ਗੁਰਬਾਣੀ ਦੀ ਸਰਲ iਵਆiਖਆ!(ਭਾਗ 443)
ਗਉੜੀ ਮਹਲਾ 1 ॥
ਜਾਤੋ ਜਾਇ ਕਹਾ ਤੇ ਆਵੈ ॥ ਕਹ ਉਪਜੈ ਕਹ ਜਾਇ ਸਮਾਵੈ ॥
ਕਿਉ ਬਾਧਿਓ ਕਿਉ ਮੁਕਤੀ ਪਾਵੈ ॥ ਕਿਉ ਅਬਿਨਾਸੀ ਸਹਜਿ ਸਮਾਵੈ ॥1॥
ਇਹ ਕਿਵੇਂ ਸਮਝ ਆਵੇ ਕਿ ਇਹ ਵਾਸਨਾ ਕਿੱਥੋਂ ਆਉਂਦੀ ਹੈ, ਵਾਸਨਾ ਕਿੱਥੋਂ ਪੈਦਾ ਹੁੰਦੀ ਹੈ, ਕਿੱਥੇ ਜਾ ਕੇ ਮੁੱਕ ਜਾਂਦੀ ਹੈ ? ਮਨੁੱਖ ਕਿਵੇਂ ਇਸ ਵਾਸਨਾ ਵਿਚ ਬੱਝ ਜਾਂਦਾ ਹੈ ? ਕਿਵੇਂ ਇਸ ਤੋਂ ਖਲਾਸੀ ਹਾਸਲ ਕਰਦਾ ਹੈ ? ਖਲਾਸੀ ਪਾ ਕੇ ਕਿਵੇਂ ਅਟੱਲ-ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ? ।1।
ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥ ਨਰਹਰ ਨਾਮੁ ਨਰਹਰ ਨਿਹਕਾਮੁ ॥1॥ ਰਹਾਉ ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ, ਉਹ ਪ੍ਰਭੂ ਦਾ ਨਾਮ ਲੈ ਕੇ, ਪ੍ਰਭੂ ਵਾਙ ਕਾਮਨਾ ਰਹਿਤ, ਵਾਸ਼ਨਾ-ਰਹਿਤ ਹੋ ਜਾਂਦਾ ਹੈ ।1।ਰਹਾਉ।
ਸਹਜੇ ਆਵੈ ਸਹਜੇ ਜਾਇ ॥ ਮਨ ਤੇ ਉਪਜੈ ਮਨ ਮਾਹਿ ਸਮਾਇ ॥
ਗੁਰਮੁਖਿ ਮੁਕਤੋ ਬੰਧੁ ਨ ਪਾਇ ॥ ਸਬਦੁ ਬੀਚਾਰਿ ਛੁਟੈ ਹਰਿ ਨਾਇ ॥2॥
ਗੁਰੂ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ ਵਾਸਨਾ, ਕੁਦਰਤੀ ਜਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ। ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ। ਮਨਮੁੱਖਤਾ ਦੀ ਹਾਲਤ ਵਿਚ ਮਨ ਤੋਂ ਪੈਦਾ ਹੁੰਦੀ ਹੈ, ਗੁਰੂ ਦੇ ਸਨਮੁਖ ਹੋਇਆਂ ਮਨ ਵਿਚ ਹੀ ਖਤਮ ਹੋ ਜਾਂਦੀ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ ਉਸ ਦੇ ਰਾਹ ਵਿਚ ਬੰਨ੍ਹ ਨਹੀਂ ਮਾਰ ਸਕਦੀ। ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ ਦੇ ਜਾਲ ਵਿਚੋਂ ਬਚ ਜਾਂਦਾ ਹੈ।2।
ਤਰਵਰ ਪੰਖੀ ਬਹੁ ਨਿiਸ ਬਾਸੁ ॥ ਸੁਖ ਦੁਖੀਆ ਮਨਿ ਮੋਹ ਵਿਣਾਸੁ ॥
ਸਾਝ ਬਿਹਾਗ ਤਕਹਿ ਆਗਾਸੁ ॥ ਦਹ ਦਿਿਸ ਧਾਵਹਿ ਕਰਮਿ ਲਿiਖਆਸੁ ॥3॥
ਜਿਵੇਂ ਰਾਤ ਵੇਲੇ ਅਨੇਕਾਂ ਪੰਖੀ ਰੁੱਖਾਂ ਉੱਤੇ ਬਸੇਰਾ ਕਰ ਲੈਂਦੇ ਹਨ, ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ , ਕੋਈ ਸੁਖੀ ਹਨ, ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ। ਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਟਿਕਦੇ ਹਨ, ਸਵੇਰੇ ਆਕਾਸ਼ ਨੂੰ ਤੱਕਦੇ ਹਨ, ਚਾਨਣ ਵੇਖ ਕੇ ਦਸੀਂ ਪਾਸੀਂ ਉੱਡ ਜਾਂਦੇ ਹਨ, ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ।3।
ਨਾਮ ਸੰਜੋਗੀ ਗੋਇਲਿ ਥਾਟੁ ॥ ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥
ਬਿਨੁ ਵਖਰ ਸੂਨੋ ਘਰੁ ਹਾਟੁ ॥ ਗੁਰ ਮਿਿਲ ਖੋਲੇ ਬਜਰ ਕਪਾਟ ॥4॥
ਜਿਵੇਂ ਔੜ ਲੱਗਣ ਤੇ ਲੋਕ ਦਰਿਆਵਾਂ ਕੰਢੇ ਹਰਿਆਵਲੇ ਥਾਂ ਵਿਚ ਚਾਰ ਦਿਨਾਂ ਦਾ ਟਿਕਾਣਾ ਬਣਾ ਲੈਂਦੇ ਹਨ, ਤਿਵੇਂ ਹੀ ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਵਾਲੇ ਬੰਦੇ ਜਗਤ ਵਿਚ ਚੰਦ-ਰੋਜ਼ਾ ਟਿਕਾਣਾ ਸਮਝਦੇ ਹਨ। ਉਨ੍ਹਾਂ ਦੇ ਅੰਦਰੋਂ ਕਾਮ-ਕ੍ਰੋਧ ਆਦਿ ਦਾ ਵਿਹੁਲਾ ਮਟਕਾ ਭੱਜ ਜਾਂਦਾ ਹੈ, ਉਨ੍ਹਾਂ ਦੇ ਅੰਦਰ ਕਾਮਾਦਿਕ ਵਿਕਾਰ ਜ਼ੋਰ ਨਹੀਂ ਪਾਂਦੇ। ਜੋ ਮਨੁੱਖ ਨਾਮ-ਵੱਖਰ ਤੋਂ ਵਾਂਝੇ ਰਹਿੰਦੇ ਹਨ , ਉਨ੍ਹਾਂ ਦਾ ਹਿਰਦਾ-ਹੱਟ ਸੱਖਣਾ ਹੁੰਦਾ ਹੈ, ਉਨ੍ਹਾਂ ਦੇ ਸੁੰਞੇ ਹਿਰਦੇ-ਘਰ ਨੂੰ ਮਾਨੋ ਜੰਦਰੇ ਵੱਜੇ ਰਹਿੰਦੇ ਹਨ।
ਗੁਰੂ ਨੂੰ ਮਿਲ ਕੇ ਉਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ।4।
ਸਾਧੁ ਮਿਲੈ ਪੂਰਬ ਸੰਜੋਗ ॥ ਸਚਿ ਰਹਸੇ ਪੂਰੇ ਹਰਿ ਲੋਗ ॥
ਮਨੁ ਤਨੁ ਦੇ ਲੈ ਸਹਜਿ ਸੁਭਾਇ ॥ ਨਾਨਕ ਤਿਨ ਕੈ ਲਾਗਉ ਪਾਇ ॥5॥6॥
ਜਿਨ੍ਹਾਂ ਮਨੁੱਖਾਂ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਤੇ ਗੁਰੂ ਮਿਲਦਾ ਹੈ, ਉਹ ਪੂਰੇ ਪੁਰਸ਼ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜੇ ਰਹਿੰਦੇ ਹਨ। ਹੇ ਨਾਨਕ, ਆਖ ਜੋ ਮਨੁੱਖ, ਮਨ ਗੁਰੂ ਦੇ ਹਵਾਲੇ ਕਰ ਕੇ ਤੇ ਸਰੀਰ ਗੁਰੂ ਦੇ ਹਵਾਲੇ ਕਰ ਕੇ, ਅਡੋਲਤਾ ਵਿਚ ਟਿਕ ਕੇ, ਪ੍ਰੇਮ ਵਿਚ ਜੁੜ ਕੇ, ਨਾਮ ਦੀ ਦਾਤ ਗੁਰੂ ਤੋਂ ਲੈਂਦੇ ਹਨ, ਮੈਂ ਉਨ੍ਹਾਂ ਦੀ ਚਰਨੀਂ ਲਗਦਾ ਹਾਂ ।5।6।
ਚੰਦੀ ਅਮਰ ਜੀਤ ਸਿੰਘ (ਚਲਦਾ)