ਗੁਰਬਾਣੀ ਦੀ ਸਰਲ ਵਿਆਖਿਆ ਭਾਗ (431)
ਸਲੋਕੁ ਮਹਲਾ 2 ॥
ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥
ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥
ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥
ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥
ਦੁਹਾ ਸਿiਰਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥
ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥1॥
ਜੋ ਮਨੁੱਖ ਠੂੰਹਿਆਂ ਦਾ ਮਾਂਦਰੀ ਹੋ ਕੇ ਸੱਪਾਂ ਨੂੰ ਜਾ ਹੱਥ ਪਾਂਦਾ ਹੈ, ਉਹ ਆਪਣੇ ਆਪ ਨੂੰ ਆਪਣੇ ਹੀ ਹੱਥ ਨਾਲ ਚੁਆਤੀ ਲਾਂਦਾ ਹੈ। ਧੁਰੋਂ ਮਾਲਕ ਦਾ ਹੁਕਮ ਹੀ ਇਉਂ ਹੁੰਦਾ ਹੈ ਕਿ ਇਸ ਅੱਤ ਦੇ ਕਾਰਰਨ, ਇਸ ਅੱਤ ਦੇ ਮੂਰਖ ਪੁਣੇ ਕਰ ਕੇ ਉਸ ਨੂੰ ਧੱਕਾ ਲਗਦਾ ਹੈ। ਮਨਮੁਖ ਮਨੁੱਖ, ਗੁਰਮੁਖ ਨਾਲ ਖਹਬੜਦਾ ਹੈ, ਕਰਤਾਰ ਦੇ ਸੱਚੇ ਨਿਆਂ ਅਨੁਸਾਰ ਉਹ ਸੰਸਾਰ ਸਮੁੰਦਰ ਵਿਚ ਡੁੱਬਦਾ ਹੈ,
ਵਿਕਾਰਾਂ ਦੀਆਂ ਲਹਿਰਾਂ ਵਿਚ ਉਸ ਦੀ ਜ਼ਿੰਦਗੀ ਦੀ ਬੇੜੀ ਗਰਕ ਹੋ ਜਾਂਦੀ ਹੈ। ਪਰ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕੀ ਗੁਰਮੁਖ ਤੇ ਕੀ ਮਨਮੁਖ, ਦੋਹੀਂ ਪਾਸੀਂ ਖਸਮ-ਪ੍ਰਭੂ ਆਪ ਸਿਰ ਤੇ ਖਲੋਤਾ ਹੋਇਆ ਹੈ, ਆਪ ਹੀ ਨਿਰਣਾ ਕਰ ਕੇ ਵੇਖ ਰਿਹਾ ਹੈ।
ਹੇ ਨਾਨਕ, ਅਸਲ ਗੱਲ ਇਉਂ ਹੀ ਸਮਝਣੀ ਚਾਹੀਦੀ ਹੈ ਕਿ ਹਰੇਕ ਕੰਮ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ।1।
ਮਹਲਾ 2 ॥
ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥
ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥
ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ
ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥
ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥
ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥2॥
ਹੇ ਨਾਨਕ, ਦੂਸਰਿਆਂ ਦੀ ਪੜਚੋਲ ਕਰਨ ਦੀ ਥਾਂ, ਜੋ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ ਅਸਲੀ ਪਾਰਖੂ ਸਮਝੋ,
ਦੂਜਿਆ ਦੇ ਵਿਕਾਰ-ਰੂਪ ਰੋਗ ਲੱਭਣ ਦੀ ਥਾਂ, ਜੋ ਮਨੁੱਖ ਆਪਣਾ ਆਤਮਕ ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਵੇ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ। ਇਹੋ-ਜਿਹਾ ਸਿਆਣਾ ਵੈਦ ਜ਼ਿੰਦਗੀ ਦੇ ਰਾਹ ਵਿਚ ਹੋਰਨਾ ਨਾਲ ਝੇੜੇ ਨਹੀਂ ਪਾ ਸਕਦਾ, ਉਹ ਆਪਣੇ-ਆਪ ਨੂੰ ਜਗਤ ਵਿਚ ਮੁਸਾਫਿਰ ਜਾਣਦਾ ਹੈ, ਆਪਣੇ ਅਸਲੇ, ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ, ਜੋ ਵੀ ਗੱਲ ਕਰਦਾ ਹੈ, ਆਪਣਾ ਸਮਾ ਸਤਸੰਗੀਆਂ ਨਾਲ ਮਿਲ ਕੇ ਗੁਜ਼ਾਰਦਾ ਹੈ, ਉਹ ਮਨੁੱਖ, ਲੱਬ ਦੇ ਆਸਰੇ ਨਹੀਂ ਚਲਦਾ, ਸੱਚ ਵਿਚ ਟਿਿਕਆਂ ਰਹਿੰਦਾ ਹੈ, ਐਸਾ ਮਨੁੱਖ ਆਪ ਤਾਂ ਤਰਦਾ ਹੀ ਹੈ, ਹੋਰਨਾਂ ਲਈ ਵੀ ਪਰਮਾਣੀਕ ਵਿਚੋਲਾ ਬਣ ਜਾਂਦਾ ਹੈ।
ਪਰ ਜੇ ਆਪ ਹੋਵੇ ਮਨਮੁਖ ਤੇ ਅੜੇ ਗੁਰਮੁਖਾਂ ਨਾਲ, ਉਹ ਇਉਂ ਹੀ ਹੈ ਜਿਵੇਂ ਆਕਾਸ਼ ਨੂੰ ਤੀਰ ਮਾਰਦਾ ਹੈ, ਜੋ ਮਨੁੱਖ ਆਕਾਸ਼ ਵੱਲ ਤੀਰ ਚਲਾਂਦਾ ਹੈ, ਉਸ ਦਾ ਤੀਰ ਕਿਵੇਂ ਨਿਸ਼ਾਨੇ ਤੇ ਅਪੜੇ ? ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਜੋ ਯਕੀਨ ਜਾਣੋ ਕਿ ਤੀਰ ਚਲਾਣ ਵਾਲਾ ਹੀ ਵਿੰਨ੍ਹਿਆ ਜਾਣਾ ਹੈ।2।
ਪਉੜੀ ॥
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥
ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥
ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥
ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥
ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥
ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥
ਬਿਨ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥
ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥22॥
ਜਿਨ੍ਹਾਂ ਜੀਵ ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੈ, ਉਹ ਇਸ ਪਿਆਰ-ਰੂਪ ਗਹਿਣੇ ਨਾਲ ਸਜੀਆਂ ਹੋਈਆਂ ਹਨ, ਉਹ ਦਿਨ-ਰਾਤ ਪ੍ਰਭੂ-ਪਤੀ ਦੀ ਭਗਤੀ ਕਰਦੀਆਂ ਹਨ, ਵਰਜਿਆਂ ਵੀ ਭਗਤੀ ਤੋਂ ਹਟਦੀਆਂ ਨਹੀਂ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸੁਧਰੀਆਂ ਹੋਈਆਂ, ਮਾਨੋ ਉਹ ਮਹਲਾਂ ਵਿਚ ਵਸਦੀਆਂ ਹਨ, ਉਹ ਵਿਚਾਰ-ਵਾਨ ਹੋ ਜਾਣ ਦੇ ਕਾਰਨ, ਸਦਾ-ਥਿਰ ਰਹਣ ਵਾਲੀ ਅਰਦਾਸ ਕਰਦੀਆਂ ਹਨ, ਦੁਨੀਆ ਦੇ ਨਾਸਵੰਤ ਪਦਾਰਥ ਨਹੀਂ ਮੰਗਦੀਆਂ, ਸਦਾ ਕਾਇਮ ਰਹਣ ਵਾਲਾ ਪਿਆਰ ਹੀ ਮੰਗਦੀਆਂ ਹਨ, ਪਤੀ-ਪ੍ਰਭੂ ਦੇ ਹੁਕਮ ਅਨੁਸਾਰ, ਪਤੀ-ਪ੍ਰਭੂ ਤੱਕ ਅਪੜੀਆਂ ਹੋਈਆਂ, ਉਹ ਖਸਮ-ਪ੍ਰਭੂ ਦੇ ਕੋਲ ਬੈਠੀਆਂ ਰਹਿੰਦੀਆਂ ਹਨ।
ਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ ਭਾਵਨਾ ਨਾਲ ਉਸ ਅੱਗੇ ਅਰਦਾਸ ਕਰਦੀਆਂ ਹਨ।
ਪਰ ਉਹ ਜੀਊਣ ਫਿਟਕਾਰ ਯੋਗ ਹੈ, ਉਸ ਵਸੇਬੇ ਨੁੰ ਲਾਨਤ ਹੈ ਜੋ ਨਾਮ ਤੋਂ ਸੱਖਣਾ ਹੈ। ਜਿਸ ਜੀਵ-ਇਸਤ੍ਰੀ ਨੂੰ ਅਕਾਲ-ਪੁਰਖ ਨੇ
ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ, ਉਸ ਨੇ ਨਾਮ-ਅੰਮ੍ਰਿਤ ਪੀਤਾ ਹੈ ।22।
ਚੰਦੀ ਅਮਰ ਜੀਤ ਸਿੰਘ (ਚਲਦਾ)