ਗੁਰਬਾਣੀ ਦੀ ਸਰਲ iਵਆiਖਆ!(ਭਾਗ 461)
ਗਉੜੀ ਗੁਆਰੇਰੀ ਮਹਲਾ 3 ॥
ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥ ਹਉਮੈ ਵਿਿਚ ਗਾਵਹਿ ਬਿਰਥਾ ਜਾਇ ॥
ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥ ਸਾਚੀ ਬਾਣੀ ਸਬਦ ਬੀਚਾਰੁ ॥1॥
ਕਈ ਮਨੁੱਖ ਐਸੇ ਹਨ, ਜੋ ਭਗਤੀ ਦੇ ਗੀਤ ਗਾਂਦੇ ਤਾਂ ਰਹਿੰਦੇ ਹਨ, ਪਰ ਉਨ੍ਹਾਂ ਦੇ ਮਨ ਵਿਚ ਕੋਈ ਆਨੰਦ ਪੈਦਾ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਭਗਤ ਹੋਣ ਦੀ ਹਉਮੈ ਵਿਚ ਭਗਤੀ ਦੇ ਗੀਤ ਗਾਂਦੇ ਹਨ, ਉਨ੍ਹਾਂ ਦਾ ਇਹ ਉੱਦਮ, ਵਿਅਰਥ ਚਲੇ ਜਾਂਦਾ ਹੈ। ਸਿਫਤ-ਸਾਲਾਹ ਦੇ ਗੀਤ, ਅਸਲ ਵਿਚ ਉਹ ਮਨੁੱਖ ਗਾਂਦੇ ਹਨ, ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ, ਜਿਹੜੇ ਸਦਾ-ਥਿਰ ਪ੍ਰਭੂ ਦੀ ਸਿਫਤ-ਸਾਲਾਹ ਦੀ ਬਾਣੀ ਦੇ ਸ਼ਬਦ ਦਾ ਵਿਚਾਰ ਆਪਣੇ ਹਿਰਦੇ ਵਿਚ ਟਿਕਾਂਦੇ ਹਨ।1।
ਗਾਵਤ ਰਹੈ ਜੇ ਸਤਿਗੁਰ ਭਾਵੈ ॥
ਮਨੁ ਤਨੁ ਰਾਤਾ ਨਾਮਿ ਸੁਹਾਵੈ ॥1॥ ਰਹਾਉ ॥
ਜੇ ਗੁਰੂ ਨੂੰ ਚੰਗਾ ਲੱਗੇ, ਜੇ ਗੁਰੂ ਦੀ ਮਿਹਰ ਹੋਵੇ ਤਾਂ ਉਸ ਦੀ ਮਿਹਰ ਦਾ ਸਦਕਾ, ਉਸ ਦੀ ਸਰਨ ਆਇਆ ਮਨੁੱਖ ਰੱਬ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ, ਉਸ ਦਾ ਤਨ ਪਰਮਾਤਮਾ ਦੇ ਨਾਮ ਵਿਚ ਰੰਗਿਆ ਜਾਂਦਾ ਹੈ ਤੇ ਉਸ ਦਾ ਜੀਵਨ ਸੋਹਣਾ ਹੋ ਜਾਂਦਾ ਹੈ।1।ਰਹਾਉ।
ਇਕਿ ਗਾਵਹਿ ਇਕਿ ਭਗਤਿ ਕਰੇਹਿ ॥ ਨਾਮੁ ਨ ਪਾਵਹਿ ਬਿਨੁ ਅਸਨੇਹ ॥
ਸਚੀ ਭਗਤਿ ਗੁਰ ਸਬਦ ਪਿਆਰਿ ॥ ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥2॥
ਕਈ ਮਨੁੱਖ ਐਸੇ ਹਨ ਜੋ ਭਗਤੀ ਦੇ ਗੀਤ ਗਾਂਦੇ ਹਨ ਤੇ ਰਾਸਾਂ ਪਾਂਦੇ ਹਨ, ਪਰ ਪ੍ਰਭੂ ਚਰਨਾਂ ਦੇ ਪਿਆਰ ਤੋਂ ਬਿਨਾ ਉਨ੍ਹਾਂ ਨੂੰ ਪਰਮਾਤਮਾ ਦਾ ਪਿਆਰ ਪ੍ਰਾਪਤ ਨਹੀਂ ਹੁੰਦਾ। ਉਨ੍ਹਾਂ ਦੀ ਹੀ ਭਗਤੀ ਪਰਵਾਨ ਹੁੰਦੀ ਹ, ਜਿਹੜੇ ਗੁਰੂ ਦੇ ਸ਼ਬਦ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ, ਜਿਨ੍ਹਾਂ ਨੇ ਆਪਣੇ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਿਆ ਹੋਇਆ ਹੈ।2।
ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥ ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥
ਨਚਿਐ ਟਪਿਐ ਭਗਤਿ ਨ ਹੋਇ ॥ ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥3॥
ਮੂਰਖ ਲੋਕ ਰਾਸਾਂ ਪਾਂਦੇ ਹਨ ਤੇ ਆਪਣੇ-ਆਪ ਨੂੰ ਭਗਤ ਪ੍ਰਗਟ ਕਰਦੇ ਹਨ, ਉਹ ਮੂਰਖ ਰਾਸਾਂ ਪਾਣ ਵੇਲੇ ਨੱਚ ਨੱਚ ਕੇ ਟੱਪਦੇ ਹਨ, ਪਰ ਅੰਤਰ-ਆਤਮੈ ਹਉਮੈ ਦੇ ਕਾਰਨ ਆਤਮਕ ਆਨੰਦ ਦੀ ਥਾਂ ਦੁੱਖ ਹੀ ਦੁੱਖ ਪਾਂਦੇ ਹਨ। ਨੱਚਣ-ਟੱਪਣ ਨਾਲ ਭਗਤੀ ਨਹੀਂ ਹੁੰਦੀ। ਪਰਮਾਤਮਾ ਦੀ ਭਗਤੀ ਉਹੀ ਮਨੁੱਖ ਪ੍ਰਾਪਤ ਕਰ ਸਕਦਾ ਹੈ, ਜਿਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ, ਆਪਾ-ਭਾਵ ਵਲੋਂ, ਹਉਮੈ ਵਲੋਂ ਮਰਦਾ ਹੈ।3।
ਭਗਤਿ ਵਛਲੁ ਭਗਤਿ ਕਰਾਏ ਸੋਇ ॥ ਸਚੀ ਭਗਤਿ ਵਿਚਹੁ ਆਪੁ ਖੋਇ ॥
ਮੇਰਾ ਪ੍ਰਭੁ ਸਾਚਾ ਸਭ ਬਿiਧ ਜਾਣੈ ॥ ਨਾਨਕ ਬਖਸੇ ਨਾਮੁ ਪਛਾਣੈ ॥4॥4॥24॥
ਪਰ ਜੀਵਾਂ ਦੇ ਕੀ ਵੱਸ ? ਭਗਤੀ ਨਾਲ ਪਿਆਰ ਕਰਨ ਵਾਲਾ ਉਹ ਪਰਮਾਤਮਾ, ਸਭ ਜੀਵਾਂ ਦੇ ਢੰਗ ਜਾਣਦਾ ਹੈ, ਕਿ ਇਹ ਭਗਤੀ ਕਰਦੇ ਹਨ ਜਾਂ ਪਖੰਡ। ਹੇ ਨਾਨਕ, ਜਿਸ ਮਨੁੱਖ ਉੱਤੇ ਪ੍ਰਭੂ ਬਖਸ਼ਿਸ਼ ਕਰਦਾ ਹੈ, ਉਹ ਮਨੁੱਖ ਉਸ ਦੇ ਨਾਮ ਨੂੰ ਪਛਾਣਦਾ ਹੈ, ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।4।4।24।
ਚੰਦੀ ਅਮਰ ਜੀਤ ਸਿੰਘ (ਚਲਦਾ)