ਗੁਰਬਾਣੀ ਦੀ ਸਰਲ iਵਆiਖਆ!(ਭਾਗ 465)
ਗਉੜੀ ਗੁਆਰੇਰੀ ਮਹਲਾ 3 ॥
ਤੂੰ ਅਕਥੁ ਕਿਉ ਕਥਿਆ ਜਾਹਿ ॥
ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥
ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥1॥
ਹੇ ਪ੍ਰਭੂ, ਤੂੰ ਕਥਨ ਤੋਂ ਪਰੇ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਮਨੁੱਖ ਦੇ ਪਾਸ ਗੁਰੂ ਦਾ ਸ਼ਬਦ ਰੂਪ ਮਸਾਲਾ ਹੈ, ਉਸ ਨੇ ਆਪਣੇ ਮਨ ਨੂੰ ਮਾਰ ਲਿਆ ਹੈ, ਉਸ ਦੇ ਮਨ ਵਿਚ ਤੂੰ ਆ ਵੱਸਦਾ ਹੈਂ। ਹੇ ਪ੍ਰਭੂ, ਤੇਰੇ ਅਨੇਕਾਂ ਹੀ ਗੁਣ ਹਨ, ਜੀਵ ਤੇਰੇ ਗੁਣਾਂ ਦਾ ਮੁੱਲ ਨਹੀਂ ਪਾ ਸਕਦੇ।1।
ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥
ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥1॥ ਰਹਾਉ ॥
ਇਹ ਸਿਫਤ-ਸਾਲਾਹ ਜਿਸ ਪਰਮਾਤਮਾ ਦੀ ਹੈ, ਉਸ ਪਰਮਾਤਮਾ ਵਿਚ ਹੀ ਲੀਨ ਰਹਿੰਦੀ ਹੈ, ਜਿਵੇਂ ਪਰਮਾਤਮਾ ਬੇ-ਅੰਤ ਹੈ ਤਿਵੇਂ ਸਿਫਤ-ਸਾਲਾਹ ਵੀ ਬੇਅੰਤ ਹੈ, ਤਿਵੇਂ ਪਰਮਾਤਮਾ ਦੇ ਗੁਣ ਵੀ ਬੇ-ਅੰਤ ਹਨ। ਹੇ ਪ੍ਰਭੂ, ਤੇਰੇ ਗੁਣਾਂ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ, ਗੁਰੂ ਦੇ ਸ਼ਬਦ ਨੇ ਇਹੀ ਗੱਲ ਦੱਸੀ ਹੈ।1।ਰਹਾਉ।
ਜਹ ਸਤਿਗੁਰ ਤਹ ਸਤਸੰਗਤਿ ਬਣਾਈ ॥
ਜਹ ਸਤਿਗੁਰ ਸਹਜੇ ਹਰਿ ਗੁਣ ਗਾਈ ॥
ਜਹ ਸਤਿਗੁਰ ਤਹਾ ਹਉਮੈ ਸਬਦਿ ਜਲਾਈ ॥2॥
ਜਿਸ ਹਿਰਦੇ ਵਿਚ ਗੁਰੂ ਵੱਸਦਾ ਹੈ ਓਥੇ ਸਤ-ਸੰਗਤ ਬਣ ਜਾਂਦੀ ਹੈ, ਕਿਉਂਕਿ ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਵੱਸਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾਂਦਾ ਹੈ। ਜਿਸ ਹਿਰਦੇ ਵਿਚ ਗੁਰੂ ਵੱਸਦਾ ਹੈ ਉਸ ਵਿਚੋਂ ਗੁਰੂ ਦੇ ਸ਼ਬਦ ਨੇ ਹਉਮੈ ਸਾੜ ਦਿੱਤੀ ਹੈ।2।
ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥
ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥
ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥3॥
ਗੁਰੂ ਦੇ ਸਨਮੁੱਖ ਰਹਣ ਵਾਲਾ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ, ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ, ਗੁਰੂ ਦੇ ਸਨਮੁੱਖ ਰਹਿ ਕੇ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ। ਗੁਰੂ ਦੇ ਸਨਮੁੱਖ ਰਹਣ ਵਾਲਾ ਮਨੁੱਖ, ਪ੍ਰਭੂ-ਭਗਤੀ ਦੀ ਬਰਕਤ ਨਾਲ ਪ੍ਰਭੂ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ।3।
ਆਪੇ ਦਾਤਿ ਕਰੇ ਦਾਤਾਰੁ ॥
ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥ 4॥8॥28॥
ਦਾਤਾਂ ਦੇਣ ਦੇ ਸਮਰੱਥ ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ ਸਿਫਤ-ਸਾਲਾਹ ਦੀ ਦਾਤ ਦੇਂਦਾ ਹੈ, ਉਸ ਦਾ ਪਿਆਰ ਪੂਰੇ ਗੁਰੂ ਨਾਲ ਬਣ ਜਾਂਦਾ ਹੈ।
ਹੇ ਨਾਨਕ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਨ੍ਹਾਂ ਨੂੰ ਲੋਕ-ਪਰਲੋਕ ਵਿਚ ਵਡਿਆਈ ਮਿਲਦੀ ਹੈ।4।8।28।
ਚੰਦੀ ਅਮਰ ਜੀਤ ਸਿੰਘ (ਚਲਦਾ)