ਗੁਰਬਾਣੀ ਦੀ ਸਰਲ iਵਆiਖਆ!(ਭਾਗ 454)
ਗਉੜੀ ਚੇਤੀ ਮਹਲਾ 1 ॥
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥1॥
ਹੇ ਮੇਰੇ ਸਾਹਿਬ, ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀ ਦੱਸੀਏ ਕਿ ਕਦੋਂ ਦੀ ਸਾਡੀ ਕੋਈ ਮਾਂ ਹੈ ? ਕਦੋਂ ਦਾ, ਕਿਸ ਜੂਨ ਦਾ ਸਾਡਾ ਕੋਈ ਪਿਉ ਹੈ ? ਕਿਸ ਕਿਸ ਥਾਂ ਤੇ, ਜੂਨ ਵਿਚੋਂ ਹੋ ਕੇ ਅਸੀਂ ਹੁਣ ਇਸ ਮਨੁੱਖਾ ਜਨਮ ਵਿਚ ਆਏ ਹਾਂ ? ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਵੀ ਨਹੀਂ ਫੁਰਦੀ ਕਿ ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਵੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ ਤੇ, ਕਾਹਦੇ ਵਾਸਤੇ ਪੈਦਾ ਕੀਤੇ ਗਏ ? ।1।
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
ਕਹੇ ਨ ਜਾਨੀ ਅਉਗਣ ਮੇਰੇ ॥1॥ ਰਹਾਉ ॥
ਹੇ ਮੇਰੇ ਮਾਲਕ ਪ੍ਰਭੂ, ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ, ਤੇ ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਕੋਈ ਵੀ ਅਜਿਹਾ ਨਹੀਂ ਹੁੰਦਾ, ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ, ਜੋ ਤੇਰੀ ਸਿਫਤ-ਸਾਲਾਹ ਵਿਚ ਜੁੜ ਸਕੇ।1।ਰਹਾਉ।
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥2॥
ਅਣਗਿਣਤ ਔਗੁਣਾਂ ਦੇ ਕਾਰਨ ਅਸਾਂ, ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਅਸੀਂ ਪਸ਼ੂ ਜੂਨਾਂ ਵਿਚ ਜੰਮੇ, ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ।2।
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥3॥
ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ, ਸੰਨ੍ਹ ਲਾਂਦਾ ਹੈ, ਚੋਰੀ ਕਰ ਕੇ ਮਾਲ ਲੈ ਕੇ ਆਪਣੇ ਘਰ ਆਉਂਦਾ ਹੈ, ਚੋਰੀ ਦਾ ਮਾਲ ਲਿਆਉਂਦਾ, ਅੱਗੇ ਪਿੱਛੇ ਤੱਕਦਾ ਹੈ, ਕਿ ਕੋਈ ਬੰਦਾ ਵੇਖ ਨਾ ਲਵੇ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ ਤੇਰੇ ਕੋਲੋਂ ਕਿਤੇ ਲੁਕ ਨਹੀਂ ਸਕਦਾ।3।
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥4॥
ਇਨ੍ਹਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸ਼ਨ ਕਰਦੇ ਫਿਰਦੇ ਹਾਂ, ਸਾਰੇ ਤੀਰਥਾਂ ਬਜਾਰਾਂ ਦੀ ਹੱਟੀ ਹੱਟੀ ਵੇਖਦੇ ਫਿਰਦੇ ਹਾਂ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਵੀ ਖਲਾਸੀ ਨਹੀਂ ਕਰਦੇ।
ਜਦੋਂ ਕੋਈ ਭਾਗਾਂ ਵਾਲਾ ਜੀਵ ਵਣਜਾਰਾ, ਤੇਰੀ ਮਿਹਰ ਦਾ ਸਦਕਾ ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ ।4।
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥5॥
ਹੇ ਮੇਰੇ ਸਾਹਿਬ, ਜਿਵੇਂ ਅਮਿਣਵੇਂ ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ। ਅਸੀਂ ਇਨ੍ਹਾਂ ਨੂੰ ਧੋ ਸਕਣ ਤੋਂ ਅਸਮਰੱਥ ਹਾਂ, ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਵੀ ਤਾਰ ਸਕਦਾ ਹੈਂ।5।
ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥6॥5॥17॥
ਹੇ ਮੇਰੇ ਸਾਹਿਬ, ਮੇਰੀ ਜਿੰਦ ਅੱਗ ਵਾਙ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ। ਨਾਨਕ ਬੇਨਤੀ ਕਰਦਾ ਹੈ, ਜੋ ਮਨੁੱਖ, ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ-ਰਾਤ ਹਰ ਵੇਲੇ ਹੀ ਆਤਮਕ ਆਨੰਦ ਬਣਿਆ
ਰਹਿੰਦਾ ਹੈ।6।5।17।
ਚੰਦੀ ਅਮਰ ਜੀਤ ਸਿੰਘ (ਚਲਦਾ)