ਗੁਰਬਾਣੀ ਦੀ ਸਰਲ ਵਿਆਖਿਆ ਭਾਗ (433)
ਸਲੋਕੁ ਮ: 1 ॥
ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿiਚ ਪਾਹਿ ॥
ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥
ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥1॥
ਪਾਪਾਂ ਦੇ ਕਾਰਨ ਜੋ ਜੀਵ ਜੰਮਦੇ ਹਨ, ਇਥੇ ਵੀ ਪਾਪ ਕਰਦੇ ਹਨ ਤੇ ਅਗਾਂਹ ਵੀ ਇਨ੍ਹਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰ ਕੇ ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ। ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ, ਭਾਵੇਂ ਸੌ ਧੋਣ ਧੋਈਏ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ। ਹੇ ਨਾਨਕ, ਜੇ ਪ੍ਰਭੂ ਮਿਹਰ ਕਰੇ ਤਾਂ ਇਹ ਪਾਪ ਬਖਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ।1।
ਮ: 1 ॥
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥2॥
ਹੇ ਨਾਨਕ, ਇਹ ਜੋ ਦੁੱਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜਿਹਾ ਬੋਲਣਾ ਸਿਰ-ਖਪਾਈ ਹੀ ਹੈ, ਸੁਖ ਤੇ ਦੁੱਖ ਦੋਵੇਂ ਪ੍ਰਭੂ ਦੇ ਦਰ ਤੋਂ ਕਪੜੇ ਮਿਲੇ ਹੋਏ ਹਨ, ਜੋ ਮਨੁੱਖ ਲੈ ਕੇ ਏਥੇ ਪਹਿਨਦੇ ਹਨ, ਦੁੱਖਾ ਤੇ ਸੁਖਾਂ ਦੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ।
ਸੋ ਜਿਸ ਦੇ ਸਾਮ੍ਹਣੇ ਇਤਰਾਜ਼ ਗਿਲ੍ਹਾ ਕੀਤਿਆਂ ਅੰਤ ਨੂੰ ਹਾਰ ਹੀ ਮੰਨਣੀ ਪੈਂਦੀ ਹੈ, ਓਥੇ ਚੁੱਪ ਰਹਿਣਾ ਹੀ ਚੰਗਾ ਹੈ, ਰਜ਼ਾ ਵਿਚ ਤੁਰਨਾ, ਸਭ ਤੋਂ ਚੰਗਾ ਹੈ ।2।
ਪਉੜੀ ॥
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥
ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥
ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥
ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥
ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥
ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥
ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥
ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥24॥
ਜੋ ਮਨੁੱਖ ਚਾਰੇ ਪਾਸੇ ਵੇਖ ਕੇ, ਬਾਹਰਲੀ ਹਰ ਪਾਸੇ ਦੀ ਭਟਕਣਾ ਛੱਡ ਕੇ, ਆਪਣਾ ਅੰਦਰ ਭਾਲਦਾ ਹੈ, ਉਸ ਨੂੰ ਦਿਸ ਪੈਂਦਾ ਹੈ ਕਿ, ਸੱਚੇ ਅਲੱਖ, ਅਕਾਲ ਪੁਰਖ ਨੇ ਜਗਤ ਪੈਦਾ ਕਰ ਕੇ, ਆਪ ਹੀ ਉਸ ਦੀ ਸੰਭਾਲ ਕੀਤੀ ਹੈ, ਸੰਭਾਲ ਕਰ ਰਿਹਾ ਹੈ।
ਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਵਿਖਾਇਆ ਹੈ, ਰਾਹ ਗੁਰੂ ਵਿਖਾਂਦਾ ਹੈ, ਸੱਚੇ ਗੁਰੂ ਦੇ ਸ਼ਾਬਾਸ਼ ਹੈ, ਜਿਸ ਦੀ ਬਰਕਤ ਨਾਲ ਸੱਚੇ ਪ੍ਰਭੂ ਨੂੰ ਮਿਲੀਦਾ ਹੈ। ਜਿਸ ਮਨੁੱਖ ਦੇ ਅੰਦਰ ਗੁਰੂ ਨੇ ਗਿਆਨ ਦਾ ਦੀਵਾ ਜਗਾ ਦਿੱਤਾ ਹੈ, ਉਸ ਨੂੰ ਆਪਣੇ ਅੰਦਰੋਂ ਹੀ ਨਾਮ-ਰਤਨ ਲੱਭ ਪਿਆ ਹੈ। ਗੁਰੂ ਦੀ ਸਰਨ ਆ ਕੇ ਸੱਚੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫਤ-ਸਾਲਾਹ ਕਰ ਕੇ ਮਨੁੱਖ, ਸੁਖੀ ਹੋ ਜਾਂਦੇ ਹਨ,, ਖਸਮ ਵਾਲੇ ਹੋ ਜਾਂਦੇ ਹਨ।
ਜਿਨ੍ਹਾਂ ਪ੍ਰਭੂ ਦਾ ਡਰ ਨਹੀਂ ਰੱਖਿਆ, ਉਨ੍ਹਾਂ ਨੂੰ ਹੋਰ ਡਰ ਮਾਰਦਾ ਹੈ, ਉਹ ਅਹੰਕਾਰ ਵਿਚ ਪਏ ਗਲਦੇ ਹਨ। ਪ੍ਰਭੂ ਦੇ ਨਾਮ ਤੋਂ ਭੁੱਲਾ ਹੋਇਆ ਜਗਤ ਬੇ-ਤਾਲ, ਬੇ-ਥਵ੍ਹਾ ਫਿਰਦਾ ਹੈ।24।
ਚੰਦੀ ਅਮਰ ਜੀਤ ਸਿੰਘ (ਚਲਦਾ)