ਗੁਰਬਾਣੀ ਦੀ ਸਰਲ ਵਿਆਖਿਆ ਭਾਗ (428)
ਸਲੋਕੁ ਮ: 1 ॥
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥
ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥
ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥
ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥
ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥
ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥
ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥1॥
ਜੇ ਮੈਂ ਅੱਗ ਵੀ ਪਹਿਨ ਲਵਾਂ, ਜਾਂ ਬਰਫ ਵਿਚ ਘਰ ਬਣਾ ਲਵਾਂ, ਜੇ ਮੇਰੇ ਮਨ ਵਿਚ ਏਨੀ ਤਾਕਤ ਆ ਜਾਵੇ ਕਿ ਅੱਗ ਵਿਚ ਤੇ ਬਰਫ ਵਿਚ ਬੈਠ ਸਕਾਂ, ਲੋਹੇ ਨੂੰ ਭੋਜਨ ਬਣਾ ਲਵਾਂ, ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ, ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸ਼ੇ ਦਾ ਵੱਟਾ ਪਾ ਕੇ ਤੋਲ ਸਕਾਂ, ਜੇ ਮੈਂ ਆਪਣੇ ਸਰੀਰ ਨੂੰ ਏਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨਾ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ, ਆਪਣੇ ਹੁਕਮ ਵਿਚ ਚਲਾਵਾਂ, ਜੇ ਮੇਰੇ ਮਨ ਵਿਚ ਏਨਾ ਬਲ ਹੋ ਜਾਵੇ ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਕੋਲੋਂ ਕਰਾਵਾਂ, ਤਾਂ ਵੀ ਇਹ ਸਭ-ਕੁਛ ਤੁਛ ਹੈ, ਖਸਮ-ਪ੍ਰਭੂ, ਜੇਡਾ ਵੱਡਾ ਆਪ ਹੈ, ਉਤਨੀਆਂ ਹੀ ਉਸ ਦੀਆਂ ਬਖਸ਼ਿਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ, ਮੈਨੂੰ ਹੋਰ ਵੀ ਬੇ-ਅੰਤ ਤਾਕਤਾਂ ਦੀਆਂ ਦਾਤਾਂ ਦੇ ਦੇਵੇ, ਤਾਂ ਵੀ ਇਹ ਤੁੱਛ ਹਨ। ਹੇ ਨਾਨਕ ਅਸਲ ਗੱਲ ਇਹ ਹੈ ਕਿ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪਣੇ ਸੱਚੇ ਨਾਮ ਦੀ ਰਾਹੀਂ ਵਡਿਆਈ ਬਖਸ਼ਦਾ ਹੈ, ਇਨ੍ਹਾਂ ਮਾਨਸਿਕ ਤਾਕਤਾਂ ਨਾਲੋਂ ਵੱਧ ਕੇ ਨਾਮ ਦੀ ਬਰਕਤ ਹੈ।1।
ਮ: 2 ॥
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥2॥
ਮੂੰਹ ਬੋਲ ਬੋਲ ਕੇ ਰੱਜਦਾ ਨਹੀਂ, ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ, ਕੰਨ ਗੱਲਾਂ ਸੁਣਨ ਨਾਲ ਨਹੀਂ ਰੱਜਦੇ, ਅੱਖਾਂ ਰੂਪ-ਰੰਗ ਵੇਖ ਕੇ ਨਹੀਂ ਰੱਜਦੀਆਂ, ਇਹ ਸਾਰੇ ਇੰਦਰੇ ਇਕ ਇਕ ਕਿਸਮ ਦੇ ਗੁਣਾਂ, ਰਸਾਂ ਦੇ ਗਾਹਕ ਹਨ, ਆਪੋ-ਆਪਣੇ ਰਸਾਂ ਦੀ ਗਾਹਕੀ ਵਿਚ ਰੱਜਦੇ ਨਹੀਂ। ਰਸਾਂ ਦੇ ਅਧੀਨ ਹੋਏ ਇਨ੍ਹਾਂ ਇੰਦਰਿਆਂ ਦਾ ਚਸਕਾ ਹਟਦਾ ਨਹੀਂ, ਸਮਝਾਇਆਂ ਵੀ ਭੁੱਖ ਮਿਟ ਨਹੀਂ ਸਕਦੀ। ਹੇ ਨਾਨਕ, ਤ੍ਰਿਸ਼ਨਾ ਦਾ ਮਾਰਿਆ ਮਨੁੱਖ, ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਉਸ ਵਿਚ ਲੀਨ ਹੋ ਜਾਵੇ।2।
ਪਉੜੀ ॥
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥
ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥19॥
ਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ, ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਦਾ ਹੈ, ਇਸ ਕੂੜ ਵਿਚ ਮਨ ਇਤਨਾ ਗੱਡਿਆ ਜਾਂਦਾ ਹੈ ਕਿ ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ। ਮਾਇਆ ਦੇ ਵਪਾਰੀ ਦਾ ਇਹ ਨਕਾਰਾ ਸਰੀਰ ਮਿੱਟੀ ਵਿਚ ਹੀ ਰੁਲ ਜਾਂਦਾ ਹੈ, ਐਵੇਂ ਅਜਾਈਂ ਹੀ ਚਲਾ ਜਾਂਦਾ ਹੈ, ਜੋ ਕੁਝ ਖਾਂਦਾ ਪਹਿਨਦਾ ਹੈ, ਉਹ ਸਗੋਂ ਤ੍ਰਿਸ਼ਨਾ ਨੂੰ ਹੋਰ ਵਧਾਉਂਦਾ ਹੈ।
ਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ। ਝੂਠੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ, ਤੇ ਇਸ ਕਰ ਕੇ ਇਹ ਜਗਤ ਜਨਮ-ਮਰਨ ਦੇ ਗੇੜ ਵਿਚ ਪਿਆ ਹੋਇਆ ਹੈ। ਮਨੁੱਖਾ ਸਰੀਰ ਵਿਚ ਇਹ ਜੋ ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁਝ ਸਕਦੀ ਹੈ।19।
ਚੰਦੀ ਅਮਰ ਜੀਤ ਸਿੰਘ (ਚਲਦਾ)