ਗਉੜੀ ਮਹਲਾ 1 ਦਖਣੀ ॥
ਸੁਣਿ ਸੁਣਿ ਬੂਝੈ ਮਾਨੈ ਨਾਉ ॥ ਤਾ ਕੈ ਸਦ ਬਲਿਹਾਰੈ ਜਾਉ ॥
ਆਪਿ ਭੁਲਾਏ ਠਉਰ ਨ ਠਾਉ ॥ ਤੂੰ ਸਮਝਾਵਹਿ ਮੇਲਿ ਮਿਲਾਉ ॥1॥
ਜੋ ਮਨੁੱਖ, ਸਾਚੇ ਗੁਰੂ ਕੀ ਸਾਚੀ ਸੀਖ, ਸੁਣ ਸੁਣ ਕੇ, ਉਸ ਨੂੰ ਵਿਚਾਰਦਾ-ਸਮਝਦਾ ਹੈ ਤੇ ਇਹ ਯਕੀਨ ਬਣਾ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਵਣਜ-ਵਾਪਾਰ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ। ਜਿਸ ਮਨੁੱਖ ਨੂੰ ਪ੍ਰਭੂ ਇਸ ਪਾਸੇ ਵਲੋਂ
ਖੁੰਝਾ ਦਿੰਦਾ ਹੈ, ਉਸ ਨੂੰ ਕੋਈ ਹੋਰ ਆਤਮਕ ਸਹਾਰਾ ਨਹੀਂ ਮਿਲ ਸਕਦਾ। ਹੇ ਪ੍ਰਭੂ, ਜਿਸ ਨੂੰ ਤੂੰ ਆਪ ਸਮਝ ਬਖਸੇਂ, ਉਸ ਨੂੰ ਤੂੰ ਗੁਰੂ ਦੀ ਸਿiਖਆ ਵਿਚ ਮੇਲ ਕੇ ਆਪਣੇ ਚਰਨਾਂ ਦਾ ਮਿਲਾਪ ਬਖਸ਼ਦਾ ਹੈਂ ।1।
ਨਾਮੁ ਮਿਲੈ ਚਲੈ ਮੈ ਨਾਲਿ ॥
ਬਿਨੁ ਨਾਵੈ ਬਾਧੀ ਸਭ ਕਾਲਿ ॥1॥ ਰਹਾਉ ॥
ਹੇ ਪ੍ਰਭੂ, ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ ਨਾਮ ਮਿਲ ਜਾਵੇ, ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ, ਮੇਰੇ ਨਾਲ ਜਾ ਸਕਦਾ ਹੈ। ਤੇਰਾ ਨਾਮ ਸਿਮਰਨ ਤੋਂ ਬਿਨਾ ਸਾਰੀ ਲੁਕਾਈ, ਮੌਤ ਦੇ ਸਹਿਮ ਵਿਚ ਜਕੜੀ ਹੋਈ ਹੈ।1।ਰਹਾਉ।
ਖੇਤੀ ਵਣਜੁ ਨਾਵੈ ਕੀ ਓਟ ॥ ਪਾਪੁ ਪੁੰਨੁ ਬੀਜ ਕੀ ਪੋਟ ॥
ਕਾਮੁ ਕ੍ਰੋਧੁ ਜੀਅ ਮਹਿ ਚੋਟ ॥ ਨਾਮੁ ਵਿਸਾਰਿ ਚਲੇ ਮਨਿ ਖੋਟ ॥2॥
ਹੇ ਭਾਈ, ਪਰਮਾਤਮਾ ਦੇ ਨਾਮ ਦਾ ਆਸਰਾ, ਇਸ ਤਰ੍ਹਾਂ ਲੱਦੋ, ਜਿਸ ਤਰ੍ਹਾਂ ਖੇਤੀ ਨੂੰ, ਵਪਾਰ ਨੂੰ ਆਪਣੇ ਸਰੀਰਕ ਨਿਰਬਾਹ ਦਾ ਸਹਾਰਾ ਬਣਾਂਦੇ ਹੋ। ਕੋਈ ਵੀ ਕੀਤਾ ਹੋਇਆ ਪਾਪ ਜਾਂ ਪੁੰਨ ਹਰੇਕ ਜੀਵ ਲਈ ਅਗਾਂਹ ਵਾਸਤੇ ਬੀਜ ਦੀ ਪੋਟਲੀ ਬਣ ਜਾਂਦਾ ਹੈ। ਉਹ ਚੰਗਾ ਮੰਦਾ ਕੀਤਾ ਕਰਮ, ਮਨ ਦੇ ਅੰਦਰ ਸੰਸਕਾਰ ਰੂਪ ਵਿਚ ਟਿਕ ਕੇ, ਉਹੋ ਜਿਹੇ ਕਰਮ ਕਰਨ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ। ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦੀ ਥਾਂ, ਕਾਮ-ਕ੍ਰੋਧ ਆਦਿਕ ਵਿਕਾਰ, ਚੋ ਲਾਂਦਾ ਰਹਿੰਦਾ ਹੈ, ਪ੍ਰੇਰਨਾ ਕਰਦਾ ਰਹਿੰਦਾ ਹੈ, ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ ਏਥੋਂ ਮਨ ਵਿਚ ਵਿਕਾਰਾਂ ਦੀ ਖੋਟ ਲੈ ਕੇ ਹੀ ਤੁਰ ਪੈਂਦੇ ਹਨ।2।
ਸਾਚੇ ਗੁਰ ਕੀ ਸਾਚੀ ਸੀਖ ॥ ਤਨੁ ਮਨੁ ਸੀਤਲੁ ਸਾਚੁ ਪਰੀਖ ॥
ਜਲ ਪੁਰਾਇਨਿ ਰਸ ਕਮਲ ਪਰੀਖ ॥ ਸਬਦਿ ਰਤੇ ਮੀਠੇ ਰਸ ਈਖ ॥3॥
ਜਿਨ੍ਹਾਂ ਬੰਦਿਆਂ ਨੂੰ ਸ਼ਬਦ ਗੁਰੂ ਦੀ ਸੱਚੀ ਸਿਿਖਆ ਪ੍ਰਾਪਤ ਹੁੰਦੀ ਹੈ, ਉਨ੍ਹਾਂ ਦਾ ਮਨ ਸ਼ਾਂਤ ਰਹਿੰਦਾ ਹੈ, ਉਨ੍ਹਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ, ਉਨ੍ਹਾਂ ਦੇ ਗਿਆਨ ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ, ਉਹ ਸਦਾ ਕਾਇਮ ਰਹਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ, ਸਾਂਝ ਪਾ ਲੈਂਦੇ ਹਨ। ਜਿਵੇਂ ਪਾਣੀ ਦੀ ਚੌਪੱਤੀ, ਪਾਣੀ ਦਾ ਕੌਲ-ਫੁੱਲ, ਪਾਣੀ ਤੋਂ ਬਿਨਾ ਜਿਊਂਦੇ ਨਹੀਂ ਰਹਿ ਸਕਦੇ, ਤਿਵੇਂ ਉਨ੍ਹਾਂ ਦੀ ਜਿੰਦ, ਪ੍ਰਭੂ-ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ। ਉਹ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਿੱਠੇ ਸੁਭਾਅ ਵਾਲੇ ਹੁੰਦੇ ਹਨ ਜਿਵੇਂ ਗੰਨੇ ਦੀ ਰੌਹ ਮਿੱਠੀ ਹੈ ।3।
ਹੁਕਮਿ ਸੰਜੋਗੀ ਗੜਿ ਦਸ ਦੁਆਰ ॥ ਪੰਚ ਵਸਹਿ ਮਿiਲ ਜੋਤਿ ਅਪਾਰ ॥
ਆਪਿ ਤੁਲੈ ਆਪੇ ਵਣਜਾਰ ॥ ਨਾਨਕ ਨਾਮਿ ਸਵਾਰਣਹਾਰ ॥4॥5॥
ਪ੍ਰਭੂ ਦੇ ਹੁਕਮ ਵਿਚ ਕੀਤੇ ਪੂਰਬਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਸੰਤ-ਜਨ ਅਪਾਰ ਪ੍ਰਭੂ ਦੀ ਜੋਤ ਨਾਲ ਮਿਲ ਕੇ ਇਸ ਦੱਸ-ਦੁਆਰੀ ਸਰੀਰ-ਕਿਲ੍ਹੇ ਵਿਚ ਵੱਸਦੇ ਹਨ, ਕਾਮ-ਕ੍ਰੋਧ ਆਦਿ ਕੋਈ ਵਿਕਾਰ, ਇਸ ਕਿਲ੍ਹੇ ਵਿਚ ਉਨ੍ਹਾਂ ਉੱਤੇ ਚੋਟ ਨਹੀਂ ਕਰਦਾ, ਉਨ੍ਹਾਂ ਦੇ ਅੰਦਰ ਪ੍ਰਭੂ ਆਪ ਨਾਮ-ਵੱਖਰ ਬਣ ਕੇ ਵਣਜਿਆ ਜਾ ਰਿਹਾ ਹੈ, ਉਨ੍ਹਾਂ ਦੇ ਅੰਦਰ ਬੈਠਾ ਪ੍ਰਭੂ ਆਪ ਹੀ ਨਾਮ-ਵੱਖਰ ਦਾ ਵਣਜ ਕਰਦਾ ਹੈ।
ਹੇ ਨਾਨਕ, ਉਨ੍ਹਾਂ ਸੰਤ-ਜਨਾਂ ਨੂੰ ਆਪਣੇ ਨਾਮ ਵਿਚ ਜੋੜ ਕੇ, ਆਪ ਹੀ ਉਨ੍ਹਾਂ ਦਾ ਜੀਵਨ ਸੁਚੱਜਾ ਬਣਾਂਦਾ ਹੈ।4।5।
ਚੰਦੀ ਅਮਰ ਜੀਤ ਸਿੰਘ (ਚਲਦਾ)