ਗੁਰਬਾਣੀ ਦੀ ਸਰਲ ਵਿਆਖਿਆ ਭਾਗ (436)
ਸਲੋਕੁ ਮ: 2 ॥
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ॥1॥
ਹੇ ਨਾਨਕ, ਜਿਨ੍ਹਾਂ ਨੂੰ ਗੁਰੂ ਨੇ ਸਿiਖਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫਤ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ, ਉਨ੍ਹਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿiਖਆ ਤੋਂ ਉੱਚੀ ਹੋਰ ਕੋਈ ਸਿiਖਆ ਨਹੀਂ ਹੈ।1।
ਮ: 1 ॥
ਆਪਿ ਬੁਝਾਏ ਸੋਈ ਬੂਝੈ ॥
ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥
ਕਹਿ ਕਹਿ ਕਥਨਾ ਮਾਇਆ ਲੂਝੈ ॥
ਹੁਕਮੀ ਸਗਲ ਕਰੇ ਆਕਾਰ ॥
ਆਪੇ ਜਾਣੈ ਸਰਬ ਵੀਚਾਰ ॥
ਅਖਰ ਨਾਨਕ ਅਖਿਓ ਆਪਿ ॥
ਲਹੈ ਭਰਾਤਿ ਹੋਵੈ ਜਿਸੁ ਦਾਤਿ ॥2॥
ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ, ਉਸ ਨੂੰ ਹੀ ਮੱਤ ਆਉਂਦੀ ਹੈ, ਜਿਸ ਮਨੁੱਖ ਨੂੰ ਆਪ ਸੂਝ ਬਖਸ਼ਦਾ ਹੈ, ਉਸ ਨੂੰ ਜੀਵਨ-ਸਫਰ ਦੀ ਹਰੇਕ ਗੱਲ ਦੀ ਸੂਝ ਆ ਜਾਂਦੀ ਹੈ। ਜੇ ਇਹ ਮਤ ਤੇ ਸੂਝ ਨਹੀਂ ਤਾਂ, ਇਸ ਦੀ ਪ੍ਰਾਪਤੀ ਬਾਰੇ ਆਖੀ ਜਾਣਾ, ਆਖੀ ਜਾਣਾ ਕੋਈ ਲਾਭ ਨਹੀਂ ਦੇਂਦਾ, ਮਨੁੱਖ ਅਮਲੀ ਜੀਵਨ ਵਿਚ, ਮਾਇਆ ਵਿਚ ਹੀ ਸੜਦਾ ਰਹਿੰਦਾ ਹੈ।
ਸਾਰੇ ਜੀਅ-ਜੰਤ ਪ੍ਰਭੂ ਆਪ ਹੀ, ਆਪਣੇ ਹੁਕਮ ਅਨੁਸਾਰ ਪੈਦਾ ਕਰਦਾ ਹੈ, ਸਾਰੇ ਜੀਵਾਂ ਬਾਰੇ ਵਿਚਾਰਾਂ, ਉਨ੍ਹਾਂ ਨੂੰ ਕੀ-ਕੁਝ ਦੇਣਾ ਹੈ, ਪ੍ਰਭੂ ਆਪ ਹੀ ਜਾਣਦਾ ਹੈ। ਹੇ ਨਾਨਕ, ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ ਸੂਝ-ਬੂਝ ਦੀ ਦਾਤ ਮਿਲਦੀ ਹੈ, ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ।2।
ਪਉੜੀ ॥
ਹਉ ਢਾਢੀ ਵੇਕਾਰੁ ਕਾਰੈ ਲਾਇਆ ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
ਗੁਰਮਤੀ ਖਾਧਾ ਰਜਿ ਤਿਿਨ ਸੁਖੁ ਪਾਇਆ ॥
ਢਾਢੀ ਕਰੇ ਪਸਾਉ ਸਬਦੁ ਵਜਾਇਆ ॥
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥27॥
ਮੈਂ ਵੇਹਲਾ ਸਾਂ, ਮੈਨੂੰ ਢਾਡੀ ਬਣਾ ਕੇ ਪ੍ਰਭੂ ਨੇ ਅਸਲ ਕੰਮ ਵਿਚ ਲਾ ਦਿੱਤਾ, ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ, ਭਾਵੇਂ ਦਿਨ, ਜਸ ਕਰੋ। ਮੈਨੂੰ ਢਾਡੀ ਨੂੰ, ਜਦੋਂ ਮੈਂ ਉਸ ਦੀ ਸਿਫਤ-ਸਾਲਾਹ ਵਿਚ ਲੱਗਾ ਤਾਂ ਖਸਮ ਨੇ ਆਪਣੇ ਸੱਚੇ ਮਹਲ ਵਿਚ, ਆਪਣੀ ਹਜ਼ੂਰੀ ਵਿਚ ਸੱਦਿਆ। ਉਸ ਨੇ ਮੈਨੂੰ ਸੱਚੀ ਸਿਫਤ-ਸਾਲਾਹ ਰੂਪ ਸਰੋਪਾਉ ਦਿੱਤਾ। ਸਦਾ ਕਾਇਮ ਰਹਣ ਵਾਲਾ, ਆਤਮਕ ਜੀਵਨ ਦੇਣ ਵਾਲਾ ਨਾਮ, ਮੇਰੇ ਆਤਮਾ ਦੇ ਆਧਾਰ ਲਈ ਭੋਜਨ ਮੈਨੂੰ ਉਸ ਪਾਸੋਂ ਮਿਿਲਆ। ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿiਖਆ ਤੇ ਤੁਰ ਕੇ ਇਹ ਅੰਮ੍ਰਿਤ-ਨਾਮ ਭੋਜਨ ਰੱਜ ਕੇ ਖਾਧਾ ਹੈ, ਉਸ ਨੇ ਸੁਖ ਪਾਇਆ ਹੈ। ਮੈਂ ਢਾਡੀ ਵੀ ਜਿਉਂ ਜਿਉਂ ਸਿਫਤ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ ਦਰ ਤੋਂ ਮਿਲੇ ਇਸ ਨਾਮ-ਪ੍ਰਸਾਦ ਨੂੰ ਛਕਦਾ ਹਾਂ, ਨਾਮ ਦਾ ਆਨੰਦ ਮਾਣਦਾ ਹਾਂ।
ਹੇ ਨਾਨਕ, ਸੱਚੇ ਪ੍ਰਭੂ ਦੀ ਸਿਫਤ-ਸਾਲਾਹ ਕਰ ਕੇ, ਉਸ ਪੂਰਨ-ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ।27।
ਚੰਦੀ ਅਮਰ ਜੀਤ ਸਿੰਘ (ਚਲਦਾ)