ਗੁਰਬਾਣੀ ਦੀ ਸਰਲ iਵਆiਖਆ!(ਭਾਗ 468)
ਗਉੜੀ ਮਹਲਾ 3 ਗੁਆਰੇਰੀ ॥
ਸਚਾ ਅਮਰੁ ਸਚਾ ਪਾਤਿਸਾਹੁ ॥
ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥
ਸਚੈ ਮਹਲਿ ਸਚਿ ਨਾਮਿ ਸਮਾਹੁ ॥1॥
ਪਰਮਾਤਮਾ ਜਗਤ ਦਾ ਸਦਾ-ਥਿਰ ਰਹਣ ਵਾਲਾ ਪਾਤਸ਼ਾਹ ਹੈ, ਉਸ ਦਾ ਹੁਕਮ ਅਟੱਲ ਹੈ। ਜਿਹੜੇ ਮਨੁੱਖ ਆਪਣੇ ਮਨ ਦੀ ਰਾਹੀਂ, ਉਸ ਸਦਾ-ਥਿਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਉਸ ਬੇ-ਪਰਵਾਹ ਹਰੀ ਦਾ ਰੂਪ ਹੋ ਜਾਂਦੇ ਹਨ,
ਉਹ ਉਸ ਸਦਾ ਕਾਇਮ ਰਹਣ ਵਾਲੇ ਪਰਮਾਤਮਾ ਦੀ ਹਜ਼ੂਰੀ ivਚ ਰਹਿੰਦੇ ਹਨ, ਉਸ ਦੇ ਸਦਾ-ਥਿਰ ਨਾਮ ਵਿਚ ਲੀਨਤਾ ਪ੍ਰਾਪਤ ਕਰ ਲੈਂਦੇ ਹਨ।1।
ਸੁਣਿ ਮਨ ਮੇਰੇ ਸਬਦੁ ਵੀਚਾਰਿ ॥
ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥1॥ ਰਹਾਉ ॥
ਹੇ ਮੇਰੇ ਮਨ, ਗੁਰੂ ਦੀ ਸਿiਖਆ ਸੁਣ, ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਰੱਖ, ਜੇ ਤੂੰ ਪਰਮਾਤਮਾ ਦਾ ਨਾਮ ਸਿਮਰੇਂਗਾ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ।1।ਰਹਾਉ।
ਭਰਮੇ ਆਵੈ ਭਰਮੇ ਜਾਇ ॥
ਇਹੁ ਜਗੁ ਜਨਮਿਆ ਦੂਜੈ ਭਾਇ ॥
ਮਨਮੁਖਿ ਨ ਚੇਤੈ ਆਵੈ ਜਾਇ ॥2॥
ਪਰ ਇਹ ਜਗਤ ਆਪਣੇ ਮਨ ਦੇ ਪਿੱਛੇ ਤੁਰ ਕੇ, ਮਾਇਆ ਦੇ ਮੋਹ ਵਿਚ ਫਸ ਕੇ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਮਾਇਆ ਦੀ ਭਟਕਣਾ ਵਿਚ ਹੀ ਜੰਮਦਾ ਹੈ ਤੇ ਮਾਇਆ ਦੀ ਭਟਕਣਾ ਵਿਚ ਹੀ ਮਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ, ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਜੰਮਦਾ-ਮਰਦਾ ਰਹਿੰਦਾ ਹੈ।2।
ਆਪਿ ਭੁਲਾ ਕਿ ਪ੍ਰਭਿ ਆਪਿ ਭੁਲਾਇਆ ॥
ਇਹੁ ਜੀਉ ਵਿਡਾਣੀ ਚਾਕਰੀ ਲਾਇਆ ॥
ਮਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ ॥3॥
ਇਹ ਜੀਵ ਆਪ ਹੀ ਕੁਰਾਹੇ ਪਿਆ ਹੈ ਜਾਂ ਪਰਮਾਤਮਾ ਨੇ ਆਪ ਇਸ ਨੁੰ ਕੁਰਾਹੇ ਪਾ ਰੱਖਿਆ ਹੈ, ਇਕ ਗੱਲ ਪਰਤੱਖ ਹੈ ਕਿ ਇਹ ਆਪਣਾ ਅਸਲ ਹਿੱਤ ਭੁਲਾਈ ਬੈਠਾ ਹੈ ਤੇ ਮਾਇਆ ਦੇ ਮੋਹ ਵਿਚ ਫਸ ਕੇ, ਇਹ ਜੀਵ ਬਿਗਾਨੀ ਨੌਕਰੀ ਹੀ ਕਰ ਰਿਹਾ ਹੈ, ਜਿਸ ਤੋਂ ਇਹ ਮਹਾਨ ਦੁੱਖ ਹੀ ਖੱਟਦਾ ਹੈ ਤੇ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ।3।
ਕਿਰਪਾ ਕਰਿ ਸਤਿਗੁਰੂ ਮਿਲਾਏ ॥
ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ ॥
ਨਾਨਕ ਨਾਮੁ ਜਪੇ ਨਾਉ ਨਉ ਨਿiਧ ਪਾਏ ॥4॥11॥31॥
ਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਮਾਇਆ ਦਾ ਮੋਹ ਛੱਡ ਕੇ ਕੇਵਲ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ। ਹੇ ਨਾਨਕ, ਉਹ ਮਨੁੱਖ ਹਰਿ-ਨਾਮ-ਖਜਾਨਾ ਪ੍ਰਾਪਤ ਕਰ ਲੈਂਦਾ ਹੈ, ਜੋ ਉਸ ਦੇ ਵਾਸਤੇ ਮਾਨੋ ਜਗਤ ਦੇ ਸਾਰੇ ਨੌਂ ਖਜਾਨੇ ਹੈ।4।11।31।
ਚੰਦੀ ਅਮਰ ਜੀਤ ਸਿੰਘ (ਚਲਦਾ)