ਗੁਰਬਾਣੀ ਦੀ ਸਰਲ iਵਆiਖਆ!(ਭਾਗ 455)
ਗਉੜੀ ਬੈਰਾਗਣਿ ਮਹਲਾ 1 ॥
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥1॥
ਹੇ ਮੂਰਖ, ਜੇ ਤੂੰ ਰਾਤ ਸੌਂ ਕੇ ਗੁਜ਼ਾਰਦਾ ਜਾ ਰਿਹਾ ਹੈਂ, ਤੇ ਦਿਨ ਖਾ ਖਾ ਕੇ ਵਿਅਰਥ ਬਿਤਾਂਦਾ ਜਾਂਦਾ ਹੈਂ, ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ ਸਿਮਰਨ ਹੀਣ ਹੋਣ ਕਰ ਕੇ ਕੌਡੀ ਦੇ ਭਾ ਜਾ ਰਿਹਾ ਹੈ।1।
ਨਾਮੁ ਨ ਜਾਨਿਆ ਰਾਮ ਕਾ ॥
ਮੂੜੇ ਫਿiਰ ਪਾਛੈ ਪਛੁਤਾਹਿ ਰੇ ॥1॥ ਰਹਾਉ ॥
ਹੇ ਮੂਰਖ, ਤੂੰ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਨਹੀਂ ਪਾਈ, ਇਹ ਮਨੁੱਖਾ ਜੀਵਨ ਹੀ ਸਿਮਰਨ ਦਾ ਸਮਾ ਹੈ, ਜਦੋਂ ਇਹ ਉਮਰ ਸਿਮਰਨ ਤੋਂ ਬਿਨਾ ਹੀ ਲੰਘ ਗਈ, ਤਾਂ ਸਮਾ ਬੀਤ ਜਾਣ ਤੇ ਅਫਸੋਸ ਕਰੇਂਗਾ।1।ਰਹਾਉ।
ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥
ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥2॥
ਜੋ ਮਨੁੱਖ ਨਿਰਾ ਬੇਅੰਤ ਧਨ ਹੀ ਇਕੱਠਾ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਬੇਅੰਤ ਪ੍ਰਭੂ ਨੂੰ ਸਿਮਰਨ ਦੀ ਤਾਂਘ ਪੈਦਾ ਨਹੀਂ ਹੋ ਸਕਦੀ। ਜੋ ਜੋ ਵੀ ਬੇਅੰਤ ਦੌਲਤ ਦੀ ਲਾਲਸਾ ਵਿਚ ਦੌੜੇ ਫਿਰਦੇ ਹਨ, ਉਹ ਬੇਅੰਤ ਪ੍ਰਭੂ ਦੇ ਨਾਮ ਨੂੰ ਗਵਾ ਲੈਂਦੇ ਹਨ।2।
ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥
ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥3॥
ਪਰ ਜੇ ਨਿਰੀ ਇੱਛਾ ਕੀਤਿਆਂ ਹੀ ਨਾਮ-ਧਨ ਮਿਲ ਸਕਦਾ ਹੋਵੇ ਤਾਂ ਹਰੇਕ ਜੀਵ ਨਾਮ-ਧਨ ਦੇ ਖਜਾਨਿਆਂ ਦਾ ਮਾਲਕ ਬਣ ਜਵੇ। ਭਾਵੇਂ ਜੀਕਰ ਹਰੇਕ ਮਨੁੱਖ ਨਿਰਾ ਜਬਾਨੀ ਜਬਾਨੀ ਨਾਮ-ਧਨ ਦੀ ਲਾਲਸਾ ਕਰੇ, ਪਰ ਇਹ ਹਰੇਕ ਦੇ ਅਮਲਾਂ ਉੱਤੇ ਹੀ ਫੈਸਲਾ ਹੁੰਦਾ ਹੈ ਕਿ ਕਿਸ ਨੂੰ ਪ੍ਰਾਪਤੀ ਹੋਵੇਗੀ। ਸੋ ਨਿਰਾ ਦੁਨੀਆ ਦੀ ਖਾਤਰ ਨਾ ਭਟਕੋ।3।
ਨਾਨਕ ਕਰਣਾ ਜਿiਨ ਕੀਆ ਸੋਈ ਸਾਰ ਕਰੇਇ ॥
ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥4॥1॥18॥
ਹੇ ਨਾਨਕ ਉੱਦਮ ਕਰਦਿਆਂ ਵੀ ਹੱਕ ਨਹੀਂ ਸਮਝਿਆ ਜਾ ਸਕਦਾ। ਇਹ ਨਹੀਂ ਕਿਹਾ ਜ ਸਕਦਾ ਕਿ ਕਿਸ ਨੂੰ ਮਿਲੇਗਾ ?
ਉੱਦਮ ਦਾ ਮਾਣ ਹੀ ਸਾਰੇ ਉੱਦਮ ਨੂੰ ਵਿਅਰਥ ਕਰ ਦੇਂਦਾ ਹੈ, ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਉੱਦਮ ਦੇ ਫਲ ਬਾਰੇ ਉਸ ਖਸਮ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ, ਇਹ ਪਤਾ ਨਹੀਂ ਲੱਗ ਸਕਦਾ ਕਿ ਕਿਸ ਮਨੁੱਖ ਨੂੰ ਉਹ ਨਾਮ-ਜਪਣ ਦੀ ਵਡਿਆਈ ਦੇ ਦੇਂਦਾ ਹੈ, ਅਸੀਂ ਜੀਵ ਕਿਸੇ ਮਨੁੱਖ ਦੇ ਦਿਸਦੇ ਉੱਦਮ ਤੇ ਗਲਤੀ ਖਾ ਸਕਦੇ ਹਾਂ। ਉੱਦਮ ਕਰਦੇ ਹੋਏ ਵੀ ਪ੍ਰਭੂ ਪਾਸ ਮਿਹਰ ਦੀ ਦਾਤ ਮੰਗਦੇ ਰਹੋ।4।1।18।
ਚੰਦੀ ਅਮਰ ਜੀਤ ਸਿੰਘ (ਚਲਦਾ)