ਗਉੜੀ ਗੁਆਰੇਰੀ ਮਹਲਾ 3 ॥
ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥
ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥
ਸੇ ਜਨ ਜਾਗੇ ਜਿਨ ਨਾਮ ਪਿਆਰਿ ॥ 1॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ, ਮਾਇਆ ਦੇ ਪਿਆਰ ਵਿਚ ਆਤਮਕ ਜੀਵਨ ਵਲੋਂ ਗਾਫਿਲ ਹੋਇਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ ਦੀ ਵਿਚਾਰ ਵਿਚ ਟਿਕ ਕੇ ਮਾਇਆ ਵਲੋਂ ਸੁਚੇਤ ਰਹਿੰਦਾ ਹੈ। ਜਿਹੜੇ ਮਨੁੱਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਹੋ ਜਾਂਦਾ ਹੈ, ਉਹ ਮਨੁੱਖ ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ ।1।
ਸਹਜੇ ਜਾਗੈ ਸਵੈ ਨ ਕੋਇ ॥
ਪੂਰੇ ਗੁਰ ਤੇ ਬੂਝੈ ਜਨੁ ਕੋਇ ॥1॥ ਰਹਾਉ ॥
ਜਿਹੜਾ ਕੋਈ ਵਡਭਾਗੀ ਮਨੁੱਖ ਪੂਰੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਨਹੀਂ ਫਸਦਾ।1।ਰਹਾਉ।
ਅਸੰਤੁ ਅਨਾੜੀ ਕਦੇ ਨ ਬੂਝੈ ॥
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥
ਅੰਧੁ ਅਗਿਆਨੀ ਕਦੇ ਨ ਸੀਝੈ ॥2॥
ਵਿਕਾਰੀ ਮਨੁੱਖ, ਵਿਕਾਰਾਂ ਵਲੋ ਪਾਸੇ ਅੜੀ ਕਰਨ ਵਾਲਾ ਮਨੁੱਖ, ਕਦੇ ਵੀ ਆਤਮਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ, ਉਹ ਗਿਆਨ ਦੀਆਂ ਗੱਲਾਂ ਵੀ ਕਰਦਾ ਰਹਿੰਦਾ ਹੈ, ਤੇ ਮਾਇਆ ਵਿਚ ਖਚਤ ਵੀ ਹੁੰਦਾ ਰਹਿੰਦਾ ਹੈ। ਇਹੋ ਜਿਹਾ ਮਾਇਆ ਦੇ ਮੋਹ ਵਿਚ ਅੰਨ੍ਹਾ ਤੇ ਗਿਆਨ-ਹੀਣ ਮਨੁੱਖ, ਜ਼ਿੰਦਗੀ ਦੀ ਬਾਜ਼ੀ ਵਿਚ ਕਦੇ ਸਫਲ ਨਹੀਂ ਹੁੰਦਾ।2।
ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥
ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥
ਆਪਿ ਤਰੈ ਸਗਲੇ ਕੁਲ ਉਧਾਰਾ ॥3॥
ਇਸ ਮਨੁੱਖਾ ਜਨਮ ਵਿਚ ਆ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੋ ਸਕਦਾ ਹੈ।
ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਵਿਚਾਰਦਾ ਹੈ। ਅਜਿਹਾ ਮਨੁੱਖ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਆਪਣੇ ਸਾਰੇ ਕੁਲਾਂ, ਸਤਸੰਗੀਆਂ ਨੂੰ ਵੀ ਪਾਰ ਲੰਘਾ ਲੈਂਦਾ ਹੈ।3।
ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥
ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥
ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥4॥10॥30॥
ਕੁਕਰਮੀ ਮਨੁੱਖ ਦੇ ਹਿਰਦੇ ਵਿਚ ਮਾਨੋ ਕਲਜੁਗ ਆ ਜਾਂਦਾ ਹੈ, ਇਸ ਕਲਜੁਗ, ਕੁਕਰਮੀ-ਦਸ਼ਾ ਦੇ ਪੰਜੇ ਵਿਚ ਫਸਿਆਂ ਕੋਈ ਕਰਮ-ਧਰਮ ਛੁਡਾ ਨਹੀਂ ਸਕਦਾ। ਹੇ ਨਾਨਕ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਕਲਜੁਗ, ਕੁਕਰਮੀ ਸੁਭਾ ਤੋਂ ਖਲਾਸੀ ਨਹੀਂ ਪਾ ਸਕਦਾ।4।10।30।
ਚੰਦੀ ਅਮਰ ਜੀਤ ਸਿੰਘ (ਚਲਦਾ)