ਗੁਰਬਾਣੀ ਦੀ ਸਰਲ iਵਆiਖਆ!(ਭਾਗ 460)
ਗਉੜੀ ਗੁਆਰੇਰੀ ਮਹਲਾ 3 ॥
ਸੁ ਥਾਉ ਸਚੁ ਮਨੁ ਨਿਰਮਲੁ ਹੋਇ ॥ ਸਚਿ ਨਿਵਾਸੁ ਕਰੇ ਸਚੁ ਸੋਇ ॥
ਸਚੀ ਬਾਣੀ ਜੁਗ ਚਾਰੇ ਜਾਪੈ ॥ ਸਭੁ ਕਿਛੁ ਸਾਚਾ ਆਪੇ ਆਪੈ ॥1॥
ਸਤ-ਸੰਗ ਉਹ ਸੱਚਾ ਥਾਂ ਹੈ, ਜਿੱਥੇ ਸਤਸੰਗੀ ਜਨ ਜੁੜ ਕੇ ਮਨੋਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ, ਮਨ ਪਵਿਤ੍ਰ ਹੋ ਜਾਂਦਾ ਹੈ, ਸਦਾ-ਥਿਰ ਪ੍ਰਭੂ ਵਿਚ ਮਨੁੱਖ ਦਾ ਮਨ ਨਿਵਾਸ ਕਰਦਾ ਹੈ, ਸਤਸੰਗ ਦੀ ਬਰਕਤ ਨਾਲ ਮਨੁੱਖ, ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਸਤਸੰਗ ਵਿਚ ਰਹਿ ਕੇ, ਸਦਾ-ਥਿਰ ਪ੍ਰਭੂ ਦੀ ਸਿਫਤ-ਸਾਲਾਹ ਦੀ ਬਾਣੀ ਦੀ ਬਰਕਤ ਨਾਲ ਮਨੁੱਖ ਚੌਹਾਂ ਜੁਗਾਂ ਵਿਚ ਪ੍ਰਸਿੱਧ ਹੋ ਜਾਂਦਾ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਇਹ ਸਾਰਾ ਆਕਾਰ, ਸਦਾ-ਥਿਰ ਪ੍ਰਭੂ ਆਪ ਹੀ ਆਪਣੇ ਆਪ ਤੋਂ ਬਨਾਣ ਵਾਲਾ ਹੈ।1।
ਕਰਮੁ ਹੋਵੈ ਸਤਸੰਗਿ ਮਿਲਾਏ ॥
ਹਰਿ ਗੁਣ ਗਾਵੈ ਬੈਸਿ ਸੁ ਥਾਏ ॥1॥ ਰਹਾਉ ॥
ਜਿਸ ਮਨੁੱਖ ਉੱਤੇ ਪਰਮਾਤਮਾ ਦੀ ਕਿਰਪਾ ਹੋਵੇ, ਉਸ ਨੂੰ ਉਹ ਸਤਸੰਗ ਵਿਚ ਮਿਲਾਂਦਾ ਹੈ, ਉਸ ਥਾਂ ਵਿਚ ਉਹ ਮਨੁੱਖ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ।1।ਰਹਾਉ।
ਜਲਉ ਇਹ ਜਿਹਵਾ ਦੂਜੈ ਭਾਇ ॥ ਹਰਿ ਰਸੁ ਨ ਚਾਖੈ ਫੀਕਾ ਆਲਾਇ ॥
ਬਿਨੁ ਬੂਝੇ ਤਨੁ ਮਨੁ ਫੀਕਾ ਹੋਇ ॥ ਬਿਨੁ ਨਾਵੈ ਦੁਖੀਆ ਚਲਿਆ ਰੋਇ ॥2॥
ਸੜ ਜਾਏ ਇਹ ਜੀਭ, ਜੇ ਇਹ ਹੋਰ ਹੋਰ ਸੁਆਦਾਂ ਵਿਚ ਹੀ ਰਹਿੰਦੀ ਹੈ, ਜੇ ਇਹ ਪ੍ਰਭੂ ਦੇ ਨਾਮ ਦਾ ਸੁਆਦ ਤਾਂ ਨਹੀਂ ਚੱਖਦੀ, ਪਰ ਨਿੰਦਾ ਆਦਿ ਦੇ ਫਿੱਕੇ ਬੋਲ ਹੀ ਬੋਲਦੀ ਹੈ। ਪ੍ਰਭੂ ਦੇ ਨਾਮ ਦਾ ਸੁਆਦ ਸਮਝਣ ਤੋਂ ਬਿਨਾ ਮਨੁੱਖ ਦਾ ਮਨ ਫਿੱਕਾ, ਪ੍ਰੇਮ ਤੋਂ ਸੱਖਣਾ ਹੋ ਜਾਂਦਾ ਹੈ, ਸਰੀਰ ਵੀ ਫਿੱਕਾ ਹੋ ਜਾਂਦਾ ਹੈ, ਗਿਆਨ ਇੰਦ੍ਰੇ ਵੀ ਦੁਨੀਆ ਦੇ ਹੋਛੇ ਪਦਾਰਥਾਂ ਵੱਲ ਦੌੜਨ ਦੇ ਆਦੀ ਹੋ ਜਾਂਦੇ ਹਨ। ਨਾਮ ਤੋਂ ਵਾਂiਜਆਂ ਰਹਿ ਕੇ ਮਨੁੱਖ ਦੁਖੀ ਜੀਵਨ ਬਤੀਤ ਕਰਦਾ ਹੈ, ਦੁਖੀ ਹੋ ਕੇ ਹੀ ਆਖਰ ਏਥੋਂ ਚਲਾ ਜਾਂਦਾ ਹੈ।2।
ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ ॥ ਗੁਰ ਕਿਰਪਾ ਤੇ ਸਚਿ ਸਮਾਇ ॥
ਸਾਚੇ ਰਾਤੀ ਗੁਰ ਸਬਦੁ ਵੀਚਾਰ ॥ ਅੰਮ੍ਰਿਤੁ ਪੀਵੈ ਨਿਰਮਲ ਧਾਰ ॥3॥
(ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਿ ਰਸਨਾ ਦਾ ਅਰਥ, ਰਸ ਲੈਣ ਵਾਲੀ ਇੰਦਰੀ। ਜੀਭ ਖਾਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਇੰਦਰੀ ਹੈ। ਅੱਖਾਂ ਕੁਦਰਤ ਦਾ ਸੁਹੱਪਣ ਵੇਖਣ ਵਾਲੀ ਇੰਦਰੀ ਹੈ। ਕੰਨ ਸੁਣਨ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਇੰਦਰੀ ਹੈ। ਅਤੇ ਪਰਮਾਤਮਾ ਦੇ ਗੁਣਾਂ ਦਾ ਰੱਸ ਲੈਣ ਵਾਲੀ ਰਸਨਾ, ਮਨ ਹੈ।) ਜਿਸ ਮਨੁੱਖ ਦੇ ਮਨ ਨੇ ਹਰਿ-ਨਾਮ ਦਾ ਸਵਾਦ ਚੱਖਿਆ ਹੈ, ਉਹ ਆਤਮਕ ਅਡੋਲਤਾ ਵਿਚ, ਪ੍ਰਭੂ ਪ੍ਰੇਮ ਵਿਚ ਮਗਨ ਰਹਿੰਦਾ ਹੈ, ਗੁਰੂ ਦੀ ਮਿਹਰ ਨਾਲ ਉਹ ਸਦਾ-ਥਿਰ ਪ੍ਰਭੂ ਦੀ ਸਿਫਤ-ਸਾlwਹ ਵਿਚ ਰੰਗਿਆ ਰਹਿੰਦਾ ਹੈ, ਗੁਰੂ ਦਾ ਸ਼ਬਦ ਹੀ ਉਸ ਦੀ ਵਿਚਾਰ ਬਣਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਨਾਮ-ਜਲ ਦੀ ਪਵਿੱਤ੍ਰ ਧਾਰ ਪੀਂਦਾ ਹੈ।3।
ਨਾਮਿ ਸਮਾਵੈ ਜੋ ਭਾਡਾ ਹੋਇ ॥ ਊਂਧੈ ਭਾਂਡੈ ਟਿਕੈ ਨ ਕੋਇ ॥
ਗੁਰ ਸਬਦੀ ਮਨਿ ਨਾਮਿ ਨਿਵਾਸੁ ॥ ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ॥ 4॥3॥23॥
ਗੁਰੂ ਦੀ ਕਿਰਪਾ ਨਾਲ ਜਿਹੜਾ ਹਿਰਦਾ ਸ਼ੁੱਧ ਹੋ ਜਾਂਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ। ਪਰਮਾਤਮਾ ਵਲੋਂ ਉਲਟੇ ਹੋਏ ਹਿਰਦੇ ਵਿਚ ਕੋਈ ਗੁਣ ਨਹੀਂ ਟਿਕਦਾ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਹੇ ਨਾਨਕ, ਉਸ ਮਨੁੱਖ ਦਾ ਹਿਰਦਾ ਅਸਲ ਹਿਰਦਾ ਹੈ, ਜਿਸ ਨੂੰ ਪਰਮਾਤਮਾ ਦੀ ਸਿਫਤ-ਸਾਲਾਹ ਦੀ ਬਾਣੀ ਦੀ ਤਾਂਘ ਲੱਗੀ ਰਹਿੰਦੀ ਹੈ।4।3।23।
ਚੰਦੀ ਅਮਰ ਜੀਤ ਸਿੰਘ (ਚਲਦਾ)