ਗੁਰਬਾਣੀ ਦੀ ਸਰਲ ਵਆਿਖਆਿ! (ਭਾਗ 445)
ਗਉੜੀ ਮਹਲਾ 1 ॥
ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥ ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥
ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥1॥
ਪਰਮਾਤਮਾ ਦੀ ਸਿਫਤ-ਸਾਲਾਹ ਵਿਚ ਮਨ ਜੋੜਿਆਂ ਹਿਰਦਾ-ਕਮਲ ਮਾਇਆ ਦੇ ਮੋਹ ਵਲੋਂ ਹੱਟ ਜਾਂਦਾ ਹੈ, ਦਿਮਾਗ ਵਿਚ ਵੀ ਸਿਫਤ-ਸਾਲਾਹ ਦੀ ਬਰਕਤ ਨਾਲ ਨਾਮ-ਅੰਮ੍ਰਿਤ ਦੀ ਵਰਖਾ ਹੁੰਦੀ ਹੈ ਤੇ ਮਾਇਆ ਵਾਲੇ ਝਮੇਲਿਆਂ ਦੀ ਅਸ਼ਾਂਤੀ ਮਿਟ ਕੇ ਠੰਡ ਪੈਂਦੀ ਹੈ। ਫਿਰ ਦਿਲ ਨੂੰ ਵੀ ਤੇ ਦਿਮਾਗ ਨੂੰ ਵੀ ਇਹ ਯਕੀਨ ਹੋ ਜਾਂਦਾ ਹੈ ਕਿ ਪ੍ਰਭੂ ਆਪ ਸਾਰੇ ਜਗਤ ਦੇ ਕਣ ਕਣ ਵਿਚ ਮੌਜੂਦ ਹੈ ।1।
ਰੇ ਮਨ ਮੇਰੇ ਭਰਮੁ ਨ ਕੀਜੈ ॥ ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥1॥ ਰਹਾਉ ॥
ਹੇ ਮੇਰੇ ਮਨ, ਮਾਇਆ ਦੀ ਖਾਤਰ ਭਟਕਣਾ ਛੱਡ ਦੇ ਅਤੇ ਪ੍ਰਭੂ ਦੀ ਸਿਫਤ-ਸਾਲਾਹ ਵਿਚ ਜੁੜ। ਹੇ ਭਾਈ, ਜਦੋਂ ਮਨ ਨੂੰ ਰੱਬ ਦੀ ਸਿਫਤ-ਸਾਲਾਹ ਚੰਗੀ ਲੱਗਣ ਲੱਗ ਪੈਂਦੀ ਹੈ, ਤਦੋਂ ਇਹ ਸਿਫਤ ਸਾਲਾਹ ਦਾ ਸੁਆਦ ਮਾਨਣ ਲੱਗ ਪੈਂਦਾ ਹੈ।1।ਰਹਾਉ।
ਜਨਮੁ ਜੀਤਿ ਮਰਣਿ ਮਨੁ ਮਾਨਿਆ ॥ ਆਪਿ ਮੂਆ ਮਨੁ ਮਨ ਤੇ ਜਾਨਿਆ ॥
ਨਜਰਿ ਭਈ ਘਰੁ ਘਰ ਤੇ ਜਾਨਿਆ ॥2॥
ਸਿਫਤ-ਸਾਲਾਹ ਵਿਚ ਜੁੜਿਆਂ ਜਨਮ-ਮਨੋਰਥ ਪ੍ਰਾਪਤ ਕਰ ਕੇ ਮਨ ਨੂੰ ਸੁਆਰਥ ਦਾ ਮੁੱਕ ਜਾਣਾ, ਪਸੰਦ ਆ ਜਾਂਦਾ ਹੈ। ਇਸ ਗੱਲ ਦੀ ਸੂਝ ਮਨ ਅੰਦਰ ਹੀ ਪੈ ਜਾਂਦੀ ਹੈ ਕਿ ਆਪਾ-ਭਾਵ ਮੁੱਕ ਗਿਆ ਹੈ। ਜਦੋਂ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਸੁਰਤ ਪ੍ਰਭੂ ਚਰਨਾਂ ਵਿਚ ਜੁੜੀ ਹੋਈ ਹੈ ।2।
ਜਤੁ ਸਤੁ ਤੀਰਥੁ ਮਜਨੁ ਨਾਮਿ ॥ ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥
ਨਰ ਨਾਰਾਇਣ ਅੰਤਰਜਾਮਿ ॥3॥
ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਜਤ ਸਤ ਤੇ ਤੀਰਥ-ਇਸ਼ਨਾਨ ਦਾ ਉੱਦਮ ਹੈ। ਮੈਂ ਜਤ ਸਤ ਆਦਿ ਵਾਲਾ ਬਹੁਤ ਖਿਲਾਰਾ, ਖਿਲਾਰਾਂ ਵੀ ਕਿਉਂ ? ਇਹ ਸਾਰੇ ਉੱਦਮ ਤਾਂ ਲੋਕ ਵਿਖਾਵੇ ਦੇ ਹੀ ਹਨ, ਤੇ ਪ੍ਰਭੂ ਹਰੇਕ ਦੇ ਦਿਲ ਦੀ ਜਾਣਦਾ ਹੈ।3।
ਆਨ ਮਨਉ ਤਉ ਪਰ ਘਰ ਜਾਉ ॥ ਕਿਸੁ ਜਾਚਉ ਨਾਹੀ ਕੋ ਥਾਉ ॥
ਨਾਨਕ ਗੁਰਮਤਿ ਸਹਜਿ ਸਮਾਉ ॥4॥8॥
ਮਾਇਆ ਵਾਲੀ ਭਟਕਣਾ ਮੁਕਾਣ ਵਾਸਤੇ ਪ੍ਰਭੂ ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ, ਹੋਰ ਕੋਈ ਆਸਰਾ ਨਹੀਂ, ਸੋ ਮੈਂ ਤਦੋਂ ਹੀ ਕਿਸੇ ਹੋਰ ਥਾਂ ਜਾਵਾਂ, ਜੇ ਮੈਂ ਪ੍ਰਭੂ ਤੋਂ ਬਿਨਾ ਕੋਈ ਹੋਰ ਥਾਂ ਮੰਨ ਹੀ ਲਵਾਂ। ਕੋਈ ਹੋਰ ਥਾਂ ਹੈ ਹੀ ਨਹੀਂ, ਮੈ ਕਿਸ ਪਾਸੋਂ ਇਹ ਮੰਗ ਮੰਗਾਂ ਕਿ ਮੇਰਾ ਮਨ ਭਟਕਣੋਂ ਹਟ ਜਾਏ ? ਹੇ ਨਾਨਕ, ਮੈਨੂੰ ਯਕੀਨ ਹੈ ਕਿ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾ ਕੇ, ਉਸ ਆਤਮਕ ਅਵਸਥਾ ਵਿਚ ਲੀਨ ਰਹਿ ਸਕੀਦਾ ਹੈ, ਜਿੱਥੇ ਮਾਇਆ ਵਾਲੀ ਭਟਕਣਾ ਦੀ ਅਣਹੋਂਦ ਹੈ, ਜਿੱਥੇ ਅਡੋਲਤਾ ਹੈ।4।8।
ਚੰਦੀ ਅਮਰ ਜੀਤ ਸਿੰਘ (ਚਲਦਾ)