ਗੁਰਬਾਣੀ ਦੀ ਸਰਲ ਵਿਆਖਿਆ ਭਾਗ (429)
ਸਲੋਕ ਮ: 1 ॥
ਨਾਨਕ ਗੁਰ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥
ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥
ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿiਰ ਦਾਨੁ ॥ 1॥
ਹੇ ਨਾਨਕ, ਪੂਰਨ ਸੰਤੋਖ-ਸਰੂਪ ਗੁਰੂ, ਮਾਨੋ ਇਕ ਰੁੱਖ ਹੈ, ਜਿਸ ਨੂੰ ਧਰਮ-ਰੂਪ ਫੁੱਲ ਲਗਦਾ ਹੈ, ਤੇ ਗਿਆਨ-ਰੂਪ ਫਲ ਲਗਦੇ ਹਨ, ਪ੍ਰੇਮ-ਜਲ ਨਾਲ ਰਸਿਆ ਹੋਇਆ ਇਹ ਰੁੱਖ ਸਦਾ ਹਰਾ ਰਹਿੰਦਾ ਹੈ। ਪਰਮਾਤਮਾ ਦੀ ਬਖਸ਼ਿਸ਼ ਨਾਲ ਪ੍ਰਭੂ ਚਰਨਾਂ ਵਿਚ ਧਿਆਨ ਜੋੜਿਆਂ ਇਹ ਗਿਆਨ-ਫਲ ਪੱਕਦਾ ਹੈ, ਜੇ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਚਰਨਾਂ ਵਿਚ ਸੁਰਤ ਜੋੜਦਾ ਹੈ, ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ। ਇਸ ਗਿਆਨ ਫਲ ਨੂੰ ਖਾਣ ਵਾਲਾ ਮਨੁੱਖ ਪ੍ਰਭੂ-ਮੇਲ ਦੇ ਆਨੰਦ ਮਾਣਦਾ ਹੈ, ਮਨੁੱਖ ਲਈ ਪ੍ਰਭੂ-ਦਰ ਤੋਂ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ।1।
ਮ: 1 ॥
ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥
ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥
ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿiਖਆ ਹੋਵੈ ਲੇਖੁ ॥
ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥2॥
ਮਾਨੋ ਗੁਰੂ, ਸੋਨੇ ਦਾ ਰੁੱਖ ਹੈ, ਸ੍ਰੇਸ਼ਟ ਬਚਨ ਉਸ ਦੇ ਪੱਤ੍ਰ ਹਨ, ਲਾਲ ਜਵਾਹਰ ਗੁਰੂ-ਵਾਕ ਉਸ ਦੇ ਫੁੱਲ ਹਨ, ਉਸ ਗੁਰੂ-ਰੁੱਖ ਨੂੰ ਮੂੰਹੋਂ ਉਚਾਰੇ ਹੋਏ ਸ੍ਰੇਸ਼ਟ ਬਚਨ-ਰੂਪ ਫਲ ਲਗਦੇ ਹਨ, ਗੁਰੂ ਆਪਣੇ ਹਿਰਦੇ ਵਿਚ ਸਦਾ ਖਿਿੜਆ ਰਹਿੰਦਾ ਹੈ।
ਹੇ ਨਾਨਕ, ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ-ਮੱਥੇ ਤੇ ਭਾਗ ਹੋਵੇ, ਉਹ ਗੁਰੂ ਦੀ ਚਰਨੀਂ ਲੱਗ ਕੇ, ਗੁਰੂ ਦੇ ਚਰਨਾਂ ਨੂੰ ਅਠਾਹਟ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ, ਗੁਰੂ ਚਰਨਾਂ ਨੂੰ ਪੂਜਦਾ ਹੈ। ਨਿਰਦਇਤਾ, ਮੋਹ, ਲੋਭ ਤੇ ਕ੍ਰੋਧ, ਇਹ ਚਾਰੇ ਅੱਗ ਦੀਆਂ ਨਦੀਆਂ, ਜਗਤ ਵਿਚ ਚੱਲ ਰਹੀਆਂ ਹਨ, ਜੋ ਜੋ ਮਨੁੱਖ ਇਨ੍ਹਾਂ ਨਦੀਆਂ ਵਿਚ ਵੜਦੇ ਹਨ, ਸੜ ਜਾਂਦੇ ਹਨ[
ਹੇ ਨਾਨਕ, ਪ੍ਰਭੂ ਦੀ ਮਿਹਰ ਨਾਲ, ਗੁਰੂ ਦੇ ਚਰਨੀਂ ਲੱਗ ਕੇ ਇਨ੍ਹਾਂ ਨਦੀਆਂ ਤੋਂ ਪਾਰ ਲੰਘੀਦਾ ਹੈ।2।
ਪਉੜੀ ॥
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
ਝੂਠਾ ਇਹੁ ਸੰਸਾਰੁ ਕਿiਨ ਸਮਝਾਈਐ ॥
ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
ਕਾਲੁ ਬੁਰਾ ਖੈ ਕਾਲੁ ਸਿiਰ ਦੁਨੀਆਈਐ ॥
ਹੁਕਮੀ ਸਿiਰ ਜੰਦਾਰੁ ਮਾਰੇ ਦਾਈਐ ॥
ਆਪੇ ਦੇਇ ਪਿਆਰੁ ਮੰਨਿ ਵਸਾਈਐ ॥
ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥20॥
ਹੇ ਬੰਦੇ, ਇਸ ਤ੍ਰਿਸ਼ਨਾ ਨੂੰ ਮਾਰ ਕੇ ਜਿਊਂਦਿਆਂ ਹੀ ਮਰ, ਤਾਂ ਜੋ ਅੰਤ ਨੂੰ ਪਛੁਤਾਣਾ ਨਾ ਪਵੇ। ਕਿਸੇ ਵਿਰਲੇ ਨੂੰ ਸਮਝ ਆਈ ਹੈ ਕਿ ਇਹ ਸੰਸਾਰ ਝੂਠਾ ਹੈ, ਆਮ ਤੌਰ ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ, ਜਗਤ ਦੇ ਧੰਦੇ ਵਿਚ ਭਟਕਦਾ ਫਿਰਦਾ ਹੈ, ਤੇ ਸੱਚ ਨਾਲ ਪਿਆਰ ਨਹੀਂ ਪਾਂਦਾ, ਇਹ ਗੱਲ ਚੇਤੇ ਨਹੀਂ ਰੱਖਦਾ ਕਿ ਭੈੜਾ ਕਾਲ, ਨਾਸ ਕਰਨ ਵਾਲਾ ਕਾਲ, ਦੁਨੀਆ ਦੇ ਸਿਰ ਤੇ ਹਰ ਵੇਲੇ ਖੜਾ ਹੈ, ਇਹ ਜਮ, ਪ੍ਰਭੂ ਦੇ ਹੁਕਮ ਵਿਚ ਹਰੇਕ ਦੇ ਸਿਰ ਤੇ ਮੌਜੂਦ ਹੈ ਤੇ ਦਾਉ ਲਾ ਕੇ ਮਾਰਦਾ ਹੈ। ਜੀਵ ਦੇ ਕੀ ਵੱਸ ? ਪ੍ਰਭੂ ਆਪ ਹੀ ਆਪਣਾ ਪਿਆਰ ਬਖਸ਼ਦਾ ਹੈ, ਤੇ ਜੀਵ ਦੇ ਮਨ ਵਿਚ ਆਪਣਾ-ਆਪ ਵਸਾਂਦਾ ਹੈ। ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ-ਮਾਤ੍ਰ ਏਥੇ ਢਿੱਲ ਨਹੀਂ ਲਾਈ ਜਾ ਸਕਦੀ, ਇਹ ਗੱਲ ਗੁਰੂ ਦੀ ਮਿਹਰ ਨਾਲ ਕੋਈ ਵਿਰਲਾ ਬੰਦਾ ਸਮਝ ਕੇ ਸੱਚ ਨਾਲ ਜੁੜਦਾ ਹੈ ।20।
ਚੰਦੀ ਅਮਰ ਜੀਤ ਸਿੰਘ (ਚਲਦਾ)