ਪੰਜਾਬ ਦੇ ਚਿੰਤਾਜਨਕ ਹੋ ਰਹੇ ਰਾਜਨੀਤਕ ਹਾਲਾਤ
- ਭਾਈਚਾਰੇ ਨੂੰ ਦੁਸ਼ਮਣੀਆਂ ਦਾ ਰੂਪ ਦੇਣ ਤੋਂ ਸੰਕੋਚ ਕਰਨ ਪੰਜਾਬ ਦੇ ਸੱਤਾਧਾਰੀ ਆਗੂ
ਪੰਜਾਬ ਅੰਦਰ ਇਸ ਵੇਲੇ ਜੋ ਹਾਲਾਤ ਬਣਦੇ ਜਾ ਰਹੇ ਹਨ, ਉਹਨਾਂ ਨੂੰ ਦੇਖਦਿਆਂ ਹਰ ਪੰਜਾਬੀ ਚਿੰਤਾਗ੍ਰਸਤ ਨਜ਼ਰ ਆ ਰਿਹਾ ਹੈ, ਕਿਉਕਿ ਜਦੋਂ ਸੱਤਾਧਾਰੀ ਧਿਰ ਹੀ ਗੁੰਡਾਗਰਦੀ ਅਤੇ ਮਾਰਧਾੜ ’ਤੇ ਉਤਰ ਆਵੇ ਤਾਂ ਪਰਜਾ ਦਾ ਚਿੰਤਿਤ ਹੋਣਾ ਸੁਭਾਵਿਕ ਹੈ। ਭਾਵੇਂ ਪਿਛਲੀ ਸਰਕਾਰ ਸਮੇਂ ਵੀ ਸੱਤਾਧਾਰੀ ਅਕਾਲੀ ਦਲ ਵੱਲੋਂ ਅਕਸਰ ਧੱਕੇਸ਼ਾਹੀ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਰਹੀਆਂ ਹਨ ਅਤੇ ਵਿਰੋਧੀ ਧਿਰ ਕਾਂਗਰਸ ਵੀ ਗਾਹੇ ਬਗਾਹੇ ਧੌਂਸ ਦੀ ਰਾਜਨੀਤੀ ਅਤੇ ਵਿਰੋਧੀਆਂ ’ਤੇ ਪੁਲਸ ਪਰਚੇ ਦਰਜ ਕਰਨ ਦੇ ਖੁਲਾਸੇ ਕਰਦੀ ਰਹੀ ਹੈ, ਪਰ ਦੂਸਰੀ ਵਾਰ ਸੱਤਾ ’ਚ ਆਉਣ ਤੋਂ ਹਕੂਮਤੀ ਅਕਾਲੀ ਦਲ ਦੇ ਬਹੁਤ ਸਾਰੇ ਆਗੂਆਂ ਵੱਲੋਂ ਆਪਣੇ ਆਪ ਨੂੰ ਇੱਕ ਬਾਹੂਬਲੀ ਆਗੂ ਦੇ ਤੌਰ ’ਤੇ ਸਥਾਪਿਤ ਕਰਨ ਦੇ ਵਰਤਾਰੇ ਨੇ, ਜਿਸ ਤਰਾਂ ਉਪਰੋਂ ਲੈ ਕੇ ਹੇਠਾਂ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ, ਉਸਨੂੰ ਦੇਖਦਿਆਂ ਪੰਜਾਬ ਦੀ ਰਾਜਨੀਤੀ ਗੁੰਡਾਗਰਦੀ ਕਰਨ ਵਾਲਿਆਂ ਅਤੇ ਲੱਠਮਾਰਾਂ ਦੇ ਸਹਾਰੇ ਹੀ ਚਲਦੀ ਪ੍ਰਤੀਤ ਹੋਣ ਲੱਗੀ ਹੈ।
ਹਾਲੀਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਵਿੱਚ ਇਹ ਗੁੰਡਾ ਗਰਦੀ ਬਹੁਤ ਹੀ ਹੇਠਲੀ ਪੱਧਰ ਤੱਕ ਆ ਪੁਹੰਚੀ ਹੈ, ਜੋ ਸਮੁੱਚੇ ਪੰਜਾਬੀ ਭਾਈਚਾਰੇ ਲਈ ਖਤਰੇ ਦੀ ਘੰਟੀ ਹੈ। ਜੇ ਪੰਜਾਬ ਅੰਦਰ ਹੋਈਆਂ ਗੁੰਡਾਗਰਦੀ ਦੀਆਂ ਘਟਨਾਵਾਂ ਦੀ ਗੱਲ ਕਰੀਏ ਤਾਂ ਇਥੇ ਇੱਕ ਥਾਣੇਦਾਰ ਨੂੰ ਆਪਣੀ ਧੀ ਦੀ ਇੱਜਤ ਬਚਾਉਣ ਲਈ ਹਕੂਮਤੀ ਅਕਾਲੀ ਦੇ ਇੱਕ ਵਿਗੜੈਲ ਆਗੂ ਦੀਆਂ ਗੋਲੀਆਂ ਦਾ ਸ਼ਿਕਾਰ ਹੋਣਾ ਪਿਆ, ਇੱਕ ਪੁਲਸ ਅਫਸਰ ਦੀਆਂ ਲੁਧਿਆਣੇ ਦੇ ਇੱਕ ਹੋਟਲ ਮਾਲਕ ਅਕਾਲੀ ਆਗੂ ਨੇ ਸ਼ਰੇਆਮ ਲੱਤਾਂ ਤੋੜ ਦਿੱਤੀਆਂ ਅਤੇ ਅਜਿਹੀਆਂ ਹੋਰ ਵੀ ਅਨੇਕਾਂ ਹੀ ਘਟਨਾਵਾਂ ਹੋਈਆਂ ਹਨ, ਜਿਹਨਾਂ ਵਿੱਚ ਹਕੂਮਤੀ ਅਕਾਲੀ ਦਲ ਨਾਲ ਸਬੰਧਿਤ ਆਗੂਆਂ ਅਤੇ ਵਰਕਰਾਂ ਨੇ ਆਪਣੇ ਵਿਰੋਧੀਆਂ ਦੀਆਂ ਜਾਨਾਂ ਲੈਣ ਤੋਂ ਲੈ ਕੇ ਲੱਤਾਂ ਬਾਹਾਂ ਤੋੜਣ ਦੀਆਂ ਵਾਰਦਾਤਾਂ ਨੂੰ ਬਿਨਾਂ ਕਿਸੇ ਡਰ ਭਓ ਤੋਂ ਸਰੇਆਮ ਅੰਜਾਮ ਦਿੱਤਾ ਅਤੇ ਉਹਨਾਂ ਲੱਠਮਾਰਾਂ ਨੂੰ ਵੱਡੇ ਸਿਆਸੀ ਆਕਾਵਾਂ ਦੀ ਛੱਤਰ ਛਾਇਆ ਹੇਠ ਕਿਸੇ ਕਾਨੂੰਨ ਜਾਂ ਪ੍ਰਸਾਸ਼ਨ ਨੇ ਹੱਥ ਤੱਕ ਨਹੀਂ ਪਾਇਆ।
ਹਾਲ ਹੀ ਵਿੱਚ ਬਠਿੰਡਾ ਜ਼ਿਲ੍ਹੇ ’ਚ ਪੈਂਦੇ ਪਿੰਡ ਜਗ੍ਹਾ ਰਾਮ ਤੀਰਥ ਨੇੜਲੇ ਇੱਕ ਕੋਠਿਆਂ (ਬਹਿਕ) ਵਿੱਚੋਂ ਇੱਕ ਅਕਾਲੀ ਆਗੂ ਦੇ ਘਰੋਂ ਫੜੇ ਗਏ ਤਿੰਨ ਗੈਂਗਸਟਰਾਂ ਦੇ ਮਾਮਲੇ ਨੇ ਸਾਰੀ ਸਚਾਈ ਨੰਗੀ ਕਰ ਦਿੱਤੀ ਹੈ। ਜਿਸ ਘਰ ਵਿਚੋਂ ਇਹ ਤਿੰਨੋਂ ਬਦਮਾਸ ਫੜੇ ਗਏ ਹਨ, ਉਸ ਘਰ ਦੀ ਮਾਲਕਣ ਔਰਤ ਅਕਾਲੀ ਸਰਪੰਚ ਹੈ ਅਤੇ ਉਸ ਦਾ ਪਤੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਬਠਿੰਡਾ ਦਾ ਸੀਨੀਅਰ ਮੀਤ ਪ੍ਰਧਾਨ ਹੈ। ਇਸ ਅਕਾਲੀ ਜੋੜੀ ਦੇ ਘਰੋਂ ਫੜੇ ਗਏ ਤਿੰਨਾਂ ਬਦਮਾਸਾਂ ਬਾਰੇ ਬਠਿੰਡਾ ਪੁਲਸ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਰਾਮਪੁਰਾ ਫੂਲ ਹਲਕੇ ਦੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਗੂ ਲੱਖਾ ਸਿਧਾਣਾ ਉਪਰ ਜਾਨ ਲੇਵਾ ਹਮਲਾ ਇਹਨਾਂ ਬਦਮਾਸਾਂ ਵੱਲੋਂ ਹੀ ਕੀਤਾ ਗਿਆ ਸੀ, ਜਿਸ ਹਮਲੇ ਦਾ ਸਿਕਾਰ ਹੋਏ ਇੱਕ ਨੌਜਵਾਨ ਦੀ ਤਾਂ ਜਾਨ ਚਲੀ ਗਈ ਸੀ, ਪਰ ਖੁਸਕਿਸਮਤੀ ਨਾਲ ਲੱਖਾ ਸਿਧਾਣਾ ਬਚ ਗਿਆ ਸੀ।
ਲੱਖਾ ਸਿਧਾਣਾ ’ਤੇ ਹੋਏ ਇਸ ਜਾਨ ਲੇਵਾ ਹਮਲੇ ਤੋਂ ਬਾਅਦ ਪੀਪੀਪੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੱਲੋਂ ਲਗਾਤਾਰ ਇਸ ਗੱਲ ਦਾ ਰੌਲਾ ਪਾਇਆ ਜਾ ਰਿਹਾ ਸੀ ਕਿ ਇਸ ਹਮਲੇ ਪਿਛੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਹੱਥ ਹੈ, ਪਰ ਉਸ ਸਮੇਂ ਪੰਜਾਬ ਪੁਲਸ ਦੇ ਕੁਝ ਉਚ ਅਧਿਕਾਰੀਆਂ ਵੱਲੋਂ ਮੀਡੀਆ ਸਾਹਮਣੇ ਸਫਾਈਆਂ ਪੇਸ਼ ਕੀਤੀਆਂ ਗਈਆਂ ਸਨ, ਕਿ ਇਹ ਹਮਲਾ ਲੱਖਾ ਸਿਧਾਣਾ ਦੀ ਆਪਣੀ ਰੰਜਿਸ਼ ਦਾ ਨਤੀਜਾ ਹੈ, ਪਰ ਹੁਣ ਸੱਤਾਧਾਰੀ ਅਕਾਲੀ ਦਲ ਦੇ ਇੱਕ ਆਗੂ ਦੇ ਘਰੋਂ ਇਸ ਹਮਲੇ ਲਈ ਜਿੰਮੇਵਾਰ ਗੈਂਗਸਟਰਾਂ ਨੂੰ ਫੜਨ ਤੋਂ ਪੰਜਾਬ ਪੁਲਸ ਕੋਲੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਹੈ।
ਪਿਛਲੇ ਦਿਨੀਂ ਰੇਤਾ (ਬਰੇਤੀ) ਮਾਫੀਆ ਦੀਆਂ ਕਾਲੀਆਂ ਕਰਤੂਤਾਂ ਨੰਗੀਆਂ ਕਰਨ ਵਾਲੇ ਇੱਕ ਨਿੱਧੜਕ ਪੱਤਰਕਾਰ ਜਸਦੀਪ ਮਲਹੋਤਰਾ ਦੀ ਜਾਨ ਉਸ ਸਮੇਂ ਇੱਕ ਸੜਕ ਹਾਦਸੇ ਵਿੱਚ ਚਲੀ ਗਈ, ਜਦੋਂ ਉਹ ਪੰਜਾਬ ਪੁਲਸ ਦੇ ਇੱਕ ਐਸ. ਐਸ. ਪੀ ਗੱਡੀ ਵਿੱਚ ਸਵਾਰ ਸੀ। ਇਸ ਹਾਦਸੇ ਨੂੰ ਅੰਜਾਮ ਦੇਣ ਵਾਲਾ ਟਰੱਕ ਕਿਸਦਾ ਸੀ, ਟਰੱਕ ਡਰਾਇਵਰ ਦੀ ਗਿ੍ਰਫਤਾਰੀ ਹੋਈ ਜਾਂ ਨਾ ਹੋਈ, ਇਸ ਸੜਕ ਹਾਦਸੇ ਸਬੰਧੀ ਪੁਲਸ ਨੂੰ ਕੀ ਕੀ ਤੱਥ ਸਾਹਮਣੇ ਆਏ ਹਨ, ਇਹ ਸਾਰਾ ਕੁਝ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਵਾਂਗ ਅਜੇ ਰਹੱਸ ਹੀ ਬਣੇ ਹੋਏ ਹਨ ਅਤੇ ਸਾਇਦ ਕਦੇ ਬਾਹਰ ਵੀ ਨਾ ਆ ਸਕਣ। ਇਹ ਵਰਤਾਰੇ ਇੱਕ ਜਾਂ ਦੋ ਚਾਰ ਘਟਨਾਵਾਂ ਤੱਕ ਹੀ ਸੀਮਤ ਨਹੀਂ ਹੈ। ਹਾਲਾਤ ਇਹ ਹਨ ਕਿ ਬਹੁਤ ਸਾਰੇ ਵੱਡੇ-ਛੋਟੇ ਅਕਾਲੀ ਲੀਡਰ ਵੱਲੋਂ ਗੁੰਡਿਆਂ ਦੀ ਫੌਜ ਰੱਖੀ ਹੈ ਅਤੇ ਉਹ ਉਹਨਾਂ ਦੇ ਸਹਾਰੇ ਆਪਣੀ ਚੌਧਰ ਨੂੰ ਚਲਾ ਰਹੇ ਹਨ। ਇਹ ਵਰਤਾਰਾ ਪਿੰਡ ਪੱਧਰ ਦੇ ਲੀਡਰਾਂ ਤੱਕ ਆ ਅੱਪੜਿਆ ਹੈ ਅਤੇ ਹਾਲ ਹੀ ਵਿੱਚ ਹੋਈਆਂ ਸਰਪੰਚੀ ਦੀਆਂ ਚੋਣਾਂ ਵਿੱਚ ਇਸ ਦਾ ਝਲਕਾਰਾ ਦੇਖਣ ਨੂੰ ਮਿਲ ਚੁਕਿਆ ਹੈ।
ਪੰਜਾਬ ਦੀ ਫਿਜ਼ਾ ਵਿੱਚ ਕੁੜਤਣ ਭਰਿਆ ਇਹ ਬੀਜ ਭਾਵੇਂ ਸੱਤਾਧਾਰੀ ਅਕਾਲੀਆਂ ਬੀਜਿਆ ਜਾ ਰਿਹਾ ਹੈ, ਪਰ ਆਉਣ ਵਾਲੇ ਸਮੇਂ ਵਿੱਚ ਇਹ ਅਕਾਲੀ ਵੀ ਇਸ ਵਰਤਾਰੇ ਦਾ ਜਰੂਰ ਸ਼ਿਕਾਰ ਹੋਣਗੇ, ਕਿਉਕਿ ਅੱਜ ਸੱਤਾਧਾਰੀ ਆਗੂਆਂ ਵੱਲੋਂ ਆਪਣੇ ਜਿਹਨਾਂ ਵਿਰੋਧੀਆਂ ਨੂੰ ਡੰਡੇ ਦੇ ਜੋਰ ਨਾਲ ਚੁੱਪ ਕਰਵਾਇਆ ਜਾ ਰਿਹਾ ਹੈ, ਜਦੋਂ ਕੱਲ ਨੂੰ ਉਹਨਾਂ ਦੀ ਪਾਰਟੀ ਸੱਤਾ ਵਿੱਚ ਆਵੇਗੀ ਤਾਂ ਉਹ ਵੀ ਆਪਣੇ ਵਿਰੋਧੀ ਅਕਾਲੀਆਂ ਪ੍ਰਤੀ ਇਹੋ ਜਿਹੀ ਨੀਤੀ ਹੀ ਧਾਰਨ ਕਰਨਗੇ। ਇਸ ਲਈ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਜੋ ਉਪ ਮੁੱਖ ਮੰਤਰੀ ਦੇ ਨਾਲ ਨਾਲ ਪੰਜਾਬ ਦੇ ਗ੍ਰਹਿ ਵੀ ਮੰਤਰੀ ਹਨ, ਨੂੰ ਪੰਜਾਬ ਦੇ ਵਿਗੜ ਰਹੇ ਇਹਨਾਂ ਹਾਲਤਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਅਤੇ ਜਦੋਂ ਰਾਜ ਦੀ ਪੁਲਸ ਹੀ ਸੱਤਾਧਾਰੀ ਪਾਰਟੀ ਦੀ ਇੱਕ ਧਿਰ ਵੱਜੋਂ ਕੰਮ ਕਰ ਰਹੀ ਹੈ ਤਾਂ ਫੇਰ ਆਪਣੇ ਜਥੇਦਾਰਾਂ ਨੂੰ ਡੰਡੇ ਦੀ ਵਰਤੋਂ ਤੋਂ ਰੋਕਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਵਿਚਲੇ ਭਾਈਚਾਰੇ ਨੂੰ ਦੁਸ਼ਮਣੀਆਂ ਦਾ ਰੂਪ ਦੇਣ ਦੇ ਵਰਤਾਰੇ ਨੂੰ ਠੱਲ ਪਾਈ ਜਾ ਸਕੇ।
ਗੁਰਸੇਵਕ ਸਿੰਘ ਧੌਲਾ
946321267
ਗੁਰਸੇਵਕ ਸਿੰਘ ਧੋਲਾ
ਪੰਜਾਬ ਦੇ ਚਿੰਤਾਜਨਕ ਹੋ ਰਹੇ ਰਾਜਨੀਤਕ ਹਾਲਾਤ
Page Visitors: 2823