪ੍ਰਭੂ ਦੇ ਚਰਨ-ਰੂਪ ਸਵੈ-ਸਰੂਪ ਵਿਚ ਵਸਦਾ ਹੈ, ਮਾਨੋ ਸਦਾ-ਥਿਰ ਰਹਣ ਵਾਲੇ ਕਿਲ੍ਹੇ ਵਿਚ, ਪਿੰਡ ਵਿਚ ਵੱਸਦਾ ਹੈ। ਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰਹਿ ਕੇ ਖਿੜੇ ਰਹਿ ਸਕੀਦਾ ਹੈ।
ਸਦਾ-ਥਿਰ ਰਹਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ ਸਉਦੇ ਦੀ ਰਾਹੀਂ ਨਹੀਂ ਅੱਪੜ ਸਕੀਦਾ, ਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ-ਥਾਂ ਗਵਾ ਬੈਠੀਦਾ ਹੈ।
ਸੱਚੇ ਸ਼ਬਦ-ਰੂਪ ਰਾਹਦਾਰੀ ਦੀ ਰਾਹੀਂ, ਪ੍ਰਭੂ ਨੂੰ ਮਿਲਣ ਦੇ ਰਾਹ ਵਿਚ ਕੋਈ ਹੋਰ ਰੋਕ ਨਹੀਂ ਪੈਂਦੀ। ਪ੍ਰਭੂ ਦਾ ਨਾਮ ਸੁਣ ਕੇ, ਸਮਝ ਕੇ, ਤੇ ਸਿਮਰ ਕੇ, ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ।18।
ਚੰਦੀ ਅਮਰ ਜੀਤ ਸਿੰਘ (ਚਲਦਾ)