ਗੁਰਬਾਣੀ ਦੀ ਸਰਲ iਵਆiਖਆ!(ਭਾਗ 451)
ਗਉੜੀ ਚੇਤੀ ਮਹਲਾ 1 ॥
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥1॥
ਹੇ ਮੇਰੇ ਮਨ, ਮੇਰੇ ਵੈਰੀ, ਕਾਮ ਆਦਿ ਪੰਜ ਹਨ, ਮੈਂ ਰਿਕੱਲਾ ਹਾਂ, ਮੈਂ ਇਨ੍ਹਾਂ ਤੋਂ ਸਾਰਾ ਘਰ, ਭਲੇ ਗੁਣ ਕਿਵੇਂ ਬਚਾਵਾਂ ? ਹੇ ਭਾਈ, ਇਹ ਪੰਜੇ ਮੈਨੂੰ ਨਿੱਤ ਮਾਰਦੇ ਤੇ ਲੁੱਟਦੇ ਰਹਿੰਦੇ ਹਨ, ਮੈਂ ਕਿਸ ਦੇ ਕੋਲ ਸ਼ਿਕਾਇਤ ਕਰਾਂ ? ।1।
ਸ੍ਰੀ ਰਾਮ ਨਾਮਾ ਉਚਰੁ ਮਨਾ ॥ ਆਗੈ ਜਮ ਦਲੁ ਬਿਖਮੁ ਘਨਾ ॥1॥ ਰਹਾਉ ॥
ਹੇ ਮਨ, ਪ੍ਰਭੂ ਦਾ ਨਾਮ ਸਿਮਰ, ਸਾਮ੍ਹਣੇ ਜਮਰਾਜ ਦੀ ਭਾਰੀ ਤਕੜੀ ਫੌਜ ਦਿਸ ਰਹੀ ਹੈ, ਮੌਤ ਆਉਣ ਵਾਲੀ ਹੈ।1।ਰਹਾਉ।
ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥2॥
ਪਰਮਾਤਮਾ ਨੇ ਇਹ ਸਰੀਰ ਬਣਾ ਕੇ, ਇਸ ਦੇ ਨੱਕ ਕੰਨ ਆਦਿ ਦੱਸ ਦਰਵਾਜੇ ਬਣਾ ਦਿੱਤੇ। ਉਸ ਦੇ ਹੁਕਮ ਅਨੁਸਾਰ ਇਸ ਸਰੀਰ ਵਿਚ ਜਿੰਦ-ਇਸਤ੍ਰੀ ਆ ਟਿਕੀ। ਪਰ ਇਹ ਜੀਵ-ਇਸਤ੍ਰੀ ਆਪਣੇ ਆਪ ਨੂੰ ਅਮਰ ਜਾਣ ਕੇ ਸਦਾ ਦੁਨੀਆ ਵਾਲੇ ਚੋਜ- ਤਮਾਸ਼ੇ ਕਰਦੀ ਰਹਿੰਦੀ ਹੈ, ਤੇ ਉਹ ਵੈਰੀ ਕਾਮ ਆਦਿ ਪੰਜੇ ਜਣੇ ਅੰਦਰੋਂ ਭਲੇ ਗੁਣ ਲੁੱਟਦੇ ਰਹਿੰਦੇ ਹਨ ।2।
ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥
ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥3॥
ਜਮ ਦੀ ਫੌਜ ਨੇ ਆਖਰ, ਸਰੀਰ-ਮਨ ਢਾਹ ਕੇ ਮੰਦਰ ਲੁੱਟ ਲਿਆ, ਜੀਵ-ਇਸਤ੍ਰੀ ਇਕੱਲੀ ਹੀ ਫੜੀ ਗਈ। ਜਮ ਦਾ ਡੰਡਾ ਸਿਰ ਤੇ ਵੱਜਾ, ਜਮ ਦਾ ਸੰਗਲ ਗਲ ਵਿਚ ਪਿਆ, ਉਹ ਲੁੱਟਣ ਵਾਲੇ ਪੰਜ ਜਣੇ ਭੱਜ ਗਏ, ਸਾਥ ਛੱਡ ਗਏ ।3।
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥
ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮ ਪੁਰਿ ਬਾਧਾਤਾ ॥ 4॥2॥14॥
ਸਾਰੀ ਉਮਰ ਜਦ ਤੱਕ ਜੀਵ ਜਿਊਂਦਾ ਰਿਹਾ, ਵਹੁਟੀ ਸੋਨੇ ਚਾਂਦੀ ਦੇ ਗਹਿਣੇ ਮੰਗਦੀ ਰਹਿੰਦੀ ਹੈ, ਸੰਬੰਧੀ ਮਿੱਤ੍ਰ ਖਾਣ-ਪੀਣ ਦੇ ਪਦਾਰਥ ਮੰਗਦੇ ਰਹਿੰਦੇ ਹਨ, ਹੇ ਨਾਨਕ, ਇਨ੍ਹਾਂ ਦੀ ਹੀ ਖਾਤਰ ਜੀਵ ਪਾਪ ਕਰਦਾ ਰਹਿੰਦਾ ਹੈ, ਆਖਰ ਪਾਪਾਂ ਦੇ ਕਾਰਨ, ਬੱਝਾ ਹੋਇਆ, ਜਮ ਦੀ ਨਗਰੀ ਵਿਚ ਧੱਕਿਆ ਜਾਂਦਾ ਹੈ।4।2।14।
ਚੰਦੀ ਅਮਰ ਜੀਤ ਸਿੰਘ (cldw)