ਗੁਰਬਾਣੀ ਦੀ ਸਰਲ ਵਿਆਖਿਆ ਭਾਗ (434)
ਸਲੋਕੁ ਮ: 3 ॥
ਭੈ ਵਿiਚ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥
ਨਾਨਕ ਭੈ ਵਿiਚ ਜੇ ਮਰੈ ਸਹਿਲਾ ਆਇਆ ਸੋਇ ॥1॥
ਜਗਤ ਸਹਮ ਵਿਚ ਜੰਮਦਾ ਹੈ, ਸਹਮ ਵਿਚ ਹੀ ਮਰਦਾ ਹੈ, ਸਦਾ ਸਹਮ ਹੀ ਇਸ ਦੇ ਮਨ ਵਿਚ ਟਿਿਕਆ ਰਹਿੰਦਾ ਹੈ, ਪਰ ਹੇ ਨਾਨਕ, ਜੋ ਮਨੁੱਖ ਪਰਮਾਤਮਾ ਦੇ ਡਰ ਵਿਚ ਆਪਾ ਭਾਵ ਮਾਰਦਾ ਹੈ, ਉਸ ਦਾ ਜੰਮਣਾ ਮੁਬਾਰਕ ਹੈ, ਜਗਤ ਦੀ ਮਮਤਾ ਮਨੁੱਖ ਦੇ ਅੰਦਰ ਸਹਮ ਪੈਦਾ ਕਰਦੀ ਹੈ, ਜਦੋਂ ਇਹ ਅਪਣੱਤ ਤੇ ਮਮਤਾ ਮੁੱਕ ਜਾਂਏ ਤਦੋਂ ਕਿਸੇ ਚੀਜ਼ ਦੇ ਖੁੱਸਣ ਦਾ ਸਹਮ ਨਹੀਂ ਰਹਿੰਦਾ ।1।
ਮ: 3 ॥
ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥
ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥2॥
ਪਰਮਾਤਮਾ ਦਾ ਡਰ ਹਿਰਦੇ ਵਿਚ ਵਸਾਉਣ ਤੋਂ ਬਿਨਾ ਜੇ ਮਨੁੱਖ ਲੰਮੀ ਉਮਰ ਵੀ ਜਿਊਂਦਾ ਹਰੇ ਤੇ ਬੜੀਆਂ ਮੌਜਾਂ ਮਾਣਦਾ ਰਹੇ, ਤਾਂ ਵੀ ਹੇ ਨਾਨਕ, ਜੋ ਪ੍ਰਭੂ ਦਾ ਡਰ ਹਿਰਦੇ ਵਿਚ ਵਸਾਉਣ ਤੋਂ ਬਿਨਾ ਹੀ ਮਰਦਾ ਹੈ ਤਾਂ ਮੁਕਾਲਖ ਖੱਟ ਕੇ ਹੀ ਏਥੋਂ ਜਾਂਦਾ ਹੈ।2।
ਪਉੜੀ ॥
ਸਤਿਗੁਰ ਹੋਇ ਦਇਆਲੁ ਤ ਸਰਧਾ ਪੂਰੀਐ ॥
ਸਤਿਗੁਰ ਹੋਇ ਦਇਆਲੁ ਨ ਕਬਹੂੰ ਝੂਰੀਐ ॥
ਸਤਿਗੁਰ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥
ਸਤਿਗੁਰ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥
ਸਤਿਗੁਰ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥
ਸਤਿਗੁਰ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥
ਸਤਿਗੁਰ ਹੋਇ ਦਇਆਲੁ ਤਾ ਨਵ ਨਿiਧ ਪਾਇਐ ॥
ਸਤਿਗੁਰ ਹੋਇ ਦਇਆਲੁ ਤ ਸਚਿ ਸਮਾਈਐ ॥25॥
ਜਿਸ ਮਨੁੱਖ ਉੱਤੇ ਗੁਰੂ ਕਿਰਪਾ ਕਰੇ, ਉਸ ਦੇ ਅੰਦਰ ਪਰਮਾਤਮਾ ਉੱਤੇ ਪੱਕਾ ਭਰੋਸਾ ਬੱਝ ਜਾਂਦਾ ਹੈ। ਉਹ ਕਿਸੇ ਦੁੱਖ-ਕਲੇਸ਼ ਦੇ ਆਉਣ ਤੇ, ਕਦੇ ਗਿਲ੍ਹਾ ਗੁਜ਼ਾਰੀ ਨਹੀਂ ਕਰਦਾ, ਕਿਉਂਕਿ ਉਹ ਕਿਸੇ ਆਏ ਦੁੱਖ ਨੂੰ, ਦੁੱਖ ਨਹੀਂ ਸਮਝਦਾ, ਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ। ਦੁੱਖ ਕਲੇਸ਼ ਤਾਂ ਕਿਤੇ ਰਿਹਾ, ਉਸ ਨੂੰ ਜਮ ਦਾ ਵੀ ਡਰ ਨਹੀਂ ਰਹਿੰਦਾ, ਇਸ ਤਰ੍ਹਾਂ ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ। ਜਿਸ ਉੱਤੇ ਗੁਰੂ ਦਿਆਲ ਹੋ ਜਾਏ, ਉਸ ਨੂੰ ਮਾਨੋ ਜਗਤ ਦੇ ਨੌਂ ਹੀ ਖਜ਼ਾਨੇ ਮਿਲ ਪਏ ਹਨ, ਕਿਉਂਕਿ ਉਹ ਤਾਂ ਖਜ਼ਾਨਿਆਂ ਦੇ ਮਾਲਕ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ।25।
ਚੰਦੀ ਅਮਰ ਜੀਤ ਸਿੰਘ (ਚਲਦਾ)