ਗੁਰਬਾਣੀ ਦੀ ਸਰਲ ਵਿਆਖਿਆ ਭਾਗ (430)
ਸਲੋਕੁ ਮ: 1 ॥
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥
ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿiਤ ਨ ਆਵਹੀ ॥
ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥1॥
ਹੇ ਪ੍ਰਭੂ ਜਿਸ ਮਨੁੱਖ ਦੇ ਚਿੱਤ ਵਿਚ ਤੂੰ ਨਹੀਂ ਵੱਸਦਾ, ਉਸ ਦੇ ਮਨ ਵਿਚ ਤੇ ਮੂੰਹ ਵਿਚ ਤੁੱਮੀ-ਤੁੱਮਾ, ਜ਼ਹਰ, ਅੱਕ ਧਤੂਰਾ ਤੇ ਨਿੱਮ-ਰੂਪ ਫਲ ਵੱਸ ਰਹੇ ਹਨ, ਉਸ ਦੇ ਮਨ ਵਿਚ ਕੁੜੱਤਣ ਹੈ, ਤੇ ਮੂੰਹੋਂ ਵੀ ਭੈੜੇ ਬਚਨ ਬੋਲਦਾ ਹੈ। ਹੇ ਨਾਨਕ ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ, ਪ੍ਰਭੂ ਤੋਂ ਬਿਨਾ ਹੋਰ ਕਿਸ ਦੇ ਅੱਗੇ ਇਨ੍ਹਾਂ ਦੀ ਵਿiਥਆ ਦੱਸੀਏ ?
ਪ੍ਰਭੂ ਆਪ ਹੀ ਇਨ੍ਹਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ ।1।
ਮ: 1 ॥
ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥
ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥
ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥2॥
ਮਨੁੱਖ ਦੀ ਮੱਤ, ਮਾਨੋ ਇਕ ਪੰਛੀ ਹੈ, ਉਸ ਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ, ਬਣਿਆ ਹੋਇਆ ਸੁਭਾਉ ਉਸ ਦੇ ਨਾਲ, ਉਸ ਦਾ ਸਾਥੀ ਹੈ, ਇਸ ਸੁਭਾਉ ਦੇ ਸੰਗ ਕਰ ਕੇ, ਮੱਤ ਕਦੇ ਚੰਗੀ ਹੈ, ਕਦੇ ਨੀਵੀਂ। ਕਦੇ ਇਹ ਮੱਤ-ਰੂਪ ਪੰਛੀ ਚੰਦਨ ਦੇ ਬੂਟੇ ਤੇ ਬੈਠਦਾ ਹੈ, ਕਦੇ ਅੱਕ ਦੀ ਡਾਲੀ ਤੇ, ਕਦੇ ਇਸ ਦੇ ਅੰਦਰ ਉੱਚੀ, ਪ੍ਰਭੂ ਚਰਨਾਂ ਦੀ ਪ੍ਰੀਤ ਹੈ।
ਪਰ ਕਿਸੇ ਦੇ ਵੱਸ ਦੀ ਗੱਲ ਨਹੀਂ, ਮਾਲਕ ਦੀ ਧੁਰੋਂ ਰੀਤ ਤੁਰੀ ਆਉਂਦੀ ਹੈ, ਕਿ ਉਹ ਸਭ ਜੀਵਾਂ ਨੂੰ ਆਪਣੇ ਹੁਕਮ ਵਿਚ ਤੋਰ ਰਿਹਾ ਹੈ, ਉਸ ਦੇ ਹੁਕਮ-ਅਨੁਸਾਰ ਹੀ ਕੋਈ ਚੰਗੀ ਮੱਤ ਵਾਲਾ ਤੇ ਕੋਈ ਮੰਦੀ ਮੱਤ ਵਾਲਾ ਹੈ।
ਪਉੜੀ ॥
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥
ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥
ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥
ਖਾਲਕ ਕਉ ਆਦੇਸੁ ਢਾਢੀ ਗਾਵਣਾ ॥
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥21॥
ਬੇ-ਅੰਤ ਜੀਵ ਪਰਮਾਤਮਾ ਦੇ ਗੁਣਾਂ ਦਾ ਬਿਆਨ ਕਰਦੇ ਆਏ ਹਨ, ਤੇ ਬਿਆਨ ਕਰ ਕੇ, ਜਗਤ ਤੋਂ ਚਲੇ ਗਏ ਹਨ, ਵੇਦ ਆਦਿ ਧਰਮ-ਪੁਸਤਕ ਵੀ ਉਸ ਦੇ ਗੁਣ ਦੱਸਦੇ ਆਏ ਹਨ, ਪਰ ਕਿਸੇ ਨੇ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ।
ਪੁਸਤਕਾਂ ਪੜ੍ਹਨ ਨਾਲ ਵੀ ਉਸ ਦਾ ਭੇਤ ਨਹੀਂ ਪੈਂਦਾ। ਮੱਤ ਉੱਚੀ ਹੋਇਆਂ ਇਹ ਰਾਜ਼ ਸਮਝ ਵਿਚ ਆਉਂਦਾ ਹੈ ਕਿ ਉਹ ਬੇ-ਅੰਤ ਹੈ। ਛੇ ਭੇਖਾਂ ਵਾਲੇ ਸਾਧੂਆਂ ਦੇ ਬਾਹਰਲੇ ਲਿਬਾਸ ਰਾਹੀਂ ਵੀ ਕੋਈ ਸੱਚ ਨਾਲ ਨਹੀਂ ਜੁੜ ਸਕਿਆ।
ਉਹ ਸਦਾ-ਥਿਰ ਰਹਣ ਵਾਲਾ ਅਕਾਲ-ਪੁਰਖ, ਹੈ ਤਾਂ ਅਦ੍ਰਿਸ਼ਟ, ਪਰ ਗੁਰ-ਸ਼ਬਦ ਦੀ ਰਾਹੀਂ ਸੋਹਣਾ ਲੱਗਦਾ ਹੈ। ਜੋ ਮਨੁੱਖ ਬੇ-ਅੰਤ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ, ਜੋ ਨਾਮ ਨਾਲ ਜੁੜਦਾ ਹੈ, ਉਹ ਉਸ ਦੀ ਹਜ਼ੂਰੀ ਵਿਚ ਅੱਪੜਦਾ ਹੈ, ਉਹ ਮਾਲਕ-ਪ੍ਰਭੂ ਨੂੰ ਸਿਰ ਨਿਵਾਂਦਾ ਹੈ, ਢਾਡੀ ਬਣ ਕੇ ਉਸ ਦੇ ਗੁਣ ਗਾਂਦਾ ਹੈ, ਤੇ, ਹੇ ਨਾਨਕ, ਹਰੇਕ ਜੁੱਗ ਵਿਚ ਮੌਜੂਦ ਰਹਣ ਵਾਲੇ ਇਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ ।21।
ਚੰਦੀ ਅਮਰ ਜੀਤ ਸਿੰਘ (ਚਲਦਾ)