ਗੁਰਬਾਣੀ ਦੀ ਸਰਲ ਵਆਿਖਆਿ!(ਭਾਗ 456)
ਗਉੜੀ ਬੈਰਾਗਣਿ ਮਹਲਾ 1 ॥
ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥
ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥1॥
ਹਿਰਨੀ ਜੰਗਲ ਵਿਚ ਘਾ-ਬੂਟ ਚੁਣ ਕੇ ਖਾਂਦੀ ਹੈ ਤੇ ਮੌਜ ਵਿਚ ਚੁੰਗੀਆਂ ਮਾਰਦੀ ਹੈ, ਹੇ ਪ੍ਰਭੂ, ਤੇਰਾ ਨਾਮ ਮੇਰੀ ਜਿੰਦ ਲਈ ਖੁਰਾਕ ਬਣੇ, ਜਿਵੇਂ ਹਰਨੀ ਲਈ ਕੰਦ-ਮੂਲ ਹੈ। ਮੈਂ ਤੇਰੇ ਨਾਮ-ਰਸ ਨੂੰ ਪ੍ਰੀਤ ਨਾਲ ਖਾਵਾਂ, ਮੈਂ ਸੰਸਾਰ-ਬਨ ਵਿਚ ਬੇਮੁਥਾਜ ਹੋ ਕੇ
ਵਿਚਰਾਂ, ਜਿਵੇਂ ਹਿਰਨੀ ਜੰਗਲ ਵਿਚ। ਜੇ ਗੁਰੂ ਦੀ ਕਿਰਪਾ ਨਾਲ ਮੇਰਾ ਖਸਮ-ਪ੍ਰਭੂ ਮੈਨੂੰ ਮਿਲ ਪਵੇ, ਤਾਂ ਮੈਂ ਮੁੜ ਮੁੜ ਉਸ ਤੇ ਸਦਕੇ-ਕੁਰਬਾਨ ਜਾਵਾਂ।1।
ਮੈ ਬਨਜਾਰਨਿ ਰਾਮ ਕੀ ॥
ਤੇਰਾ ਨਾਮੁ ਵਖਰੁ ਵਾਪਾਰੁ ਜੀ ॥1॥ ਰਹਾਉ ॥
ਹੇ ਪ੍ਰਭੂ, ਜੇ ਤੇਰੀ ਮਿਹਰ ਹੋਵੇ ਤਾਂ ਮੈਂ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ, ਤੇਰਾ ਨਾਮ ਮੇਰਾ ਸੌਦਾ ਬਣੇ, ਮੈਂ ਤੇਰੇ ਨਾਮ ਨੂੰ ਵਿਹਾਝਾਂ।1।ਰਹਾਉ।
ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥
ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥2॥
ਕੋਇਲ ਦੀ ਅੰਬ ਨਾਲ ਪ੍ਰੀਤ ਪ੍ਰਸਿੱਧ ਹੈ। ਅੰਬ ਉੱਤੇ ਬੈਠ ਕੇ ਕੋਇਲ ਮਿੱਠੀ ਮਸਤ ਸੁਰ ਵਿਚ ਕੂਕਦੀ ਹੈ। ਜੇ ਮੇਰੀ ਪ੍ਰੀਤ ਪ੍ਰਭੂ ਨਾਲ ਉਹੋ ਜਿਹੀ ਹੋ ਜਾਵੇ, ਜੈਸੀ ਕੋਇਲ ਦੀ ਅੰਬ ਨਾਲ ਹੈ, ਤਾਂ ਮੈਂ ਕੋਇਲ ਬਣਾਂ, ਅੰਬ ਉੱਤੇ ਬੈਠਾਂ, ਪ੍ਰਭੂ ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂ ਤੇ ਮਸਤ-ਅਡੋਲ ਹਾਲਤ ਵਿਚ ਟਿਕ ਕੇ ਪ੍ਰਭੂ ਦੀ ਸਿਫਤ-ਸਾਲਾਹ ਦੇ ਸ਼ਬਦ ਦੀ ਵਿਚਾਰ ਕਰਾਂ, ਸ਼ਬਦ ਵਿਚ ਚਿੱਤ ਜੋੜਾਂ। ਮਸਤ ਅਡੋਲ ਅਵਸਥਾ ਵਿਚ ਟਿਿਕਆਂ, ਪ੍ਰੇਮ ਵਿਚ ਜੁੜਿਆਂ ਹੀ ਪਿਆਰਾ ਦਰਸ਼ਨੀ ਸੋਹਣਾ ਬੇ-ਅੰਤ ਪ੍ਰਭੂ-ਪਤੀ ਮਿਲਦਾ ਹੈ।2।
ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥
ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥3॥
ਮੱਛੀ ਪਾਣੀ ਤੋਂ ਬਿਨਾ ਨਹੀਂ ਜਿਊ ਸਕਦੀ। ਜੇ ਮੇਰੀ ਪ੍ਰਭੂ ਨਾਲ ਪ੍ਰੀਤ ਵੀ ਇਹੋ ਜਿਹੀ ਬਣ ਜਾਵੇ ਤਾਂ ਮੈਂ ਮੱਛੀ ਬਣਾਂ, ਸਦਾ ਉਸ ਜਲ-ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ-ਜੰਤਾਂ ਦੀ ਸੰਭਾਲ ਕਰਦਾ ਹੈ। ਪਿਆਰਾ ਪ੍ਰਭੂ-ਪਤੀ ਇਸ ਸੰਸਾਰ ਸਮੁੰਦਰ ਦੇ ਅਸਗਾਹ ਜਲ ਦੇ ਉਰਲੇ ਪਾਰਲੇ ਪਾਸੇ ਹਰ ਥਾਂ ਵੱਸਦਾ ਹੈ, ਜਿਵੇਂ ਮੱਛੀ ਆਪਣੇ ਬਾਜ਼ੂ ਖਿਲਾਰ ਕੇ ਪਾਣੀ ਵਿਚ ਤਾਰੀਆਂ ਲਾਂਦੀ ਹੈ, ਮੈਂ ਵੀ ਆਪਣੀਆਂ ਬਾਹਾਂ ਖਿਲਾਰ ਕੇ, ਨਿਸੰਗ ਹੋ ਕੇ ਉਸ ਨੂੰ ਮਿਲਾਂਗੀ ।3।
ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥
ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥4॥2॥19॥
ਸੱਪਣੀ, ਬੀਨ ਉੱਤੇ ਮਸਤ ਹੁੰਦੀ ਹੈ। ਪ੍ਰਭੂ ਨਾਲ ਜੇ ਮੇਰੀ ਪ੍ਰਤਿ ਵੀ ਇਹੋ ਜਿਹੀ ਬਣ ਜਾਵੇ ਤਾਂ ਮੈਂ ਸੱਪਣੀ ਬਣਾਂ, ਧਰਤੀ ਵਿਚ ਵਸਾਂ, ਸਭ ਦੀ ਚਰਨ-ਧੂੜ ਹੋਵਾਂ, ਮੇਰੇ ਅੰਦਰ ਪ੍ਰਭੂ ਦੀ ਸਿਫਤ-ਸਾਲਾਹ ਵਾਲਾ ਗੁਰ-ਸ਼ਬਦ ਵੱਸੇ, ਜਿਵੇਂ ਬੀਨ ਵਿਚ ਮਸਤ ਹੋ ਕੇ ਸੱਪਣੀ ਨੂੰ ਵੈਰੀ ਦੀ ਸੁੱਧ-ਬੁੱਧ ਭੁਲ ਜਾਂਦੀ ਹੈ, ਮੇਰਾ ਵੀ ਦੁਨੀਆਂ ਵਾਲਾ ਸਾਰਾ ਡਰ-ਭਉ ਦੂਰ ਹੋ ਜਾਵੇ।
ਹੇ ਨਾਨਕ, ਜਿਨ੍ਹਾਂ ਜੀਵ-ਇਸਤ੍ਰੀਆਂ ਦੀ ਜੋਤ, ਸੁਰਤ ਸਦਾ ਜੋਤ-ਰੂਪ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬੜੀਆਂ ਭਾਗਾਂ ਵਾਲੀਆਂ ਹਨ।4।2।19।
ਚੰਦੀ ਅਮਰ ਜੀਤ ਸਿੰਘ (ਚਲਦਾ)