ਗੁਰਬਾਣੀ ਦੀ ਸਰਲ ਵਆਿਖਆਿ! (ਭਾਗ 441)
ਗਉੜੀ ਮਹਲਾ 1 ॥
ਪਉਣੈ ਪਾਣੀ ਅਗਨੀ ਕਾ ਮੇਲੁ ॥ ਚੰਚਲ ਚਪਲ ਬੁਧਿ ਕਾ ਖੇਲੁ ॥
ਨਉ ਦਰਵਾਜੇ ਦਸਵਾ ਦੁਆਰੁ ॥ ਬੁਝੁ ਰੇ ਗਿਆਨੀ ਏਹੁ ਬੀਚਾਰੁ ॥ 1॥
ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ, ਗੁਰੂ ਦੀ ਸਰਨ ਪੈ ਕੇ ਇਹ ਗੱਲ ਸਮਝ ਲੈ ਕਿ ਜਦੋਂ ਹਵਾ, ਪਾਣੀ, ਅੱਗ ਆਦਿ ਤੱਤਾਂ ਦਾ ਮਿਲਾਪ ਹੁੰਦਾ ਹੈ, ਤਦੋਂ ਇਹ ਸਰੀਰ ਬਣਦਾ ਹੈ, ਤੇ ਇਸ ਵਿਚ ਚੰਚਲ ਅਤੇ ਕਿਸੇ ਇਕ ਥਾਂ ਨਾ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ ਸ਼ੁਰੂ ਹੋ ਜਾਂਦੀ ਹੈ। ਸਰੀਰ ਦੀਆਂ ਨੌਂ ਹੀ ਗੋਲਕਾਂ ਇਸ ਦੌੜ-ਭੱਜ ਵਿਚ ਸ਼ਾਮਲ ਰਹਿੰਦੀਆਂ ਹਨ, ਸਿਰਫ ਦਿਮਾਗ ਹੀ ਹੈ ਜਿਸ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ।1।
ਕਥਤਾ ਬਕਤਾ ਸੁਨਤਾ ਸੋਈ ॥ ਆਪੁ ਬੀਚਾਰੇ ਸੁ ਗਿਆਨੀ ਹੋਈ ॥1॥ ਰਹਾਉ ॥
ਹੇ ਭਾਈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਹ ਪਰਮਾਤਮਾ ਹੀ ਹਰੇਕ ਜੀਵ ਵਿਚ ਵਿਆਪਕ ਹੋ ਕੇ ਬੋਲਣ ਵਾਲਾ ਹੈ, ਸੁਣਨ ਵਾਲਾ ਹੈ।1।ਰਹਾਉ।
ਦੇਹੀ ਮਾਟੀ ਬੋਲੈ ਪਉਣੁ ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥
ਮੂਈ ਸੁਰਤਿ ਬਾਦੁ ਅਹੰਕਾਰੁ ॥ ਓਹੁ ਨ ਮੂਆ ਜੋ ਦੇਖਣਹਾਰੁ ॥2॥
ਹੇ ਗਿਆਨਵਾਨ ਮਨੁੱਖ, ਇਸ ਗੱਲ ਨੂੰ ਸਮਝ ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਮਨੁੱਖ ਦੇ ਅੰਦਰੋਂ ਸਿਰਫ ਆਪਾ ਭਾਵ ਦੀ ਮੌਤ ਹੁੰਦੀ ਹੈ, ਹੋਰ ਕੁਝ ਨਹੀਂ ਮਰਦਾ, ਮਿੱਟੀ ਆਦਿ ਤੱਤਾਂ ਦੇ ਬਣੇ ਇਸ ਸਰੀਰ ਵਿਚ ਸੁਆਸ ਬੋਲਦਾ ਹੀ ਰਹਿੰਦਾ ਹੈ। ਹਾਂ ਗੁਰੂ ਮਿਿਲਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ ਖਿੱਚ ਮਰ ਜਾਂਦੀ ਹੈ, ਮਾਇਆ ਦੀ ਖਾਤਰ, ਮਨ ਦਾ ਝਗੜਾ ਮਰ ਜਾਂਦਾ ਹੈ, ਮਨੁੱਖ ਦੇ ਅੰਦਰੋਂ ਮਾਇਆ ਦਾ ਹੰਕਾਰ ਮਰ ਜਾਂਦਾ ਹੈ। ਪਰ ਉਹ ਆਤਮਾ ਨਹੀਂ ਮਰਦੀ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ।2।
ਜੈ ਕਾਰਣਿ ਤਟਿ ਤੀਰਥ ਜਾਹੀ ॥ ਰਤਨ ਪਦਾਰਥ ਘਟ ਹੀ ਮਾਹੀ ॥
ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥ ਭੀਤਰਿ ਹੋਦੀ ਵਸਤੁ ਨ ਜਾਣੈ ॥3॥
ਹੇ ਭਾਈ, ਜਿਸ ਨਾਮ-ਰਤਨ ਦੀ ਖਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ, ਉਹ ਕੀਮਤੀ ਰਤਨ ਮਨੁੱਖ ਦੇ ਹਿਰਦੇ ਵਿਚ ਹੀ ਵੱਸਦਾ ਹੈ। ਵੇਦ ਆਦਿ ਪੁਸਤਕਾਂ ਦਾ ਵਿਦਵਾਨ ਪੰਡਿਤ, ਵੇਦ ਆਦਿ ਧਰਮ-ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਵੀ ਚਰਚਾ ਕਰਦਾ ਰਹਿੰਦਾ ਹੈ। ਉਹ ਪੰਡਿਤ ਆਪਣੇ ਅੰਦਰ ਵਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ।3।
ਹਉ ਨ ਮੂਆ ਮੇਰੀ ਮੁਈ ਬਲਾਇ ॥ ਓਹੁ ਨ ਮੂਆ ਜੋ ਰਹਿਆ ਸਮਾਇ ॥
ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥ ਮਰਤਾ ਜਾਤਾ ਨਦਰਿ ਨ ਆਇਆ ॥4॥4॥
ਹੇ ਨਾਨਕ ਆਖ, ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ, ਉਸ ਨੂੰ ਇਹ ਦਿਸ ਪੈਂਦਾ ਹੈ ਕਿ ਪ੍ਰਭੂ ਜੰਮਦਾ-ਮਰਦਾ ਨਹੀਂ। ਉਸ ਨੂੰ ਇਹ ਦਿਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, ਮਨੁੱਖ ਦੇ ਅੰਦਰੋਂ ਮਾਇਆ ਦੀ ਮਮਤਾ ਰੂਪ ਚੁੜੇਲ ਨਹੀਂ ਮਰਦੀ ਹੈ। ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ।4।4।
ਚੰਦੀ ਅਮਰ ਜੀਤ ਸਿੰਘ (ਚਲਦਾ)