ਗੁਰਬਾਣੀ ਦੀ ਸਰਲ iਵਆiਖਆ!(ਭਾਗ 462)
ਗਉੜੀ ਗੁਆਰੇਰੀ ਮਹਲਾ 3 ॥
ਮਨੁ ਮਾਰੇ ਧਾਤੁ ਮਰਿ ਜਾਇ ॥ ਬਿਨੁ ਮੂਏ ਕੈਸੇ ਹਰਿ ਪਾਇ ॥
ਮਨੁ ਮਰੈ ਦਾਰੂ ਜਾਣੈ ਕੋਇ ॥ ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥1॥
ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਉਸ ਮਨੁੱਖ ਦੀ ਮਾਇਆ ਵਾਲੀ ਭਟਕਣਾ ਮੁਕ ਜਾਂਦੀ ਹੈ। ਮਨ ਵੱਸ ਵਿਚ ਆਉਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਸੇ ਮਨੁੱਖ ਦਾ ਮਨ ਵੱਸ ਵਿਚ ਆਉਂਦਾ ਹੈ, ਜਿਹੜਾ ਇਸ ਨੂੰ ਵੱਸ ਵਿਚ ਲਿਆਉਣ ਦੀ ਦਵਾਈ ਜਾਣਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹੀ ਸਮਝਦਾ ਹੈ ਕਿ ਮਨ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵੱਸ ਵਿਚ ਆ ਸਕਦਾ ਹੈ।1।
ਜਿਸ ਨੋ ਬਖਸੇ ਦੇ ਵਡਿਆਈ ॥
ਗੁਰ ਪਰਸਾਦਿ ਹਰਿ ਵਸੈ ਮਨਿ ਆਈ ॥1॥ ਰਹਾਉ ॥
ਹੇ ਭਾਈ, ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਇਹ ਵਡਿਆਈ ਦੇਂਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਉਸ ਬੰਦੇ ਦੇ ਮਨ ਵਿਚ ਆ ਵੱਸਦਾ ਹੈ।1।ਰਹਾਉ।
ਗੁਰਮੁਖਿ ਕਰਣੀ ਕਾਰ ਕਮਾਵੈ ॥ ਤਾ ਇਸੁ ਮਨ ਕੀ ਸੋਝੀ ਪਾਵੈ ॥
ਮਨੁ ਮੈ ਮਤੁ ਮੈਗਲ ਮਿਕਦਾਰਾ ॥ ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥2॥
ਜਦੋਂ ਮਨੁੱਖ, ਗੁਰੂ ਦੇ ਸਨਮੁੱਖ ਰਹਣ ਵਾਲੇ ਮਨੁੱਖਾਂ ਵਾਲਾ ਆਚਰਣ ਬਣਾਣ ਦੀ ਕਾਰ ਕਰਦਾ ਹੈ, ਤਦੋਂ ਉਸ ਨੂੰ ਇਸ ਮਨ ਦੇ ਸੁਭਾ ਦੀ ਸਮਝ ਆ ਜਾਂਦੀ ਹੈ, ਤਦੋਂ ਉਹ ਸਮਝ ਲੈਂਦਾ ਹੈ ਕਿ ਮਨ ਹਉਮੈ ਵਿਚ ਮਸਤ ਰਹਿੰਦਾ ਹੈ, ਜਿਵੇਂ ਕੋਈ ਹਾਥੀ ਸ਼ਰਾਬ ਵਿਚ ਮਸਤ ਹੋਵੇ। ਗੁਰੂ ਹੀ ਆਤਮਕ ਮੌਤੇ ਮਰੇ ਹੋਏ ਇਸ ਮਨ ਨੂੰ ਆਪਣੇ ਸ਼ਬਦ ਦਾ ਅੰਕੁਸ਼ ਮਾਰ ਕੇ ਮੁੜ ਆਤਮਕ ਜੀਵਨ ਦੇਣ ਦੇ ਸਮਰੱਥ ਹੈ।2।
ਮਨੁ ਅਸਾਧੁ ਸਾਧੈ ਜਨੁ ਕੋਇ ॥ ਅਚਰੁ ਚਰੈ ਤਾ ਨਿਰਮਲੁ ਹੋਇ ॥
ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥ ਹਉਮੈ ਵਿਚਹੁ ਤਜੇ ਵਿਕਾਰ ॥3॥
ਇਹ ਮਨ ਸੌਖੇ ਤਰੀਕੇ ਨਾਲ ਵੱਸ ਵਿਚ ਨਹੀਂ ਆ ਸਕਦਾ, ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਨੂੰ ਵੱਸ ਵਿਚ ਲਿਆਉਂਦਾ ਹੈ। ਜਦੋਂ ਮਨੁੱਖ ਗੁਰੂ ਦੀ ਮਦਦ ਨਾਲ ਆਪਣੇ ਮਨ ਦੇ ਅਮੋੜ੍ਹ-ਪੁਣੇ ਨੂੰ ਮੁਕਾ ਲੈਂਦਾ ਹੈ, ਤਦੋਂ ਮਨ ਪਵਿੱਤ੍ਰ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਛੱਡ ਦੇਂਦਾ ਹੈ, ਵਿਕਾਰ ਤਿਆਗ ਦੇਂਦਾ ਹੈ।3।
ਜੋ ਧੁਰਿ ਰਾਖਿਅਨੁ ਮੇਲਿ ਮਿਲਾਇ ॥ ਕਦੇ ਨ ਵਿਛੁੜਹਿ ਸਬਦਿ ਸਮਾਇ ॥
ਆਪਣੀ ਕਲਾ ਆਪੇ ਹੀ ਜਾਣੈ ॥ ਨਾਨਕ ਗੁਰਮੁਖਿ ਨਾਮੁ ਪਛਾਣੈ ॥4॥5॥25॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੀ ਧੁਰ ਦਰਗਾਹ ਤੋਂ ਹੀ ਗੁਰੂ ਦੇ ਚਰਨਾਂ ਵਿਚ ਜੋੜ ਕੇ ਵਿਕਾਰਾਂ ਵਲੋਂ ਰੱਖ ਲਿਆ ਹੈ, ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿ ਕੇ ਕਦੇ ਉਸ ਪਰਮਾਤਮਾ ਨਾਲੋਂ ਵਿਛੁੜਦੇ ਨਹੀਂ। ਹੇ ਨਾਨਕ, ਪਰਮਾਤਮਾ ਆਪਣੀ ਇਹ ਗੁੱਝੀ ਤਾਕਤ ਆਪ ਹੀ ਜਾਣਦਾ ਹੈ। ਇਕ ਗੱਲ ਪਰਤੱਖ ਹੈ ਕਿ ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ, ਉਸ ਦੇ ਹੁਕਮ ਨੂੰ ਪਛਾਣ ਲੈਂਦਾ ਹੈ, ਉਸ ਦੀ ਰਜ਼ਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ।4।5।25।
ਚੰਦੀ ਅਮਰ ਜੀਤ ਸਿੰਘ (ਚਲਦਾ)