ਗੁਰਬਾਣੀ ਦੀ ਸਰਲ iਵਆiਖਆ!(ਭਾਗ 446)
gਉੜੀ ਮਹਲਾ 1 ॥
ਸਤਿਗੁਰ ਮਿਲੈ ਸੁ ਮਰਣੁ ਦਿਖਾਏ ॥ ਮਰਣੁ ਰਹਣ ਰਸੁ ਅੰਤਰਿ ਭਾਏ ॥
ਗਰਬੁ ਨਿਵਾਰਿ ਗਗਨ ਪੁਰੁ ਪਾਏ ॥1॥
ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਉਹ ਮੌਤ ਵਿਖਾ ਦੇਂਦਾ ਹੈ, ਵਿਕਾਰਾਂ ਵਲੋਂ ਉਹ ਮੌਤ, ਉਸ ਦੇ ਜੀਵਨ ਤਜਰਬੇ ਵਿਚ ਲਿਆ ਦੇਂਦਾ ਹੈ। ਜਿਸ ਮੌਤ ਦਾ ਆਨੰਦ ਤੇ ਉਸ ਤੋਂ ਪੈਦਾ ਹੋਏ ਸਦੀਵੀ ਆਤਮਕ ਜੀਵਨ ਦਾ ਆਨੰਦ ਉਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਪਿਆਰਾ ਲੱਗਣ ਲੱਗ ਜਾਂਦਾ ਹੈ। ਉਹ ਮਨੁੱਖ ਸਰੀਰ ਆਦਿ ਦਾ ਅਹੰਕਾਰ ਦੂਰ ਕਰ ਕੇ, ਉਹ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਸੁਰਤ ਉੱਚੀਆਂ ਉਡਾਰੀਆਂ ਲਾਂਦੀ ਰਹੇ ।1।
ਮਰਣੁ ਲਿਖਾਇ ਆਏ ਨਹੀ ਰਹਣਾ ॥ ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥1॥ ਰਹਾਉ ॥
ਹੇ ਭਾਈ, ਸਾਰੇ ਜੀਵ ਸਰੀਰਕ ਮੌਤ-ਰੂਪ ਹੁਕਮ, ਪ੍ਰਭੂ ਦੀ ਹਜ਼ੂਰੀ ਵਿਚੋਂ ਲਿਖਾ ਕੇ ਜੰਮਦੇ ਹਨ, ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ। ਸੋ ਏਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ। ਹਾਂ ਪ੍ਰਭੂ ਦਾ ਨਾਮ ਸਿਮਰ ਕੇ, ਪ੍ਰਭੂ ਦੀ ਸਿਫਤ-ਸਾਲਾਹ ਕਰ ਕੇ, ਪ੍ਰਭੂ ਦੀ ਸਰਨ ਵਿਚ ਰਹਿ ਕੇ ਸਦੀਵੀ ਆਤਮਕ ਜੀਵਨ ਮਿਲ ਜਾਂਦਾ ਹੈ।1।ਰਹਾਉ।
ਸਤਿਗੁਰ ਮਿਲੈ ਤ ਦੁਬਿਧਾ ਭਾਗੈ ॥
ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥
ਜੀਵਤੁ ਮਰੈ ਮਹਾ ਰਸੁ ਆਗੈ ॥2॥
ਜੇ ਸੱਚਾ ਗੁਰੂ ਮਿਲ ਪਵੇ ਤਾਂ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਹੈ, ਹਿਰਦੇ ਦਾ ਕੌਲ-ਫੁੱਲ ਖਿੜ ਕੇ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਗਿੰਦਾ ਹੈ, ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ, ਉਸ ਨੂੰ ਪ੍ਰਤੱਖ ਤੌਰ ਤੇ ਪਰਮਾਤਮਾ ਦੇ ਸਿਮਰਨ ਦਾ ਮਹਾਂ ਆਨੰਦ ਅਨੁਭਵ ਹੁੰਦਾ ਹੈ ।2।
ਸਤਿਗੁਰਿ ਮਿiਲਐ ਸਚ ਸੰਜਮਿ ਸੂਚਾ ॥
ਗੁਰ ਕੀ ਪਉੜੀ ਊਚੋ ਊਚਾ ॥
ਕਰਮਿ ਮਿਲੈ ਜਮ ਕਾ ਭਉ ਮੂਚਾ ॥3॥
ਜੇ ਗੁਰੂ ਮਿਲ ਪਵੇ ਤਾਂ ਮਨੁੱਖ ਸਿਮਰਨ ਦੀ ਜੁਗਤ ਵਿਚ ਰਹਿ ਕੇ ਪਵਿੱਤ੍ਰ ਆਤਮਾ ਹੋ ਜਾਂਦਾ ਹੈ। ਗੁਰੂ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ ਆਤਮਕ ਜੀਵਨ ਵਿਚ ਉੱਚਾ ਹੀ ਉੱਚਾ ਹੁੰਦਾ ਜਾਂਦਾ ਹੈ। ਪਰ ਇਹ ਸਿਮਰਨ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਜਿਸ ਨੂੰ ਮਿਲਦਾ ਹੈ, ਉਸ ਦਾ ਮੌਤ ਦਾ ਡਰ ਲਹਿ ਜਾਂਦਾ ਹੈ ।3।
ਗੁਰਿ ਮਿiਲਐ ਮਿiਲ ਅੰਕਿ ਸਮਾਇਆ ॥
ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥
ਨਾਨਕ ਹਉਮੈ ਮਾਰਿ ਮਿਲਾਇਆ ॥4॥9॥
ਜੇ ਗੁਰੂ ਮਿਲ ਪਵੇ ਤਾਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜ ਕੇ ਪ੍ਰਭੂ ਦੇ ਚਰਨਾਂ ਵਿਚ ਲੀਨ ਹੋਇਆ ਰਹਿੰਦਾ ਹੈ। ਗੁਰੂ ਮਿਹਰ ਕਰ ਕੇ ਉਸ ਨੂੰ ਉਹ ਆਤਮਕ ਅਵਸਥਾ ਦਿਖਾ ਦੇਂਦਾ ਹੈ, ਜਿੱਥੇ ਪ੍ਰਭੂ ਦਾ ਮਿਲਾਪ ਹੋਇਆ ਰਹੇ।
ਹੇ ਨਾਨਕ, ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਗੁਰੂ ਉਸ ਨੂੰ ਪ੍ਰਭੂ ਨਾਲ ਇਕ-ਮਿਕ ਕਰ ਦੇਂਦਾ ਹੈ ।4।9॥
ਚੰਦੀ ਅਮਰ ਜੀਤ ਸਿੰਘ (ਚਲਦਾ)