ਗੁਰਬਾਣੀ ਦੀ ਸਰਲ iਵਅwiਖਆ (ਭਾਗ 438)
ਭਉ ਮੁਚੁ ਭਾਰਾ ਵਡਾ ਤੋਲੁ ॥ ਮਨ ਮਤਿ ਹਉਲੀ ਬੋਲੇ ਬੋਲੁ ॥
ਸਿiਰ ਧਰਿ ਚਲੀਐ ਸਹੀਐ ਭਾਰੁ ॥ ਨਦਰੀ ਕਰਮੀ ਗੁਰ ਬੀਚਾਰੁ ॥1॥
ਪ੍ਰਭੂ ਦਾ ਡਰ ਬਹੁਤ ਭਾਰਾ ਡਰ ਹੈ, ਇਸ ਦਾ ਤੋਲ ਵੱਡਾ ਹੈ, ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ-ਅਦਬ ਵੱਸਦਾ ਹੈ, ਉਸ ਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ। ਜਿਸ ਦੀ ਮੱਤ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ, ਉਹ ਹੋਛੀ ਰਹਿੰਦੀ ਹੈ, ਉਹ ਹੋਛਾ ਹੀ ਬਚਨ ਬoਲਦਾ ਹੈ। ਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ, ਕਬੂਲ ਕਰ ਕੇ, ਜੀਵਨ ਗੁਜ਼ਾਰੀਏ ਅਤੇ ਉਸ ਡਰ ਦਾ ਭਾਰ ਸਹਾਰ ਲਈਏ, ਪ੍ਰਭੂ ਦਾ ਡਰ ਅਦਬ ਸੁਖਾਵਾਂ ਲੱਗਣ ਲੱਗ ਪਵੇ, ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ, ਪ੍ਰਭੂ ਦੀ ਬਖਸ਼ਿਸ਼ ਨਾਲ ਮਨੁੱਖਤਾ ਬਾਰੇ ਗੁਰੂ ਦੀ ਦੱਸੀ ਹੋਈ ਵਿਚਾਰ, ਜੀਵਨ ਦਾ ਹਿੱਸਾ ਬਣ ਜਾਂਦੀ ਹੈ।1।
ਭੈ ਬਿਨੁ ਕੋਇ ਨ ਲੰਘਸਿ ਪਾਰਿ ॥
ਭੈ ਭਉ ਰਾਖਿਆ ਭਾਇ ਸਵਾਰਿ ॥1॥ ਰਹਾਉ ॥
ਸੰਸਾਰ ਵਿਕਾਰ-ਭਰਿਆ ਇਕ ਐਸਾ ਸਮੁੰਦਰ ਹੈ, ਜਿਸ ਵਿਚੋਂ ਪਰਮਾਤਮਾ ਦਾ ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ। ਸਿਰਫ ਉਹੀ ਪਾਰ ਲੰਘਦਾ ਹੈ, ਜਿਸ ਨੇ ਪ੍ਰਭੂ ਦੇ ਡਰ ਵਿਚ ਰਹਿ ਕੇ ਅਤੇ ਪ੍ਰਭੂ ਪਿਆਰ ਦੇ ਰਾਹੀਂ ਆਪਣਾ ਜੀਵਨ ਸਵਾਰ ਕੇ ਤੇ ਪ੍ਰਭੂ ਦਾ ਡਰ ਅਦਬ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੈ, ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਮੇਰੇ ਅੰਦਰ ਅਤੇ ਸਭ ਵਿਚ ਵੱਸਦਾ ਹੈ ।1।ਰਹਾਉ।
ਭੈ ਤਨਿ ਅਗਨਿ ਭਖੈ ਭੈ ਨਾਲਿ ॥ ਭੈ ਭਉ ਘੜੀਐ ਸਬਦਿ ਸਵਾਰਿ ॥
ਭੈ ਬਿਨੁ ਘਾੜਤ ਕਚੁ ਨਿਕਚ ॥ ਅੰਧਾ ਸਚਾ ਅੰਧੀ ਸਟ ॥2॥
ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਟਿਕੀ ਰਹਿੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਨੂੰ ਸੋਹਣਾ ਬਣਾ ਕੇ ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਪ੍ਰਭੂ ਸਾਡੇ ਅੰਦਰ ਹੈ, ਅਤੇ ਸਭ ਦੇ ਅੰਦਰ ਮੌਜੂਦ ਹੈ, ਇਹ ਤਾਂਘ ਵਧੀਕ ਤੇਜ ਹੁੰਦੀ ਜਾਂਦੀ ਹੈ। ਪ੍ਰਭੂ ਦਾ ਡਰ ਅਦਬ ਰੱਖਣ ਤੋਂ ਬਿਨਾ ਸਾਡੀ ਜੀਵਨ ਉਸਾਰੀ, ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ ਬਣਦੀ ਜਾਂਦੀ ਹੈ, ਕਿਉਂਕਿ ਜਿਸ ਸੱਚੇ ਵਿਚ ਜੀਵਨ ਢਲਦਾ ਹੈ, ਉਹ ਹੋਛਾ-ਮਨ ਪੈਦਾ ਕਰਨ ਵਾਲਾ ਹੁੰਦਾ ਹੈ, ਸਾਡੇ ਜੀਵਨ ਵੀ ਅਗਿਆਨਤਾ ਵਾਲੇ ਹੀ ਹੁੰਦੇ ਹਨ।2।
ਬੁਧੀ ਬਾਜੀ ਉਪਜੈ ਚਾਉ ॥ ਸਹਸ ਸਿਆਣਪ ਪਵੈ ਨ ਤਾਉ ॥
ਨਾਨਕ ਮਨਮੁਖਿ ਬੋਲਣੁ ਵਾਉ ॥ ਅੰਧਾ ਅਖਰੁ ਵਾਉ ਦੁਆਉ ॥3॥1॥
ਹੇ ਨਾਨਕ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ ਖੇਡ ਵਿਚ ਲੱਗੀ ਰਹਿੰਦੀ ਹੈ, ਜਗਤ ਤਮਾਸ਼ਿਆਂ ਦਾ ਹੀ ਚਾਉ ਉਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ। ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਵੀ ਕਰੇ, ਉਸ ਦਾ ਜੀਵਨ ਠਕਿ ਸੱਚੇ ਵਿਚ ਨਹੀਂ ਢਲਦਾ, ਮਨਮੁੱਖ ਦਾ ਬੇ-ਥਵਾ ਬੋਲ ਹੁੰਦਾ ਹੈ, ਉਹ ਅੰਨ੍ਹਾ ਊਲ-ਜਲੂਲ ਗੱਲਾਂ ਹੀ ਕਰਦਾ ਹੈ।3।1।
ਚੰਦੀ ਅਮਰ ਜੀਤ ਸਿੰਘ (ਚਲਦਾ)