ਗੁਰਬਾਣੀ ਦੀ ਸਰਲ ਵਿਆਖਿਆ ਭਾਗ (432)
ਸਲੋਕੁ ਮ: 1 ॥
ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥
ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥
ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥1॥
ਮਾਰੂ, ਰੇਤੀਲਾ ਥਲ, ਮੀਂਹ ਨਾਲ ਕਦੇ ਰੱਜਦਾ ਨਹੀਂ, ਅੱਗ ਦੀ ਸਾੜਨ ਦੀ ਭੁੱਖ ਕਦੇ ਬਾਲਣ ਨਾਲ ਨਹੀਂ ਮਿਟਦੀ, ਕੋਈ ਰਾਜਾ ਕਦੇ ਰਾਜ ਕਰਨ ਵੋਲੋਂ ਨਹੀਂ ਰੱਜਿਆ, ਭਰੇ ਸਮੁੰਦਰ ਨੂੰ ਭਲਾ ਸੋਕਾ ਕੀ ਆਖ ਸਕਦਾ ਹੈ ? ਹੇ ਨਾਨਕ, ਤਿਵੇਂ ਨਾਮ ਜਪਣ ਵਾਲਿਆਂ ਦੇ ਅੰਦਰ ਸੱਚੇ ਨਾਮ ਦੀ ਕਿਤਨੀ ਕੁ ਤਾਂਘ ਹੁੰਦੀ ਹੈ ? ਇਹ ਗੱਲ ਦੱਸੀ ਨਹੀਂ ਜਾ ਸਕਦੀ।1।
ਮਹਲਾ 2 ॥
ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥
ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਕਾਰਣੁ ਕਰਤੇ ਵਸਿ ਹੈ ਜਿਿਨ ਕਲ ਰਖੀ ਧਾਰਿ ॥2॥
ਜਦ ਤੱਕ ਮਨੁੱਖ ਅਕਾਲ-ਪੁਰਖ ਨੂੰ ਨਹੀਂ ਪਛਾਣਦਾ, ਤਦ ਤੱਕ ਉਸ ਦਾ ਜਨਮ ਵਿਅਰਥ ਹੈ, ਪਰ ਗੁਰੂ ਦੀ ਕਿਰਪਾ ਨਾਲ, ਜੋ ਬੰਦੇ ਨਾਮ ਨਾਲ ਜੁੜਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਜਾਂਦੇ ਹਨ।
ਹੇ ਨਾਨਕ, ਜੋ ਜਗਤ ਦਾ ਮੂਲ ਪ੍ਰਭੂ, ਸਭ ਕੁਝ ਕਰਨ-ਜੋਗ ਹੈ, ਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਉਣਾ ਹੈ, ਜਿਸ ਨੇ ਸਾਰੇ ਜਗਤ ਵਿਚ ਆਪਣੀ ਸੱਤਿਆ ਟਿਕਾਈ ਹੋਈ ਹੈ, ਉਸ ਦਾ ਧਿਆਨ ਧਰ।2।
ਪਉੜੀ ॥
ਖਸਮੈ ਕੈ ਦਰਬਾਰਿ ਢਾਢੀ ਵਸਿਆ ॥
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥
ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥
ਦੁਸਮਨ ਕਢੇ ਮਾਰਿ ਸਜਣ ਸਰਸਿਆ ॥
ਸਚਾ ਸਤਿਗੁਰ ਸੇਵਨਿ ਸਚਾ ਮਾਰਗੁ ਦਸਿਆ ॥
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥
ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥23॥
ਜੋ ਮਨੁੱਖ, ਪ੍ਰਭੂ ਦੀ ਸਿਫਤ-ਸਾਲਾਹ ਕਰਦਾ ਹੈ, ਉਹ ਸਦਾ ਮਾਲਕ ਦੀ ਹਜ਼ੂਰੀ ਵਿਚ ਵੱਸਦਾ ਹੈ। ਸਦਾ ਕਾਇਮ ਰਹਣ ਵਾਲੇ ਖਸਮ ਦੀ ਸਾਲਾਹਣਾ ਕਰ ਕੇ ਉਸ ਦਾ ਹਿਰਦਾ ਸਦਾ ਖਿਿੜਆ ਰਹਿੰਦਾ ਹੈ। ਮਾਲਕ ਤੋਂ ਪੂਰਾ ਮਰਤਬਾ, ਪੂਰਨ ਅਵਸਥਾਂ ਹਾਸਲ ਕਰ ਕੇ ਉਹ ਅੰਦਰੋਂ ਹੁਲਾਸ ਵਿਚ ਆਉਂਦਾ ਹੈ, ਕਿਉਂਕਿ ਕਾਮਾਦਿਕ ਵਿਕਾਰ, ਵੈਰੀਆਂ ਨੂੰ ਉਹ ਅੰਦਰੋਂ ਮਾਰ ਕੇ ਕੱਢ ਦੇਂਦਾ ਹੈ, ਤਾਂ ਫਿਰ ਨਾਮ ਵਿਚ ਲੱਗੇ ਉਸ ਦੇ ਗਿਆਨ-ਇੰਦਰੇ ਰੂਪ ਮਿੱਤ੍ਰ ਟਹਿਕ ਪੈਂਦੇ ਹਨ, ਇਹ ਗਿਆਨ ਇੰਦਰੇ ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਜਾਂਦੇ ਹਨ, ਗੁਰੂ ਇਨ੍ਹਾਂ ਨੂੰ ਹੁਣ ਜੀਵਨ ਦਾ ਸੱਚਾ ਰਾਹ ਵਿਖਾਲਦਾ ਹੈ।
ਸਿਫਤ-ਸਾਲਾਹ ਕਰਨ ਵਾਲਾ ਮਨੁੱਖ, ਸੱਚਾ ਗੁਰ- ਸ਼ਬਦ ਵਿਚਾਰ ਕੇ ਆਤਮਕ ਮੱਤ ਦਾ ਡਰ ਦੂਰ ਕਰ ਲੈਂਦਾ ਹੈ, ਗੁਰੂ ਸ਼ਬਦ ਦੀ ਬਰਕਤ ਨਾਲ ਸੁਧਰਿਆ ਹੋਇਆ ਢਾਡੀ, ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ, ਇਸ ਤਰ੍ਹਾਂ ਹੇ ਨਾਨਕ, ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ, ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ ।23।
ਚੰਦੀ ਅਮਰ ਜੀਤ ਸਿੰਘ (ਚਲਦਾ)